‘ਬਹੁਪੱਖੀ ਸਖਸ਼ੀਅਤ ਨੂੰ ਨਿਖਾਰਨ ਵਿਚ ਪੜ੍ਹਾਈ ਦੇ ਨਾਲ ਖੇਡਾਂ, ਸਾਹਿਤ ਤੇ ਕਲਾ ਦਾ ਮਹੱਤਵਪੂਰਨ ਰੋਲ-ਚੇਅਰਮੈਨ ਡਾ. ਨਿੱਜਰ
ਗੁਰਦਾਸਪੁਰ, 18 ਅਪ੍ਰੈਲ ( ਮੰਨਨ ਸੈਣੀ ) ।ਬਹੁਪੱਖੀ ਸਖਸ਼ੀਅਤ ਨੂੰ ਨਿਖਾਰਨ ਵਿਚ ਪੜ੍ਹਾਈ ਦੇ ਨਾਲ-ਨਾਲ ਦੂਸਰੀ ਗਤੀਵਿਧੀਆ ਜਿਵੇਂ ਖੇਡਾਂ, ਕਲਾ ਤੇ ਸਾਹਿਤ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਇਹ ਪ੍ਰਗਟਾਵਾ ਡਾ. ਸਤਨਾਮ ਸਿੰਘ ਨਿੱਜਰ, ਚੇਅਰਮੈਨ ਜ਼ਿਲਾ ਪਲਾਨਿੰਗ ਕਮੇਟੀ ਗੁਰਦਾਸਪੁਰ ਨੇ ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦੇ 37ਵੇਂਂ ਐਡੀਸ਼ਨ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਸਮੇਂ ਦੌਰਾਨ ਕੀਤਾ। ਇਸ ਮੌਕੇ ਅਚੀਵਰਜ਼ ਪ੍ਰੋਗਰਾਮ ਦੇ ਸੰਸਥਾਪਕ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਤੋਂ ਇਲਾਵਾ ਸੁਰਜੀਤਪਾਲ ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ ਅਤੇ ਪ੍ਰਾਇਮਰੀ), ਹਰਜਿੰਦਰ ਸਿੰਘ ਕਲਸੀ ਜ਼ਿਲਾ ਲੋਕ ਸੰਪਰਕ ਅਫਸਰ ਗੁਰਦਾਸਪੁਰ, ਰਾਜੀਵ ਕੁਮਾਰ ਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲ, ਜ਼ਿਲ੍ਹਾ ਵਾਸੀ, ਅਧਿਆਪਕ ਵਿਦਿਆਰਥੀਆਂ ਅਤੇ ਮੀਡੀਆ ਸਾਥੀ ਵਲੋਂ ਵੀਡੀਓ ਕਾਨਫਰੰਸ ਜਰੀਏ ਸ਼ਮੂਲੀਅਤ ਕੀਤੀ ਗਈ। ਇਹ ਪ੍ਰੋਗਰਾਮ ਡਿਪਟੀ ਕਮਿਸ਼ਨਰ ਫੇਸਬੁੱਕ ਉੱਪਰ ਲਾਈਵ ਕੀਤਾ ਗਿਆ।
ਵੀਡੀਓ ਕਾਨਫਰੰਸ ਜ਼ਰੀਏ ਅਚੀਵਰਜ਼ ਪ੍ਰੋਗਰਾਮ ਵਿਚ ਸ਼ਮੂਲੀਅਤ ਦੌਰਾਨ ਚੇਅਰਮੈਨ ਡਾ. ਨਿੱਜਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵਲੋਂ ਸ਼ੁਰੂ ਕੀਤਾ ਗਿਅ ਅਚੀਵਰਜ ਪ੍ਰੋਗਰਾਮ ਜਿਲਾ ਗੁਰਦਾਸਪੁਰ ਵਾਸੀਆਂ ਲਈ ਨਾਯਾਬ ਤੋਹਫਾ ਹੈ ਅਤੇ ਨੋਜਵਾਨ ਪੀੜ੍ਹੀ ਲਈ ਮਾਰਗਦਰਸ਼ਨ ਬਣਿਆ ਹੈ। ਉਨਾਂ ਅੱਗੇ ਕਿਹਾ ਕਿ ਜ਼ਿੰਦਗੀ ਵਿਚ ਜਿਥੇ ਪੜ੍ਹਾਈ ਦਾ ਅਹਿਮ ਸਥਾਨ ਹੈ, ਉਸਦੇ ਨਾਲ ਖੇਡਾਂ, ਕਲਾ ਤੇ ਸਾਹਿਤ ਦਾ ਵੀ ਵੱਡਾ ਰੋਲ ਹੁੰਦਾ ਹੈ। ਉਨਾਂ ਅੱਗੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਦੂਸਰੀਆਂ ਗਤੀਵਿਧੀਆਂ ਵਿਚ ਵੀ ਧਿਆਨ ਦੇਣਾ ਚਾਹੀਦਾ ਹੈ ਅਤੇ ਸਫਲ ਜ਼ਿੰਦਗੀ ਲਈ ਬਹੁਪੱਖੀ ਸਖਸ਼ੀਅਤ ਦਾ ਹੋਣਾ ਬਹੁਤ ਜਰੂਰੀ ਹੈ। ਉਨਾਂ ਅੱਗੇ ਕਿਹਾ ਕਿ ਡਿਪਟੀ ਕਮਿਸ਼ਨਰ ਵਲੋਂ ਜਿਥੇ ਸਰਕਾਰ ਦੀ ਭਲਾਈ ਸਕੀਮਾਂ ਦਾ ਲਾਭ ਹੇਠਲੇ ਪੱਧਰ ਤਕ ਪੁਜਦਾ ਕੀਤਾ ਜਾ ਰਿਹਾ ਹੈ, ਜਿਲੇ ਅੰਦਰ ਸਰਬਪੱਖੀ ਵਿਕਾਸ ਕਾਰਜ ਤੇਜਗਤੀ ਨਾਲ ਚੱਲ ਰਹੇ ਹਨ, ਉਸਦੇ ਨਾਲ ਕੋਰੋਨਾ ਮਹਾਂਮਾਰੀ ਵਿਰੁੱਧ ਨਜਿੱਠਣ ਲਈ ਸਾਰਥਕ ਯਤਨ ਕੀਤੇ ਗਏ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਚੇਅਰਮੈਨ ਡਾ. ਨਿੱਜਰ ਅਤੇ ਅਚੀਵਰਜ਼ ਨੂੰ ਜੀ ਆਇਆ ਆਖਦਿਆਂ ਦੱਸਿਆ ਕਿ ਅਚੀਵਰਜ਼ ਪ੍ਰੋਗਰਾਮ ਬੱਚਿਆਂ ਨੂੰ ਜ਼ਿੰਦਗੀ ਵਿਚ ਅੱਗੇ ਵੱਧਣ ਲਈ ਪ੍ਰੇਰਿਤ ਕਰਨ ਵਿਚ ਸਫਲ ਹੋਇਆ ਹੈ ਤੇ ਅਚੀਵਰਜ਼ ਪਰੋਗਰਾਮ ਆਪਣੇ 37 ਐਡੀਸ਼ਨ ਸਫਲਤਾਪੂਰਵਕ ਮੁਕੰਮਲ ਕਰ ਚੁੱਕਾ ਹੈ। ਉਨਾਂ ਅੱਗੇ ਕਿਹਾ ਕਿ ਜਿਲੇ ਗੁਰਦਾਸਪੁਰ ਦੇ ਵਾਸੀਆਂ ਨੇ ਹਰ ਖੇਤਰ ਵਿਚ ਵੱਡੇ ਮੁਕਾਮ ਹਾਸਲ ਕੀਤੇ ਹਨ, ਜੋ ਜਿਲੇ ਲਈ ਫਖ਼ਰ ਵਾਲੀ ਗੱਲ ਹੈ। ਉਨਾਂ ਦੱਸਿਆ ਜ਼ਿਲ੍ਹਾ ਪ੍ਰਬਧਦਕੀ ਕੰਪਲੈਕਸ ਵਿਖੇ ‘ਵਾਲ ਆਫ ਫੇਮ’ ਐਲ.ਈ.ਡੀ ਸਕਰੀਨ ਲਗਾਈ ਗਈ ਹੈ, ਜਿਸ ਵਿਤ ਅਚਵੀਰਜ਼ ਦੀ ਸਫਲ ਸਟੋਰੀ ਚਲਾਈ ਜਾਂਦੀ ਹੈ ਅਤੇ ਦਫਤਰ ਵਿਚ ਆਉਣ ਵਾਲੇ ਲੋਕਾਂ ਲਈ ਇਹ ਵਾਲ ਖਾਸ ਪਸੰਦੀਦਾ ਬਣ ਗਈ ਹੈ। ਉਨਾਂ ਅੱਗੇ ਕਿਹਾ ਕਿ ਜ਼ਿਲੇ ਦੇ ਹੁਸ਼ਿਆਰ ਅਤੇ ਕਾਬਲ ਵਿਦਿਆਰਥੀ ਜੋ ਪੜ੍ਹਾਈ, ਖੇਡਾਂ ਜਾਂ ਹੋਰ ਕਿਸੇ ਮੁਕਾਮ ਵਿਚ ਅੱਗੇ ਵੱਧਣਾ ਚਾਹੁੰਦੇ ਹਨ, ਉਨਾਂ ਦੀ ਵਿੱਤੀ ਮਦਦ ਕਰਨ ਲਈ ‘ਗੁਰਦਾਸਪੁਰ ਅਚਵੀਰਜ਼ ਪ੍ਰੋਮੇਸ਼ਨ ਸੁਸਾਇਟੀ ਦਾ ਗਠਨ ਕੀਤਾ ਗਿਆ ਹੈ ਅਤੇ ਅਚੀਵਰਜ਼ ਲਈ ‘ਵਾਲ ਫੇਮ’ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖ ਲਗਾਈ ਗਈ ਹੈ।
ਇਸ ਮੌਕੇ ਪਹਿਲੇ ਅਚੀਵਰਜ਼ ਸ੍ਰੀ ਰਵੀ ਸਾਰੰਗਲ (ਆਈ.ਆਰ.ਐਸ) ਜੋ ਬਟਾਲਾ ਸ਼ਹਿਰ ਦੇ ਵਸਨੀਕ ਹਨ ਨੇ ਦੱਸਿਆ ਕਿ ਮੁੱਢਲੀ ਸਿੱਖਿਆ ਬਟਾਲਾ ਦੇ ਸਕੂਲ ਤੋਂ ਪਾਸ ਕਰਨ ਉਪਰੰਤ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਤੋਂ ਗਰੈਜੂਏਸ਼ਨ ਪਾਸ ਕੀਤੀ। 1984 ਵਿਚ ਐਮ.ਏ ਇੰਗਲਿਸ਼ ਵਿਚ ਦਾਖਲਾ ਲਿਆ ਪਰ ਇਸੇ ਦੌਰਾਨ ਪੰਜਾਬ ਸਟੇਟ ਬਿਜਲੀ ਵਿਭਾਗ ਵਿਚ ਕਲਰਕ ਦੀ ਨੋਕਰੀ ਜੁਆਇੰਨ ਕਰ ਲਈ। ਉਪਰੰਤ 1987 ਵਿਚ ਦਿੱਲੀ ਵਿਖੇ ਮਨਿਸਟਰੀ ਆਫ ਇੰਨਫਰਮੇਸ਼ਨ ਐਂਡ ਬਰਾਡਕਾਸਟਿੰਗ ਵਿਭਾਗ ਵਿਚ ਸਬ ਐਡੀਟਰ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ। ਸਾਲ 1988 ਵਿਚ ਸਿਵਲ ਸਰਵਿਸ ਦਾ ਇਮਤਿਹਾਨ ਦਿੱਤਾ ਤੇ ਇੰਡੀਅਨ ਰੈਵਨਿਊ ਸਰਵਿਸ ਵਿਚ ਸਿਲੈਕਸ਼ਨ ਹੋਈ। ਟਰੇਨਿਗ ਉਪੰਰਤ ਸਾਲ 1990 ਜੰਮੂ ਵਿਖੇ ਅਸਿਸਟੈਂਟ ਕਮਿਸ਼ਨਰ ਆਫ ਇੰਨਕਮ ਟੈਕਸ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ। ਬਦਲੀ ਹੋਣ ਤੇ ਮੁੰਬਈ ਵਿਖੇ ਸੇਵਾਵਾਂ ਨਿਭਾਈਆਂ। ਸਾਲ 2005 ਵਿਚ ਬਠਿੰਡਾ ਵਿਖੇ ਅਤੇ ਸਾਲ 2006 ਤੋਂ 2009 ਤਕ ਅੰਮਿ੍ਰਤਸਰ ਵਿਖੇ ਐਡੀਸ਼ਨਲ ਕਮਿਸ਼ਨਰ ਇਨਕਮ ਟੈਕਸ ਵਲੋਂ ਸੇਵਾਵਾਂ ਨਿਭਾਈਆਂ। ਸਾਲ 2009 ਵਿਚ ਜੰਮੂ ਵਿਖੇ ਬਦਲੀ ਹੋਣ ਤੇ ਕਮਿਸ਼ਨਰ ਇੰਨਕਮ ਟੈਕਸ ਵਜੋਂ ਸੇਵਾਵਾਂ ਨਿਭਾਈਆਂ ਅਤੇ ਹੁਣ ਕੇਰਲਾ ਵਿਖੇ ਪਿ੍ਰੰਸੀਪਲ ਕਮਿਸ਼ਨਰ ਇੰਨਕਮ ਟੈਕਸ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨਾਂ ਅੱਗੇ ਦੱਸਿਆ ਕਿ ਇਹ ਸਕੂਲ ਸਮੇਂ ਤੋਂ ਹੀ ਪੇਟਿੰਗ ਅਤੇ ਕਵਿਤਾ ਲਿਖਣ ਵਿਚ ਵੀ ਖਾਸ ਦਿਸਚਸਪੀ ਰੱਖਦੇ ਹਨ। ਉਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਆਪਣੇ ਆਪ ਤੇ ਵਿਸ਼ਵਾਸ ਰੱਖੋ। ਪੂਰੀ ਲਗਨ ਤੇ ਮਿਹਨਤ ਨਾਲ ਕੰਮ ਕਰੋ। ਮਿਹਨਤ ਦਾ ਕੋਈ ਬਦਲ ਨਹੀਂ ਹੈ। ਹਾਰ ਤੋਂ ਡਰਨਾ ਨਹੀਂ ਚਾਹੀਦਾ ਹੈ ਸਗੋਂ ਉਸਤੋ ਸਿੱਖ ਕੇ ਅੱਗੇ ਵਧੋ। ਆਪਣੇ ਸੁਪਨੇ ਵੱਡੇ ਬੁਣੋ ਤੇ ਉਸਦੀ ਪ੍ਰਾਪਤ ਲਈ ਪੂਰੀ ਇੱਛਾ ਸ਼ਕਤੀ ਤੇ ਦ੍ਰਿੜਤਾ ਨਾਲ ਅੱਗੇ ਵਧੋ। ਉਨਾਂ ਅੱਗੇ ਕਿਹਾ ਕਿ ਵਿਦਿਆਰਥੀ ਦੀ ਜਿੰਦਗੀ ਵਿਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ। ਅਧਿਆਪਕ ਦੇ ਸੰਪਰਕ ਵਿਚ ਰਹੋ ਅਤੇ ਸਵਾਲ ਪੁੱਛਣ ਦੀ ਆਦਤ ਪਾਓ। ਉਨਾਂ ਅੱਗੇ ਕਿਹਾ ਕਿ ਜਿਸ ਵਿਸ਼ੇ ਵਿਚ ਰੁਚੀ ਹੋਵੇ, ਉਸ ਅਨੁਸਾਰ ਹੀ ਆਪਣਾ ਫੀਲਡ ਚੁਣੋ। ਉਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਲਾਈਫ ਵਿਚ ਅੱਗੇ ਵੱਧਣ ਲਈ ਉਤਸ਼ਾਹਤ ਕਰਦੇ ਰਹਿਣ। ਉਨਾਂ ਡਿਪਟੀ ਕਮਿਸਨਰ ਵਲੋਂ ਸ਼ੁਰ ੂਕੀਤੇ ਗਏ ਅਚੀਵਰਜ ਪ੍ਰੋਗਰਾਮ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਹੀ ਹੀ ਆਪਣੇ ਜਿਲੇ ਦੇ ਲੋਕਾਂ ਨਾਲ ਮਿਲਣ ਦਾ ਸੁਭਾਗ ਮਿਲਿਆ ਹੈ।
ਦੂਸਰੇ ਅਚੀਵਰਜ ਰਮਨਦੀਪ ਕੋਰ (ਐਮ.ਬੀ.ਬੀ.ਐਸ), ਜੋ ਪਿੰਡ ਗੁਨੋਪੁਰ, ਗੁਰਦਾਸਪੁਰ ਦੀ ਵਸਨੀਕ ਹੈ ਨੇ ਬਾਹਰਵੀਂ ਜਮਾਤ ਵਿਚੋਂ 92.66 ਫੀਸਦ ਅੰਕ ਹਾਸਲ ਕੀਤੇ ਅਤੇ ਸਾਲ 2019 ਵਿਚ ਨੀਟ ਦੀ ਪ੍ਰੀਖਿਆ ਪਾਸ ਕੀਤੀ। ਹੁਣ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਹੈਲਥ ਸਾਇੰਸਜ਼ ਐਂਡ ਰਿਸਰਚ, ਅੰਮਿ੍ਰਤਸਰ ਵਿਖੇ ਐਮ.ਬੀ.ਬੀ.ਐਸ ਦੂਸਰੇ ਸਾਲ ਵਿਚ ਪੜ੍ਹਾਈ ਕਰ ਰਹੇ ਹਨ। ਉਸਨੇ ਕਿਹਾ ਕਿ ਉਸਨੂੰ ਜ਼ਿੰਦਗੀ ਵਿਚ ਅੱਗੇ ਵੱਧਣ ਲਈ ਜਿਥੇ ਅਧਿਆਪਕਾਂ ਤੇ ਮਾਂ-ਪਿਓ ਨੇ ਉਤਸ਼ਾਹਿਤ ਕੀਤਾ, ਉਸਦੇ ਨਾਲ ਦਾਦਾ-ਦਾਦੀ ਦੇ ਆਸ਼ਰੀਵਾਦ ਨਾਲ ਉਹ ਉੱਚ ਪੜ੍ਹਾਈ ਕਰ ਰਹੀ ਹੈ। ਉਸਨੇ ਕਿਹਾ ਕਿ ਪੜ੍ਹਨ ਲਈ ਕੋਈ ਉਮਰ ਨਹੀਂ ਹੁੰਦੀ ਹੈ ਤੇ ਇਸ ਦੀ ਮਿਸਾਲ ਹੈ ਕਿ ਉਸ ਦੇ ਦਾਦਾ ਜੀ (ਸੇਵਾਮੁਕਤ ਅਧਿਆਪਕ) ਹੁਣ ਤਕ ਉਚੇਰੀ ਸਿੱਖਿਆ ਗ੍ਰਹਿਣ ਕਰ ਰਹੇ ਹਨ। ਉਸਨੇ ਦੱਸਿਆ ਕਿ ਪੜ੍ਹਨ ਲਈ ਆਪਣਾ ਟਾਈਮ ਟੇਬਲ ਜਰੂਰ ਬਣਾਏ ਤੇ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰੋ।
ਅਚੀਵਰਜ਼ ਪ੍ਰੋਗਰਾਮ ਦੇ ਆਖਰ ਵਿਚ ਫੇਸਬੁੱਕ ਲਾਈਵ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਅਤੇ ਜ਼ਿਲ੍ਹਾ ਵਾਸੀਆਂ ਵਲੋਂ ਅਚਵੀਰਜ਼ ਨਾਲ ਸਵਾਲ-ਜਵਾਬ ਵੀ ਕੀਤੇ ਗਏ ਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਅਚੀਵਰਜ਼ ਨੂੰ ਮਾਣ-ਸੋਨਮਾਨ ਵੀ ਦਿੱਤਾ ਗਿਆ।