ਸ਼ਹੀਦਾਂ ਦੇ ਪਰਿਵਾਕ ਮੈਂਬਰਾਂ, ਵਾਰ ਨਾਰੀਆਂ ਤੇ ਸਾਬਕਾ ਫੌਜੀਆਂ ਨੂੰ ਕੀਤਾ ਸਨਮਾਨਤ
ਸ਼ਹੀਦ ਦੇਸ਼ ਦਾ ਕੀਮਤੀ ਸਰਮਾਇਆ-ਕੈਬਨਿਟ ਮੰਤਰੀ ਰੰਧਾਵਾ
ਡੇਰਾ ਬਾਬਾ ਨਾਨਕ (ਗੁਰਦਾਸਪੁਰ), 17 ਮਾਰਚ ( ਮੰਨਨ ਸੈਣੀ )। ਭਾਰਤ-ਪਾਕਿ ਦੇ 1971 ਦੀ ਲੜਾਈ ਵਿਚ ਸ਼ਹੀਦ ਹੋਏ ਜਵਾਨਾਂ ਦੀ ਯਾਦ ਅਤੇ 50 ਸਾਲਾ ਗੋਲਡਨ ਜੁਬਲੀ ਦੇ ਸਬੰਧ ਵਿਚ ‘ਵਾਰ ਮੈਮੋਰੀਅਲ ਡੇਰਾ ਬਾਬਾ ਨਾਨਕ’ ਵਿਖੇ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ. ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਤੇ ਜੇਲ੍ਹਾਂ ਮੰਤਰੀ ਪੰਜਾਬ, ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ, ਬਿ੍ਰਗੇਡੀਅਰ ਰਜਤ ਕੁਮਾਰ ਕਮਾਂਡਰ ਡੇਰਾ ਬਾਬਾ ਨਾਨਕ ਬਿ੍ਰਗੇਡ, ਕਰਨਲ ਅਭਿਸ਼ੇਕ ਚੋਧਰੀ ਕਮਾਂਡਿੰਗ ਅਫਸਰ 7 ਬਟਾਲੀਅਨ ਰਾਜਪੁਤਾਨਾ ਰਾਈਫਲਜ਼, ਰਛਪਾਲ ਸਿੰਘ ਐਸ.ਐਸ.ਪੀ ਬਟਾਲਾ , ਚੇਅਰਮੈਨ ਡਾ. ਸਤਨਾਮ ਸਿੰਘ ਨਿੱਜਰ ਅਤੇ ਸ਼ਹੀਦ ਪਰਿਵਾਰਾਂ ਦੇ ਪਰਿਵਾਰਕ ਮੈਂਬਰ, ਵੀਰ ਨਾਰੀਆਂ ਅਤੇ ਸਾਬਕਾ ਫੌਜੀ ਮੋਜੂਦ ਸਨ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ, ਵੀਰ ਨਾਰੀਆਂ ਤੇ ਸਾਬਕਾ ਫੌਜੀਆਂ ਨੂੰ ਸਨਮਾਨਤ ਵੀ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਰੰਧਾਵਾ ਨੇ 1971 ਦੀ ਲੜਾਈ ਵਿਚ ਦੇਸ਼ ਦੀ ਖਾਤਰ ਸ਼ਹੀਦ ਹੋਏ ਯੋਧਿਆਂ ਨੂੰ ਸਿਜਦਾ ਕਰਦਿਆਂ ਕਿਹਾ ਕਿ ਸ਼ਹੀਦਾਂ ਦੀ ਬਦੌਲਤ ਹੀ ਅਸੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਤੇ ਸ਼ਹੀਦ ਦੇਸ ਦਾ ਕੀਮਤੀ ਸਰਮਾਇਆ ਹਨ। ਉਨਾਂ 1971 ਦੀ ਲੜਾਈ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਸ ਸਮੇਂ ਉਨਾਂ ਦੇ ਪਿਤਾ ਸਵਰਗਵਾਸੀ ਸ. ਸੰਤੋਖ ਸਿੰਘ ਰੰਧਾਵਾ ਵਿਧਾਇਕ ਸਨ ਅਤੇ ਉਨਾਂ ਛੋਟੀ ਉਮਰ ਵਿਚ 1965 ਅਤੇ 1971 ਦੀ ਲੜਾਈ ਵੇਖੀ ਹੈ। ਉਨਾਂ ਦੱਸਿਆ ਕਿ 1971 ਲੜਾਈ ਦੌਰਾਨ ਸਰਹੱਦੀ ਪਿੰਡਾਂ ਦੇ ਲੋਕਾਂ ਫੌਜ ਦੇ ਜਵਾਨਾਂ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਹਰ ਤਰਾਂ ਦੀ ਮੁਸੀਬਤ ਦਾ ਸਾਹਮਣਾ ਕੀਤਾ ਸੀ ਤੇ ਸਰਹੱਦ ਤਕ ਰਾਸ਼ਨ ਆਦਿ ਪੁਜਦਾ ਕੀਤਾ ਸੀ। ਇਸ ਯੁੱਧ ਵਿਚ ਭਾਰਤ ਦੇ ਬਹਦਾਰ ਜਵਾਨਾਂ ਨੇ ਬਹਦਾਰੀ ਦਾ ਸੂਬਤ ਦਿੰਦਿਆਂ ਦੁਸ਼ਮਣਾ ਨਾਲ ਲੈਦਿਆਂ ਫਤਿਹ ਹਾਸਲ ਕੀਤੀ ਸੀ ਤੇ ਭਾਰਤੀ ਤਿਰੰਗੇ ਨੂੰ ਦੁਸ਼ਮਣ ਦੀ ਜ਼ਮੀਨ ’ਤੇ ਲਹਿਰਾਇਆ ਸੀ।
ਕੈਬਨਿਟ ਮੰਤਰੀ ਸ. ਰੰਧਾਵਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਪਰਿਵਾਰਾਂ ਦੀ ਹਰ ਮੁਸ਼ਕਿਲ ਨਾਲ ਉਨਾਂ ਦੇ ਨਾਲ ਖੜ੍ਹੀ ਹੈ ਅਤੇ ਉਨਾਂ ਦੀ ਹਰ ਮੁਸ਼ਕਿਲ ਪਹਿਲ ਦੇ ਪਹਿਲ ਦੇ ਆਧਾਰ ਤੇ ਹੱਲ ਕੀਤੀ ਜਾਵੇਗੀ। ਉਨਾਂ ਦੱਸਿਆ ਅੱਜ ਸਹਿਕਾਰਤਾ ਵਿਭਾਗ ਦੇ ਮਾਰਕਫੈੱਡ ਅਤੇ ਮਿਲਕਫੈੱਡ ਵਲੋਂ ਸ਼ਹੀਦ ਪਰਿਵਾਰਾਂ, ਵੀਰ ਨਾਰੀਆਂ ਅਤੇ ਸਾਬਕਾ ਫੋਜੀਆਂ ਨੂੰ ਤੋਹਫੇ ਦੇ ਕੇ ਸਨਮਾਨਤ ਕੀਤਾ ਗਿਆ ਹੈ ਅਤੇ ਸਰਕਾਰ ਸ਼ਹੀਦਾਂ ਦੇ ਮਾਣ-ਸਨਮਾਨ ਲਈ ਵਚਨਬੱਧ ਹੈ।
ਇਸ ਮੌਕੇ ਬਿ੍ਰਗੇਡੀਅਰ ਰਜਤ ਕੁਮਾਰ ਨੇ 1971 ਦੀ ਲੜਾਈ ਨੂੰ ਯਾਦ ਕਰਦਿਆਂ ਕਿਹਾ ਕਿ ਫੋਜ ਨੇ ਹਮੇਸ਼ਾਂ ਦੇਸ਼ ਦੀ ਖਾਤਰ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ ਅਤੇ ਦੇਸ਼ ਅੰਦਰ ਅਮਨ-ਸ਼ਾਂਤੀ ਬਹਾਲ ਰੱਖਣ ਲਈ ਸੁਰੱਖਿਆ ਫੋਰਸਾਂ ਦਿਨ ਰਾਤ ਆਪਣੀ ਜਿੰਮੇਵਾਰੀ ਨਿਭਾ ਰਹੀਆਂ ਹਨ। ਉਨਾਂ ਕਿਹਾ ਕਿ 1971 ਦੀ ਲੜਾਈ ਵਿਚ 10 ਡੋਗਰਾ ਬਟਾਲੀਅਨ ਅਤੇ ਸੁਰੱਖਿਆ ਫੋਰਸਾਂ ਨੇ ਬਹਾਦਰੀ ਦਾ ਸੂਬਤ ਦਿੱਤਾ ਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ, ਐਸ.ਐਸ.ਪੀ ਬਟਾਲਾ ਰਛਪਾਲ ਸਿੰਘ, ਬਿ੍ਰਗੇਡੀਅਰ ਰਜਤ ਕੁਮਾਰ, ਕਰਨਲ ਅਭਿਸ਼ੇਕ ਚੋਧਰੀ ਅਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ, ਵੀਰ ਨਾਰੀਅ ਅਤੇ ਸਾਬਕਾ ਫੌਜੀਆਂ ਵਲੋਂ ‘ਵਾਰ ਮੋਮੈਰੀਅਲ’ ਵਿਖੇ ਰੀਥ ਕੀਤੀ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਨ ਕੀਤੇ।
ਇਸ ਮੌਕੇ ‘ਸਵਰਨਿਮ ਵਿਜੈ ਮਸ਼ਾਲ’ ਜੋ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ 16 ਦਸੰਬਰ 2020 ਨੂੰ ਨੈਸ਼ਨਲ ਵਾਰ ਮੋਮੈਰੀਅਲ ਨਵੀਂ ਦਿੱਲੀ ਤੋਂ ਰਵਾਨਾ ਕੀਤੀ ਗਈ ਸੀ , ਉਹ ਮਸ਼ਾਲ ਜਲੰਧਰ ਤੋਂ ਬਿਆਸ, ਲੁਧਿਆਣਾ, ਫਿਰੋਜ਼ਪੁਰ, ਖੰਨਾ ਆਦਿ ਸਥਾਨਾਂ ਤੋਂ ਹੁੰਦੀ ਹੋਈ ਅੱਜ 17 ਮਾਰਚ ਨੂੰ ਡੇਰਾ ਬਾਬਾ ਨਾਨਕ ਵਿਖੇ ਪੁਹੰਚੀ, ਜਿਸਦਾ ਭਰਵਾਂ ਸਵਾਗਤ ਕੀਤਾ ਗਿਆ।
ਇਸ ਮੌਕੇ ਵੱਕ-ਵੱਖ ਸਕੂਲਾਂ ਦੇ ਬੱਚਿਆਂ ਵਲੋਂ ਦੇਸ਼ ਭਗਤੀ ’ਤੇ ਆਧਾਰਤ ਸੱਭਿਆਚਾਰਕ ਸਮਾਗਮ ਵੀ ਪੇਸ਼ ਕੀਤਾ ਗਿਆ ਤੇ 1971 ਦੀ ਲੜਾਈ ਨੂੰ ਦਰਸਾਉਂਦੀ ਵੀਡੀਓ ਫਿਲਮ ਵੀ ਦਿਖਾਈ ਗਈ। ਇਸ ਮੌਕੇ ਸਾਬਕਾ ਹਵਾਲਦਾਰ ਪਿਆਰਾ ਲਾਲ ਅਤੇ ਸਾਬਕਾ ਸਿਪਾਹੀ ਬੀਰ ਸਿੰਘ, ਜੋ 1971 ਦੀ ਲੜਾਈ ਵਿਚ ਸ਼ਾਮਲ ਸਨ ਨੇ ਦੱਸਿਆ ਭਾਰਤ ਫੋਜੀਆਂ ਦੀ ਸੂਰਬੀਰਤਾ ਦੀ ਕਹਾਣੀ ਦੱਸੀ ਕਿ ਕਿਸ ਤਰਾਂ ਭਾਰਤੀ ਫੋਜ ਦੇ ਜਵਾਨਾਂ ਨੇ ਦੁਸ਼ਮਣਾ ਉੱਪਰ ਸ਼ਾਨਦਾਰ ਜਿੱਤ ਹਾਸਲ ਕੀਤੀ।
ਇਸ ਮੌਕੇ ਬਾਬਾ ਸੁਖਦੀਪ ਸਿੰਘ ਬੇਦੀ, ਜਗਬਿੰਦਰ ਸਿੰਘ ਸੰਧੂ ਐਸ.ਪੀ ਬਟਾਲਾ, ਨਵਕਿਰਤ ਸਿੰਘ ਤਹਿਸਲੀਦਾਰ, ਲਖਵਿੰਦਰ ਸਿੰਘ ਨਾਇਬ ਤਹਿਸੀਲਦਾਰ, ਕਵਲਪ੍ਰੀਤ ਸਿੰਘ ਡੀਐਸਪੀ, ਪਰਮਸੁਨੀਲ ਸਿੰਘ ਸਰਪੰਚ ਧਿਆਨਪੁਰ ਆਦਿ ਮੋਜੂਦ ਸਨ।