ਜ਼ਰੂਰੀ ਵਸਤਾਂ ਐਕਟ ਲਈ ਸਹਿਮਤੀ ਦੇ ਕੇ ਭਗਵੰਤ ਮਾਨ ਨੇ ਕਿਸਾਨਾਂ ਦੀ ਪਿੱਠ ਚ ਮਾਰਿਆ ਛੁਰਾ
ਗੁਰਦਾਸਪੁਰ, 24 ਮਾਰਚ (ਮੰਨਨ ਸੈਣੀ)। ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਦਾ ਦੋਗਲਾਪਣ ਸਪਸ਼ਟ ਰੂਪ ਵਿੱਚ ਦੇਖਣ ਨੂੰ ਮਿਲ ਚੁੱਕਿਆ ਹੈ । ਇਸ ਪਾਰਟੀ ਦੇ ਚਿਹਰੇ ਤੋਂ ਕਿਸਾਨ ਹਿਤੈਸ਼ੀ ਹੋਣ ਦਾ ਨਕਾਬ ਲਹਿ ਚੁੱਕਿਆ ਹੈ ਅਤੇ ਬਿੱਲੀ ਥੈਲੇ ਚੋਂ ਬਾਹਰ ਆ ਚੁੱਕੀ ਹੈ । ਉਨ੍ਹਾਂ ਕਿਹਾ ਕਿ ਇਹ ਗੱਲ ਜਗ ਜ਼ਾਹਿਰ ਹੋ ਚੁੱਕੀ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਭਗਵੰਤ ਮਾਨ ਨੇ ਖ਼ੁਰਾਕ ਅਤੇ ਖਪਤਕਾਰ ਮਾਮਲਿਆਂ ਬਾਰੇ ਸੰਸਦ ਦੀ ਸਟੈਂਡਿੰਗ ਕਮੇਟੀ ਦੀ ਮੀਟਿੰਗ ਵਿੱਚ ਜ਼ਰੂਰੀ ਵਸਤਾਂ ਐਕਟ ਲਈ ਸਹਿਮਤੀ ਦਿੱਤੀ ਹੈ । ਉਹਨਾਂ ਆਰੋਪ ਲਾਇਆ ਕਿ ਇਸ ਦੇ ਬਦਲੇ ਮਾਨ ਨੇ ਕਾਰਪੋਰੇਟ ਘਰਾਨਿਆਂ ਤੋਂ ਕਰੋੜਾਂ ਰੁਪਏ ਲਏ ਹਨ । ਇਸ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਹਾਈਕੋਰਟ ਦੇ ਕਿਸੇ ਮੌਜੂਦਾ ਜੱਜ ਤੋਂ ਕਰਵਾਈ ਜਾਣੀ ਜ਼ਰੂਰੀ ਹੈ ।
ਸਰਦਾਰ ਬੱਬੇਹਾਲੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਭਗਵੰਤ ਮਾਨ ਨੇ ਅੰਬਾਨੀ ਅਤੇ ਅਡਾਨੀ ਵਰਗੇ ਕਾਰਪੋਰੇਟ ਘਰਾਨਿਆਂ ਨਾਲ ਗੁਪਤ ਸਮਝੌਤੇ ਦੇ ਤਹਿਤ ਵਾਕਆਊਟ ਕਰ ਕੇ ਉਨ੍ਹਾਂ ਦੀ ਉਸ ਸਮੇਂ ਮਦਦ ਕੀਤੀ ਸੀ ਜਦੋਂ ਜ਼ਰੂਰੀ ਵਸਤਾਂ ਸੋਧ ਬਿੱਲ ਸੰਸਦ ਵਿੱਚ ਪੇਸ਼ ਕੀਤਾ ਗਿਆ ਸੀ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਕਿਸਾਨ ਹਿਤੈਸ਼ੀ ਹੋਣ ਦਾ ਝੂਠਾ ਦਿਖਾਵਾ ਕਰਦੇ ਹਨ । ਜੇਕਰ ਹਕੀਕਤ ਵਿੱਚ ਉਹ ਕਿਸਾਨ ਹਿਤੂ ਹਨ ਅਤੇ ਭਗਵੰਤ ਮਾਨ ਵੱਲੋਂ ਕੀਤੇ ਸੌਦੇ ਬਾਰੇ ਪਤਾ ਨਹੀਂ ਤਾਂ ਉਹ ਭਗਵੰਤ ਮਾਨ ਨੂੰ ਤੁਰੰਤ ਪਾਰਟੀ ਤੋਂ ਬਾਹਰ ਕਰਨ । ਭਗਵੰਤ ਮਾਨ ਨੂੰ ਵੀ ਇਸ ਮਾਮਲੇ ਵਿੱਚ ਅਸਤੀਫ਼ਾ ਦੇਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਇਹ ਜਾਣਦਿਆਂ ਕਿ ਨਵੇਂ ਜ਼ਰੂਰੀ ਵਸਤਾਂ ਐਕਟ ਨਾਲ ਕਾਲਾ ਬਾਜ਼ਾਰੀ ਅਤੇ ਭੰਡਾਰਨ ਦੀ ਖੁੱਲ੍ਹ ਕਾਰਨ ਕਿਸਾਨਾਂ ਦੀ ਲੁੱਟ ਹੋਵੇਗੀ , ਇਸ ਐਕਟ ਲਈ ਆਪਣੀ ਸਹਿਮਤੀ ਦਿੱਤੀ ।