ਚੰਡੀਗੜ੍ਹ, 25 ਮਈ। ਕੋਵਿਡ ਮਹਾਂਮਾਰੀ ਦੇ ਚੱਲਦਿਆਂ ਸੂਬਾ ਵਾਸੀਆਂ ਨੂੰ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਲਈ ਨਿਰੰਤਰ ਸੇਵਾਵਾਂ ਦੇ ਰਹੇ ਮਾਰਕਫੈਡ ਦੇ ਕਰਮਚਾਰੀਆਂ ਨੂੰ ਇਥੇ ਮੁੱਖ ਦਫਤਰ ਵਿਖੇ ਮਾਰਕਫੈਡ ਕਲੱਬ ਵੱਲੋਂ ਸੈਨੇਟਾਈਜ਼ਰ ਅਤੇ ਮਾਸਕ ਵੰਡੇ ਗਏ।
ਮਾਰਕਫੈਡ ਦੇ ਐਮ.ਡੀ. ਸ੍ਰੀ ਵਰੁਣ ਰੂਜ਼ਮ ਨੇ ਸਹਿਕਾਰੀ ਅਦਾਰੇ ਦੇ ਕਰਮੀਆਂ ਵੱਲੋਂ ਲੋਕਾਂ ਦੀ ਸੇਵਾ ਲਈ ਕੀਤੇ ਜਾਂਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਵਿਡ ਦੇ ਔਖੇ ਸਮੇਂ ਵਿੱਚ ਮਾਰਕਫੈਡ ਵੱਲੋਂ ਸੂਬਾ ਵਾਸੀਆਂ ਨੂੰ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਉਣ ਤੋਂ ਇਲਾਵਾ ਹੁਣ ਆਕਸੀਜਨ ਦੀ ਢੋਆ-ਢੁਆਈ ਵਿੱਚ ਮੋਹਰੀ ਹੋ ਕੇ ਕੰਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਕਰਮਚਾਰੀਆਂ ਦੀ ਸੁਰੱਖਿਆ ਵੀ ਬਹੁਤ ਜ਼ਰੂਰੀ ਹੈ ਜਿਸ ਲਈ ਮਾਰਕਫੈਡ ਕਲੱਬ ਦਾ ਇਹ ਬਹੁਤ ਵਧੀਆ ਉਪਰਾਲਾ ਹੈ।
ਮਾਰਕਫੈਡ ਯੂਨੀਅਨ ਦੇ ਪ੍ਰਧਾਨ ਸ੍ਰੀ ਈਸ਼ ਵਡੇਰਾ ਨੇ ਦੱਸਿਆ ਕਿ ਕਰਮਚਾਰੀਆਂ ਵਾਸਤੇ ਇਸ ਕਲੱਬ ਦੀ ਸਥਾਪਨਾ ਸਾਲ 2000 ਵਿੱਚ ਕੀਤੀ ਗਈ ਸੀ। ਇਹ ਕਲੱਬ ਸਿੱਖਿਆ, ਸਮਾਜਿਕ ਅਤੇ ਸਭਿਆਚਾਰਕ ਕੰਮ ਅਤੇ ਭਲਾਈ ਦੇ ਕੰਮਾਂ ਵਿੱਚ ਵੱਧ-ਚੜ੍ਹ ਕੇ ਕੰਮ ਕਰਦਾ ਹੈ।
ਇਸ ਮੌਕੇ ਕਲੱਬ ਦੇ ਜਨਰਲ ਸਕੱਤਰ ਸ੍ਰੀ ਵਿਰੇਂਦਰ ਪਾਲ ਸਿੰਘ ਤੇ ਵਿੱਤ ਸਕੱਤਰ ਸ੍ਰੀ ਐਸ.ਕੇ.ਬੱਸੀ ਵੱਲੋਂ ਸੰਦੇਸ਼ ਵੀ ਜਾਰੀ ਕੀਤਾ ਗਿਆ ਕਿ ਕਰੋਨਾ ਤੋਂ ਬਚਣ ਲਈ ਸਮਾਜਿਕ ਦੂਰੀ, ਮਾਸਕ ਦਾ ਉਪਯੋਗ ਅਤੇ ਸਰਕਾਰੀ ਹਦਾਇਤਾਂ ਮੁਤਾਬਕ ਟੀਕਾਕਰਨ ਕਰਵਾਉਣ ਲਈ ਸਾਰੇ ਮਾਰਕਫੈਡ ਦੇ ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਉਤਸ਼ਾਹਿਤ ਕੀਤਾ ਜਾਵੇ।
ਇਸ ਮੌਕੇ ਮਾਰਕਫੈਡ ਦੇ ਚੀਫ ਮੈਨੇਜਰ ਐਚ.ਐਸ.ਬੈਂਸ, ਮੁੱਖ ਲੇਖਾ ਅਫਸਰ ਸ੍ਰੀ ਪੰਕਜ ਕਾਂਸਲ ਅਤੇ ਮੈਨੇਜਰ ਸ੍ਰੀ ਸੰਤ ਸ਼ਰਨ ਸਿੰਘ ਹਾਜ਼ਰ ਸਨ।