ਬੱਚਿਆਂ ਲਈ ਰੱਬ ਬਣ ਕੇ ਬੋਹੜੇ ਡਾ. ਓਬਰਾਏ ਦਾ ਪੀੜਤ ਪਰਿਵਾਰਾਂ ਨੇ ਕੀਤਾ ਧੰਨਵਾਦ
ਬਟਾਲਾ/ਗੁਰਦਾਸਪੁਰ, 24 ਮਈ ( ਮੰਨਨ ਸੈਣੀ)। ਕੌਮਾਂਤਰੀ ਪੱਧਰ ਤੇ ਸਮਾਜ ਸੇਵਾ ਦੇ ਖੇਤਰ ‘ਚ ਨਿੱਤ ਨਵੇਂ ਮੀਲ੍ਹ-ਪੱਥਰ ਗੱਡ ਰਹੇ ਦੁਬਈ ਦੇ ਪ੍ਰਸਿੱਧ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐਸ.ਪੀ. ਸਿੰਘ ਓਬਰਾਏ ਨੇ ਇੱਕ ਵਾਰ ਮੁੜ ਲੋੜਵੰਦਾਂ ਦਾ ਮਸੀਹਾ ਬਣਦਿਆਂ, ਲਾਲਚੀ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋਏ 2 ਬੇਵੱਸ ਨੌਜਵਾਨ ਲੜਕਿਆਂ ਨੂੰ ਆਪਣੀ ਜੇਬ੍ਹ ‘ਚੋਂ ਪੈਸੇ ਖ਼ਰਚ ਕੇ ਦੁਬਈ ਤੋਂ ਸੁਰੱਖਿਅਤ ਵਾਪਿਸ ਵਤਨ ਪੁੱਜਦਾ ਕੀਤਾ ਹੈ।
ਇਨ੍ਹਾਂ ਨੌਜਵਾਨਾਂ ਸਬੰਧੀ ਜਾਣਕਾਰੀ ਦਿੰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ.ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਜਿਲ੍ਹਾ ਗੁਰਦਾਸਪੁਰ ਦੇ ਸ਼੍ਰੀ ਹਰਗੋਬਿੰਦਪੁਰ ਦਾ ਨੌਜਵਾਨ ਵਿਪਨ ਕੁਮਾਰ ਪੁੱਤਰ ਹੰਸ ਰਾਜ ਆਪਣੇ ਪਰਿਵਾਰ ਦੇ ਸੁਨਿਹਰੀ ਭਵਿੱਖ ਅਤੇ ਆਰਥਿਕ ਤੰਗੀਆਂ ਨੂੰ ਦੂਰ ਕਰਨ ਦੇ ਮਕਸਦ ਨਾਲ ਇੱਕ ਏਜੰਟ ਨੂੰ 80 ਹਜ਼ਾਰ ਰੁਪਏ ਦੇ ਕੇ 28 ਜਨਵਰੀ ਨੂੰ ਦੁਬਈ ਵਿਖੇ ਸਟੀਲ ਫੀਕਸਰ ਦਾ ਕੰਮ ਕਰਨ ਲਈ ਗਿਆ ਸੀ। ਡਾ. ਓਬਰਾਏ ਨੇ ਦੱਸਿਆਂ ਕਿ ਇਸੇ ਤਰਾਂ ਆਪਣੇ ਪਰਿਵਾਰ ਦੀ ਖੁਸ਼ਹਾਲੀ ਲਈ ਲੁਧਿਆਣਾ ਜਿਲ੍ਹੇ ਦਾ 23 ਸਾਲਾਂ ਨੌਜਵਾਨ ਮਨਜੀਤ ਕੁਮਾਰ ਪੁੱਤਰ ਕਰਮ ਚੰਦ ਏਜੰਟ ਨੂੰ 80 ਹਜ਼ਾਰ ਰੁਪਏ ਕੇ 26 ਫਰਵਰੀ ਨੂੰ ਦੁਬਈ ਵਿਖੇ ਪੈਕਿੰਗ ਦਾ ਕੰਮ ਕਰਨ ਲਈ ਗਿਆ ਸੀ। ਉਨਾਂ ਦੱਸਿਆਂ ਕਿ ਲਾਲਚੀ ਅਤੇ ਧੋਖੇਬਾਜ਼ ਏਜੰਟਾਂ ਦੇ ਸ਼ਿਕਾਰ ਹੋਏ ਇਨ੍ਹਾਂ ਨੌਜਵਾਨਾਂ ਨੂੰ ਨਾ ਤਾਂ ਦੱਸੀ ਗਈ ਕੰਪਨੀ ਦੇ ਵਿੱਚ ਕੰਮ ਦਿੱਤਾ ਗਿਆ ਅਤੇ ਨਾ ਹੀ ਇਨ੍ਹਾਂ ਦੀ ਸਾਰ ਲਈ ਗਈ। ਡਾ. ਓਬਰਾਏ ਨੇ ਦੱਸਿਆਂ ਕਿ ਜਿਲ੍ਹਾ ਗੁਰਦਾਸਪੁਰ ਦੇ ਨੌਜਵਾਨ ਵਿਪਨ ਕੁਮਾਰ ਨੇ ਚਿੱਠੀ ਲਿਖ ਕੇ ਆਪਣੀ ਤਰਸਯੋਗ ਬਣੀ ਹਾਲਤ ਬਾਰੇ ਦੱਸਿਆਂ, ਜਦਕਿ ਨੌਜਵਾਨ ਮਨਜੀਤ ਕੁਮਾਰ ਨੇ ਜਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰੰਦਰ ਸ਼ਰਮਾ ਨੂੰ ਮੈਸਜ਼ ਭੇਜ ਕੇ ਮਦਦ ਦੀ ਗੁਹਾਰ ਲਗਾਈ ਸੀ। ਉਨਾਂ ਦੱਸਿਆਂ ਕਿ ਡੀ. ਸੀ. ਵਰਿੰਦਰ ਸ਼ਰਮਾ ਦੇ ਕਹਿਣ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਵਲੋ ਜਿੱਥੇ ਨੌਜਵਾਨ ਮਨਜੀਤ ਕੁਮਾਰ ਅਤੇ ਵਿਪਨ ਕੁਮਾਰ ਨੂੰ ਭਾਰਤੀ ਦੂਤਾਵਾਸ ਦੇ ਵਿਸ਼ੇਸ਼ ਸਹਿਯੋਗ ਸਦਕਾ ਦੁਬਈ ਤੋ ਸੁਰੱਖਿਅਤ ਵਤਨ ਵਾਪਿਸ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਦੇ ਓਵਰ ਸੇਟਅ ਦੇ ਜੁਰਮਾਨੇ ਦਾ ਭੁਗਾਤਨ ,ਆਉਟ ਪਾਸ ਜਾਰੀ ਕਰਵਾਉਣ, ਕਰੋਨਾ ਟੈਸਟ ਕਰਵਾਉਣ,ਇੰਮੀਗਰੇਸ਼ਨ ਦੀ ਸਾਰੀ ਕਾਰਵਾਈ ਅਤੇ ਵਾਪਸੀ ਦੀਆਂ ਹਵਾਈ ਟਿਕਟਾਂ ਦਾ ਵੀ ਸਾਰਾ ਖਰਚ ਟਰੱਸਟ ਵੱਲੋਂ ਕੀਤਾ ਗਿਆ ਹੈ।
ਡਾ. ਓਬਰਾਏ ਨੇ ਕਿਹਾ ਕਿ ਆਰਥਿਕ ਮਜਬੂਰੀਆਂ ਕਾਰਨ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਬਹੁਤ ਸਾਰੇ ਮਾਪੇ ਲਾਲਚੀ ਏਜੰਟਾਂ ਦੇ ਚੁੰਗਲ ‘ਚ ਫ਼ਸ ਕੇ ਆਪਣੀਆਂ ਮਾਸੂਮ ਧੀਆਂ ਅਤੇ ਪੁੱਤਰਾਂ ਨੂੰ ਅਰਬ ਦੇਸ਼ਾਂ ਵਿਚ ਨੌਕਰੀ ਲਈ ਭੇਜ ਦਿੰਦੇ ਹਨ, ਪਰ ਬਦਕਿਸਮਤੀ ਨਾਲ ਉੱਥੇ ਜਾ ਕੇ ਉਕਤ ਲਾਲਚੀ ਏਜੰਟਾਂ ਵੱਲੋਂ ਜਿੱਥੇ ਨੌਜਵਾਨ ਲੜਕਿਆਂ ਨੂੰ ਜਾਅਲੀ ਜਾਂ ਡਿਫ਼ਾਲਟਰ ਕੰਪਨੀਆਂ ਵਿੱਚ ਫ਼ਸਾ ਦਿੱਤਾ ਜਾਂਦਾ ਹੈ, ਉੱਥੇ ਨਾਲ ਹੀ ਜ਼ਿਆਦਾਤਰ ਲੜਕੀਆਂ ਨੂੰ ਜ਼ਿਮੀਂਦਾਰਾਂ ਜਾਂ ਹੋਰ ਕਾਰੋਬਾਰੀਆਂ ਕੋਲ ਵੇਚ ਦਿੱਤਾ ਜਾਂਦਾ ਹੈ, ਜੋ ਆਪਣੇ ਕੋਲੋਂ ਪੈਸਾ ਖਰਚ ਕਰ ਕੇ ਇਨ੍ਹਾਂ ਲੜਕੀਆਂ ਨੂੰ ਲੀਗਲ ਕਰਾਉਣ ਉਪਰੰਤ ਲੋੜ ਤੋਂ ਵਧੇਰੇ ਕੰਮ ਲੈਂਦੇ ਹਨ। ਜਿਸ ਕਾਰਨ ਬਹੁਤ ਸਾਰੀਆਂ ਲੜਕੀਆਂ ਦੀ ਸਿਹਤ ਵੀ ਖ਼ਰਾਬ ਹੋ ਜਾਂਦੀ ਹੈ ਪਰ, ਬੇਵੱਸ ਲੜਕੀਆਂ ਦਾ ਉੱਥੋਂ ਨਿਕਲਣਾ ਬਹੁਤ ਔਖਾ ਹੋ ਜਾਂਦਾ ਹੈ। ਡਾ. ਓਬਰਾਏ ਨੇ ਦੱਸਿਆਂ ਕਿ ਉਹ ਹੁਣ ਤੱਕ 30 ਦੇ ਕਰੀਬ ਲੜਕੀਆਂ ਅਤੇ ਕੋਰੋਨਾ ਕਾਲ ਸਮੇਤ ਵੱਖ-ਵੱਖ ਸਮਿਆਂ ਦੌਰਾਨ ਅਰਬ ਦੇਸ਼ਾਂ ’ਚ ਫਸੇ 500 ਤੋਂ ਵਧੇਰੇ ਨੌਜਵਾਨ ਲੜਕਿਆਂ ਨੂੰ ਵਾਪਸ ਭਾਰਤ ਲਿਆ ਚੁੱਕੇ ਹਨ ਅਤੇ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੈ ਕਿ ਬਾਕੀ ਰਹਿੰਦੇ ਬੱਚਿਆਂ ਨੂੰ ਵੀ ਜਲਦ ਵਾਪਸ ਵਤਨ ਲਿਆਂਦਾ ਜਾਵੇ। ਡਾ. ਓਬਰਾਏ ਨੇ ਇੱਕ ਵਾਰ ਮੁੜ ਜਿੱਥੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਚੰਗੀ ਤਰ੍ਹਾਂ ਘੋਖ ਕਰਨ ਉਪਰੰਤ ਹੀ ਆਪਣੇ ਬੱਚੇ ਵਿਦੇਸ਼ ਭੇਜਣ, ਉੱਥੇ ਨਾਲ ਹੀ ਉਨ੍ਹਾਂ ਸਰਕਾਰਾਂ ਨੂੰ ਵੀ ਕਿਹਾ ਹੈ ਕਿ ਉਹ ਧੋਖੇਬਾਜ਼ ਏਜੰਟਾਂ ਨੂੰ ਨੱਥ ਪਾਉਣ, ਤਾਂ ਜੋ ਮਾਸੂਮ ਬੱਚੇ ਮੌਤ ਦੇ ਮੂੰਹ ਪੈਣ ਤੋਂ ਬੱਚ ਸਕਣ। ਉਨ੍ਹਾਂ ਸਲਾਹ ਦਿੱਤੀ ਹੈ ਕਿ ਜੇਕਰ ਕੋਈ ਨੌਜਵਾਨ ਦੁਬਈ ਵਿਖੇ ਕੰਮ ਲਈ ਜਾ ਰਿਹਾ ਹੈ ਤਾਂ, ਉਹ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਹਰ ਜ਼ਿਲ੍ਹੇ ‘ਚ ਮੌਜੂਦ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਇਸ ਦੌਰਾਨ ਨੌਜਵਾਨ ਵਿਪਨ ਕੁਮਾਰ ਅਤੇ ਮਨਜੀਤ ਕੁਮਾਰ ਦੇ ਪਰਿਵਰਿਕ ਮੈਬਰਾਂ ਨੇ ਉਨ੍ਹਾਂ ਲਈ ਰੱਬ ਬਣ ਕੇ ਬੋਹੜੇ ਡਾ. ਐਸ. ਪੀ. ਸਿੰਘ ਓਬਰਾਏ ਦਾ ਧੰਨਵਾਦ ਕੀਤਾ।