ਡਿਪਟੀ ਕਮਿਸਨਰ ਵਲੋਂ ‘ਖਾਲਸਾ ਏਡ’ ਦਾ ਧੰਨਵਾਦ-‘ਕੋਵਿਡ ਕੇਅਰ ਫੰਡ’ ਵਿਚ ਯੋਗਦਾਨ ਪਾਉਣ ਦੀ ਦਾਨੀਆਂ ਸੱਜਣਾਂ ਨੂੰ ਅਪੀਲ
ਗੁਰਦਾਸਪੁਰ, 26 ਮਈ ( ਮੰਨਨ ਸੈਣੀ )। ਕੋਵਿਡ ਮਹਾਂਮਾਰੀ ਦੌਰਾਨ ਲੋੜਵੰਦ ਲੋਕਾਂ ਦੀ ਮਦਦ ਲਈ ਸਮਾਜ ਸੇਵੀ ਸੰਸਥਾਵਾਂ ਵਲੋਂ ਅੱਗੇ ਆਉਣਾ ਸ਼ਲਾਘਾਯੋਗ ਕਦਮ ਹੈ ਅਤੇ ਸੰਕਟ ਦੇ ਇਸ ਦੌਰ ਵਿਚ ਬਿਮਾਰੀ ਵਿਰੁੱਧ ਸਾਰਿਆਂ ਨੂੰ ਮਿਲਕੇ ਸਹਿਯੋਗ ਕਰਨਾ ਚਾਹੀਦਾ ਹੈ। ਇਹ ਪ੍ਰਗਾਵਾ ਡਿਪਟੀ ਕਮਿਸ਼ਨਰ ਨੇ ‘ਖਾਲਸਾ ਏਡ’ ਵਲੋਂ ਜਿਲਾ ਰੈੱਡ ਕਰਾਸ ਸੁਸਾਇਟੀ ਨੂੰ ਭੇਂਟ ਕੀਤੇ 14 ਆਕਸੀਜਨ ਕੰਸਨਟ੍ਰੇਟਰ (OXYGN CONCETRATOR ) ਦੋਰਾਨ ਪ੍ਰਗਟ ਕੀਤੇ। ਇਸ ਮੌਕੇ ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ (ਜ), ਸ੍ਰੀਮਤੀ ਅਮਨਦੀਪ ਕੋਰ ਸਹਾਇਕ ਕਮਿਸ਼ਨਰ (ਜ), ਖਾਲਸਾ ਏਡ ਤੋਂ ਮਨਿੰਦਰ ਸਿੰਘ ਅਤੇ ਰਾਜੀਵ ਕੁਮਾਰ ਸਕੱਤਰ ਜਿਲਾ ਰੈੱਡ ਕਰਾਸ ਸੁਸਾਇਟੀ ਵੀ ਮੋਜੂਦ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ‘ਖਾਲਸਾ ਏਡ ’ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚੱਲ ਰਹੇ ਸੰਕਟ ਦੋਰਾਨ ਕੋਵਿਡ ਪੀੜਤਾਂ ਦੀ ਸਹੂਲਤ ਲਈ 14 ਆਕਸੀਜਨ ਕੰਸਨਟ੍ਰੇਟਰ ਭੇਂਟ ਕੀਤੇ ਗੲ ਹਨ। ਉਨਾਂ ਦੱਸਿਆ ਕਿ ਇਹ 05 ਲੀਟਰ ਦੇ ਆਕਸੀਜਨ ਕੰਸਨਟ੍ਰੇਟਰ ਹਨ, ਜੋ ਘਰਾਂ ਵਿਚ ਪੀੜਤਾਂ ਅਤੇ ਉਨਾਂ ਪੀੜਤਾਂ ਦੇ ਕੰਮ ਆਉਣਗੇ, ਜੋ ਠੀਕ ਹੋ ਕੇ ਘਰ ਚਲੇ ਗਏ ਹਨ ਪਰ ਦੁਬਾਰਾ ਲੋੜ ਪੈਣ ’ਤੇ ਇਨਾਂ ਦ ਵਰਤੋਂ ਕੀਤੀ ਜਾ ਸਕੇਗੀ। ਉਨਾਂ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਨੂੰ ਇਹ ਆਕਸੀਜਨ ਕੰਸਨਟ੍ਰੇਟਰ ਸੌਂਪੇ ਗਏ ਹਨ, ਜੋ ਬੱਚਿਆਂ ਰਾਹੀ ਬਹੁਤ ਹੀ ਮਾਮੂਲੀ ਰੇਟ ’ਤੇ ਪੀੜਤਾਂ ਜਾਂ ਲੋੜਵੰਦ ਲੋਕਾਂ ਨੂੰ ਉਪਲਬੱਧ ਕਰਵਾਏ ਜਾਣਗੇ ਅਤੇ ਉਸ ਤੋ ਮਿਲਣ ਵਾਲੇ ਪੈਸੇ ਨੂੰ ‘ਕੋਵਿਡ ਕੇਅਰ ਫੰਡ’ ਰਾਹੀਂ ਪੀੜਤਾਂ ਦੀ ਸਹਾਇਤਾ ਲਈ ਵਰਤਿਆ ਜਾਵੇਗਾ।
ਇਸ ਮੌਕੇ ਉਨਾਂ ਹੋਰ ਸਮਾਜ ਸੇਵੀ ਸੰਸਥਾਵਾਂ ਤੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਜ਼ਿਲਾ ਰੈੱਡ ਕਰਾਸ ਵਿਖੇ ਕੋਵਿਡ ਪੀੜਤਾਂ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਲਈ ‘ਕੋਵਿਡ ਕੇਅਰ ਫੰਡ’ ਸਥਾਪਤ ਕੀਤਾ ਗਿਆ ਹੈ ਤਾਂ ਜੋ ਮਹਾਂਮਾਰੀ ਦੋਰਾਨ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਸਕੇ ਅਤੇ ਸਮੂਹਿਕ ਸਹਿਯੋਗ ਨਾਲ ਇਸ ਬਿਮਾਰੀ ਤੇ ਫਤਿਹ ਹਾਸਲ ਕੀਤੀ ਜਾ ਸਕੇ।
ਇਸ ਮੌਕੇ ‘ਖਾਲਸਾ ਏਡ’ ਦੀ ਤਰਫੋ ਆਏ ਸ੍ਰੀ ਮਨਿੰਦਰ ਸਿੰਘ ਨੇ ਦੱਸਿਆ ਕਿ ਖਾਲਸਾ ਏਡ ਵਲੋਂ ਹਮੇਸ਼ਾਂ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ ਅਤੇ ਇਸ ਉਦੇਸ਼ ਤਹਿਤ ਜਿਲਾ ਪ੍ਰਸ਼ਾਸਨ ਨੂੰ 14 ਆਕਸੀਜਨ ਕੰਸਨਟ੍ਰੇਟਰ ਭੇਂਟ ਕੀਤੇ ਗਏ ਹਨ ਅਤੇ ‘ਖਾਲਸਾ ਏਡ’ ਲੋੜਵੰਦ ਲੋਕਾਂ ਦੀ ਮਦਦ ਲਈ ਹਮੇਸ਼ਾਂ ਤਤਪਰ ਰਹਿੰਦਾ ਹੈ।