ਟਰਾਲੇ ਦਾ ਟਾਇਰ ਫਟਣ ਕਾਰਨ ਵਾਪਰੇ ਹਾਦਸੇ ‘ਚ ਹੋਈ ਸੀ ਮੌਤ
ਸਰਬੱਤ ਦਾ ਭਲਾ ਟਰੱਸਟ ਨੇ ਪੀਡ਼ਤ ਪਰਿਵਾਰ ਨੂੰ ਮਹੀਨਾਵਾਰ ਪੈਨਸ਼ਨ ਦੇਣ ਦਾ ਕੀਤਾ ਐਲਾਨ
ਅੰਮ੍ਰਿਤਸਰ, 9 ਜੂਨ । ਆਪਣੇ ਪਰਿਵਾਰਾਂ ਨੂੰ ਆਰਥਿਕ ਮੰਦਹਾਲੀ ਚੋਂ ਕੱਢਣ ਲਈ ਆਪਣੇ ਘਰ,ਜ਼ਮੀਨਾਂ ਗਹਿਣੇ ਧਰ ਖਾੜੀ ਮੁਲਕਾਂ ‘ਚ ਮਿਹਨਤ ਮਜ਼ਦੂਰੀ ਕਰਨ ਗਏ ਲੋਕਾਂ ਦੀ ਹਰ ਮੁਸ਼ਕਲ ਘੜੀ ‘ਚ ਰਹਿਬਰ ਬਣ ਸੇਵਾ ਰੂਪੀ ਮਦਦ ਕਰਨ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ 27 ਸਾਲਾ ਜੋਬਨਦੀਪ ਸਿੰਘ ਪੁੱਤਰ ਤਜਿੰਦਰ ਸਿੰਘ ਦਾ ਮਿ੍ਤਕ ਸਰੀਰ ਅੱਜ ਆਬੂਧਾਬੀ ਤੋਂ ਬਰਾਸਤਾ ਦਿੱਲੀ, ਉਸ ਦੇ ਜੱਦੀ ਪਿੰਡ ਮੱਤੇਵਾਲ,ਜਿਲ੍ਹਾ ਅੰਮ੍ਰਿਤਸਰ ਵਿਖੇ ਪਹੁੰਚਿਆ, ਜਿੱਥੇ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਜੋਬਨਦੀਪ ਸਿੰਘ ਆਪਣੇ ਪਰਿਵਾਰ ਦੇ ਆਰਥਿਕ ਹਾਲਾਤਾਂ ਨੂੰ ਸੁਧਾਰਨ ਦੀ ਕੋਸ਼ਿਸ਼ ‘ਚ ਕਰੀਬ 3 ਸਾਲ ਪਹਿਲਾਂ ਦੁਬਈ ਮਿਹਨਤ ਮਜ਼ਦੂਰੀ ਕਰਨ ਲਈ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਦੁਬਈ ਦੀ ਇਕ ਕੰਪਨੀ ‘ਚ ਬਤੌਰ ਡਰਾਈਵਰ ਕੰਮ ਕਰਦਾ ਹੋਣ ਕਾਰਨ ਉਹ ਦੁਬਈ ਤੋਂ ਸਾਊਦੀ ਅਰਬ ਟਰਾਲਾ ਲੈ ਕੇ ਗਿਆ ਸੀ ਕਿ ਬੀਤੀ 20 ਮਈ ਦੀ ਰਾਤ ਨੂੰ ਅਚਾਨਕ ਉਸ ਦੇ ਟਰਾਲੇ ਦਾ ਅਗਲਾ ਟਾਇਰ ਫਟਣ ਕਾਰਨ ਹੋਏ ਹਾਦਸੇ ਦੌਰਾਨ ਟਰਾਲਾ ਬਿਲਕੁਲ ਪੁੱਠਾ ਹੋ ਗਿਆ ਸੀ ਅਤੇ ਸਿਰ ‘ਚ ਗੰਭੀਰ ਸੱਟਾਂ ਲੱਗਣ ਕਾਰਨ ਜੋਬਨਦੀਪ ਦੀ ਮੌਤ ਹੋ ਗਈ ਸੀ।
ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਉਨ੍ਹਾਂ ਨਾਲ ਜੋਬਨਦੀਪ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਹਲਕਾ ਮਜੀਠਾ ਤੋਂ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਫੋਨ ‘ਤੇ ਸੰਪਰਕ ਕਰ ਕੇ ਪੀੜਤ ਪਰਿਵਾਰ ਦੀ ਪਤਲੀ ਆਰਥਿਕ ਹਾਲਤ ਦਾ ਹਵਾਲਾ ਦਿੰਦਿਆਂ ਮ੍ਰਿਤਕ ਦੇਹ ਭਾਰਤ ਪਹੁੰਚਾਉਣ ‘ਚ ਸਹਿਯੋਗ ਕਰਨ ਲਈ ਕਿਹਾ ਸੀ। ਡਾ.ਓਬਰਾਏ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਾਊਦੀ ਅਰਬ ਵਿਚਲੇ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਨ ਤੇ ਭਾਰਤੀ ਦੂਤਾਵਾਸ ਨੇ ਜੋਬਨ ਦੇ ਮ੍ਰਿਤਕ ਸਰੀਰ ਨੂੰ ਸਾਊਦੀ ਅਰਬ ਤੋਂ ਬਰਾਸਤਾ ਦੁਬਈ ਅੱਜ ਤੜਕਸਾਰ ਦਿੱਲੀ ਭੇਜ ਦਿੱਤਾ ਸੀ। ਜਿਸ ਉਪਰੰਤ ਦਿੱਲੀ ਏਅਰਪੋਰਟ ‘ਤੇ ਟਰੱਸਟ ਦੀ ਪਾਣੀਪਤ ਇਕਾਈ ਦੇ ਪ੍ਰਧਾਨ ਹਰਵਿੰਦਰ ਸਿੰਘ ਲਾਡੀ ਨੇ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਟਰੱਸਟ ਵੱਲੋਂ ਪਟਿਆਲੇ ਤੋਂ ਦਿੱਲੀ ਭੇਜੀ ਗਈ ਵੱਡੀ ਅੰਤਿਮ ਯਾਤਰਾ ਵੈਨ ਰਾਹੀਂ ਮ੍ਰਿਤਕ ਸਰੀਰ ਨੂੰ ਜੋਬਨ ਦੇ ਜੱਦੀ ਪਿੰਡ ਮੱਤੇਵਾਲ ਵਿਖੇ ਭੇਜ ਦਿੱਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਜੋਬਨਦੀਪ ਦੀ ਮ੍ਰਿਤਕ ਦੇਹ ਭੇਜਣ ‘ਚ ਉਸ ਦੀ ਕੰਪਨੀ ਨੇ ਵੀ ਜਿੱਥੇ ਉਨ੍ਹਾਂ ਨੂੰ ਪੂਰਨ ਸਹਿਯੋਗ ਦਿੱਤਾ ਹੈ ਉੱਥੇ ਭਰੋਸਾ ਵੀ ਦਿੱਤਾ ਹੈ ਕਿ ਉਹ ਉਸ ਦੀ ਇੰਸ਼ੋਰੈਂਸ ਆਦਿ ਦੀ ਰਕਮ ਉਸਦੇ ਮਾਪਿਆਂ ਨੂੰ ਦਵਾਉਣ ਲਈ ਹਰ ਸੰਭਵ ਯਤਨ ਕਰਨਗੇ।
ਪੀਡ਼ਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਟਰੱਸਟ ਦੇ ਸਲਾਹਕਾਰ ਸੁਖਦੀਪ ਸਿੱਧੂ, ਮਾਝਾ ਜ਼ੋਨ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਜਨਰਲ ਸਕੱਤਰ ਮਨਪ੍ਰੀਤ ਸੰਧੂ,ਨਵਜੀਤ ਸਿੰਘ ਘਈ, ਸਿਸ਼ਪਾਲ ਲਾਡੀ ਨੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਵੇਖਣ ਉਪਰੰਤ ਉਨ੍ਹਾਂ ਟਰੱਸਟ ਮੁਖੀ ਡਾ.ਓਬਰਾਏ ਨਾਲ ਸਲਾਹ ਮਸ਼ਵਰਾ ਕਰਕੇ ਟਰੱਸਟ ਵੱਲੋਂ ਪੀੜਤ ਪਰਿਵਾਰ ਨੂੰ ਮਹੀਨਾਵਾਰ ਪੈਨਸ਼ਨ ਦੇਣ ਦਾ ਫੈਸਲਾ ਲਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਡਾ. ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ 235 ਬਦਨਸੀਬ ਲੋਕਾਂ ਦੇ ਮਿ੍ਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।
ਇਸ ਦੌਰਾਨ ਜੋਬਨਦੀਪ ਦੇ ਬਜ਼ੁਰਗ ਮਾਪਿਆਂ,ਭਰਾ ਅਨਮੋਲ ਸਿੰਘ,ਸਿਮਰਨਜੀਤ ਸਿੰਘ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਉਸਦੀ ਮ੍ਰਿਤਕ ਦੇਹ ਲੈ ਕੇ ਆਉਣ ਲਈ ਵੱਡਾ ਸਹਿਯੋਗ ਕਰਨ ‘ਤੇ ਡਾ.ਐੱਸ.ਪੀ.ਸਿੰਘ ਓਬਰਾਏ ਦਾ ਤਹਿ ਦਿਲੋਂ ਸ਼ੁਕਰਾਨਾ ਕਰਦਿਆਂ ਦੱਸਿਆ ਕਿ ਮ੍ਰਿਤਕ ਸਰੀਰ ਭਾਰਤ ਲੈ ਕੇ ਆਉਣਾ ਉਨ੍ਹਾਂ ਦੇ ਵੱਸ ਦੀ ਹੀ ਗੱਲ ਨਹੀਂ ਸੀ। ਉਨ੍ਹਾਂ ਕਿਹਾ ਕਿ ਡਾ.ਓਬਰਾਏ ਦੀ ਬਦੌਲਤ ਹੀ ਉਨ੍ਹਾਂ ਨੂੰ ਜੋਬਨ ਦੇ ਅੰਤਿਮ ਦਰਸ਼ਨ ਨਸੀਬ ਹੋ ਸਕੇ ਹਨ।