Close

Recent Posts

CORONA ਗੁਰਦਾਸਪੁਰ

ਪਿੜ ਵੱਲੋਂ ਮਹਿਲਾ ਦਿਵਸ ਤੇ ਗਿੱਧੇ ਪ੍ਰਤੀ ਸੈਮੀਨਾਰ ਕਰਵਾਇਆ ਗਿਆ।

ਪਿੜ ਵੱਲੋਂ ਮਹਿਲਾ ਦਿਵਸ ਤੇ ਗਿੱਧੇ ਪ੍ਰਤੀ ਸੈਮੀਨਾਰ ਕਰਵਾਇਆ ਗਿਆ।
  • PublishedMarch 7, 2021

ਗੁਰਦਾਸਪੁਰ, 7 ਮਾਰਚ (ਮੰਨਨ ਸੈਣੀ)। ਪੰਜਾਬੀ ਸੱਭਿਆਚਾਰ ਦੀ ਜਿੰਦ- ਜਾਨ ਮੰਨੀ ਜਾਣ ਵਾਲੀ ਸਿਰਮੋਰ ਸੰਸਥਾ ਲੋਕ ਸੱਭਿਆਚਾਰਕ ਪਿੜ ਰਜਿਸਟਰ ਗੁਰਦਾਸਪੁਰ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਤੇ ਪੰਡਿਤ ਮੋਹਨ ਲਾਲ ਐੱਸ ਡੀ ਕਾਲਜ ਫਾਰ ਵੋਮੈਨ ਵਿਖੇ ਗਿੱਧੇ ਤੇ ਸੈਮੀਨਾਰ ਕਰਵਾਇਆ ਗਿਆ।

ਪਿੜ ਦੇ ਪ੍ਰਧਾਨ ਤੇ ਭੰਗੜਾ ਕੋਚ ਜੈਕਬ ਤੇਜਾ ਦੀ ਰਹਿਨੁਮਾਈ ਹੇਠ ਵਿਸ਼ੇਸ਼ ਤੌਰ ਤੇ ਪੰਜਾਬ ਦੇ ਪ੍ਰਸਿੱਧ ਲੋਕ ਨਾਚ ਗਿੱਧੇ ਉੱਪਰ ਸੈਮੀਨਾਰ ਕਰਵਾਇਆ।ਲੋਕ ਨਾਚ ਗਿੱਧੇ ਵਿੱਚ ਆ ਰਹੇ ਦਿਨੋਂ-ਦਿਨ ਡਿਸਕੋ ਡਾਂਸ ਦੇ ਐਕਸ਼ਨਾਂ ਨੂੰ ਠੱਲ੍ਹ ਪਾਉਣ ਲਈ ਲੋਕ ਨਾਚ ਨਾਲ ਜੁੜਿਆਂ ਹੋਈਆਂ ਮੁਟਿਆਰਾ ਨਾਲ ਵਿਚਾਰ ਚਰਚਾ ਕੀਤੀ ਗਈ।

ਪੰਜਾਬਣ ਮੁਟਿਆਰਾਂ ਨੂੰ ਆਪਣੇ ਪੰਜਾਬੀ ਲੋਕ ਨਾਚ ਗਿੱਧੇ ਪ੍ਰਤੀ ਸਹੀ ਸੇਧ ਦੇਣ ਲਈ ਅਤੇ ਵਿਰਾਸਤੀ ਲੋਕ ਨਾਚ ਦੀਆਂ ਬਰੀਕੀਆਂ ਦੀ ਸਮਝਾਉਣ ਲਈ ਇਹ ਉਪਰਾਲਾ ਕੀਤਾ ਗਿਆ। ਇਸ ਮੌਕੇ ਲੋਕ ਨਾਚ ਗਿੱਧੇ ਦੇ ਵੱਖ-ਵੱਖ ਮਾਹਰਾਂ ਨੇ ਮੁਟਿਆਰਾਂ ਨਾਲ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ ਅਤੇ ਗਿੱਧੇ ਦੀਆਂ ਬਰੀਕੀਆਂ ਤੋਂ ਜਾਣੂ ਕਰਵਾਇਆ ਗਿਆ।ਮਾਹਰਾਂ ਵਿੱਚ ਸ੍ਰੀਮਤੀ ਅਮਰੀਕ ਕੌਰ, ਸ੍ਰੀਮਤੀ ਗੁਰਮੀਤ ਕੌਰ,ਪ੍ਰੋ ਕੁਲਵਿੰਦਰ ਕੌਰ,ਡਾ ਅਮਰਜੀਤ ਕੌਰ ਕਾਲਕਟ ਨੇ ਮੁਟਿਆਰਾ ਨਾਲ ਗਿੱਧਾ ਪਾ ਕੇ ਵੀ ਆਪਣੇ ਹਾਵ-ਭਾਵ ਸਾਂਝੇ ਕੀਤੇ।ਪੰਜਾਬ ਪੱਧਰ ਇਸ ਸੈਮੀਨਾਰ ਵਿੱਚ ਵੱਧ ਚੜ੍ਹ ਕੇ ਲੋਕ ਨਾਚਾਂ ਨਾਲ ਜੁੜੀਆਂ ਹੋਈਆਂ ਮੁਟਿਆਰਾਂ ਨੇ ਹਿੱਸਾ ਲਿਆ।

ਆਏ ਹੋਏ ਗਿੱਧਾ ਕੋਚਾ ਕੋਲੋ ਕੁੜੀਆਂ ਨੇ ਗਿੱਧੇ ਪ੍ਰਤੀ ਸਵਾਲ ਵੀ ਪੁੱਛੇ।ਸੈਮੀਨਾਰ ਦੌਰਾਨ ਵਿਸ਼ੇਸ਼ ਤੌਰ ਤੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਗਈ ਜਿਸ ਵਿਚ ਵਿਆਹ ਦੇ ਗੀਤ ਤੇ ਲੋਕ ਸਾਜ਼ਾਂ ਦੀ ਪੇਸ਼ਕਾਰੀ ਅਤੇ ਬਜ਼ੁਰਗ ਬੀਬੀਆਂ ਦਾ ਗਿੱਧਾ ਬਹੁਤ ਹੀ ਖਿੱਚ ਦਾ ਕੇਂਦਰ ਰਿਹਾ।ਪਿੜ ਪਰਿਵਾਰ ਚ ਸਰਦਾਰ ਅਜੈਬ ਸਿੰਘ ਚਾਹਲ, ਸ੍ਰੀਮਤੀ ਸਤਿੰਦਰ ਕੌਰ, ਸ੍ਰੀ ਜੈਕਬ ਮਸੀਹ,ਸ ਜਸਬੀਰ ਸਿੰਘ ਮਾਨ, ਸ ਗੁਰਜੀਤ ਸਿੰਘ ਝੋਰ,ਦਾ ਇਸ ਸੈਮੀਨਾਰ ਨੂੰ ਸਿਰੇ ਚਾੜ੍ਹਨ ਲਈ ਬਹੁਤ ਸਹਿਯੋਗ ਮਿਲਿਆ।

ਹਿਮਾਚਲ ਪ੍ਰਦੇਸ਼ ਤੋਂ ਸੁਰ ਸਾਗਰ ਸੰਗੀਤ ਸਦਨ ਦੇ ਡਰਾਇਕੈਟਰ ਰਾਮ ਸਿੰਘ ਨੇ ਹਾਜਰੀ ਭਰੀ ,ਗਿੱਧੇ ਸੈਮੀਨਾਰ ਵਿੱਚ ਵਿਸ਼ੇਸ਼ ਪੁਰਸਕਾਰ ਪ੍ਰਸਿੱਧ ਢੋਲਕੀ ਮਾਸਟਰ ਸ੍ਰੀ ਸੋਨੂੰ ਰਣੀਆਂ ਨੂੰ ਦਿੱਤਾ ਗਿਆ।ਇਸ ਮੌਕੇ ਪਿੜ ਦੇ ਪ੍ਰਧਾਨ ਜੈਕਬ ਤੇਜਾ ਨੇ ਬੋਲਦਿਆਂ ਆਖਿਆ ਕਿ ਨੌਜਵਾਨ ਪੀੜ੍ਹੀ ਆਪਣੇ ਅਮੀਰ ਤੇ ਖ਼ੂਬਸੂਰਤ ਵਿਰਸੇ ਅਤੇ ਭਾਸ਼ਾ ਨੂੰ ਛੱਡ ਕੇ ਹੋਰਨਾਂ ਸੱਭਿਆਤਾਵਾਂ ਪਹਿਰਾਵਾ ਖਾਣ-ਪੀਣ ਅਤੇ ਰਹਿਣ-ਸਹਿਣ ਦੇ ਢੰਗ ਤਰੀਕਿਆਂ ਨੂੰ ਅਪਣਾ ਰਹੀ ਹੈ।

ਜਿਸ ਨਾਲ ਨੌਜਵਾਨ ਆਪਣੇ ਇਤਿਹਾਸ ਤੇ ਆਪਣੇ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹਨ। ਲੋਕ ਸੱਭਿਆਚਾਰਕ ਪਿੜ ਦੇ ਪਰਿਵਾਰ ਦਾ ਇਹ ਮਕਸਦ ਹੈ।ਨੌਜਵਾਨ ਪੀੜ੍ਹੀ ਨੂੰ ਆਪਣੇ ਰਵਾਇਤੀ ਸੱਭਿਆਚਾਰ ਵਿਰਸੇ ਨਾਲ ਜੋੜੀ ਰੱਖੀਏ।ਇਸ ਸਾਰੇ ਸੈਮੀਨਰ ਦੇ ਪ੍ਰੋਗਰਾਮ ਦੀ ਮੰਚ ਸੰਚਾਲਨ ਡਾ ਅਮਰਜੀਤ ਕੌਰ ਕਾਲਕਟ,ਸ੍ਰੀਮਤੀ ਪੁਨੀਤਾ ਸਾਹਗਿਲ ਨੇ ਬਾਖੂਬ ਨਿਭਾਈ।ਗਿੱਧੇ ਦੀਆਂ ਦੋ ਕਿੱਕਲੀਆਂ ਗੁਰਮੀਤ ਕੌਰ ਰਾਵੀ ਅਤੇ ਕੁਲਵਿੰਦਰ ਕੌਰ ਨੇ ਦੱਸਿਆ ਕਿ ਅੱਜ ਕੱਲ੍ਹ ਕੁੜੀਆਂ ਦਾ ਗਿੱਧਾ ਸਿੱਖਣ ਦਾ ਰੁਝਾਨ ਘਟ ਰਿਹਾ ਹੈ।ਭੰਗੜਾ ਜ਼ਿਆਦਾ ਪਾ ਰਹੀਆਂ ਹਨ।

ਲੋਕ ਨਾਚ ਸਾਰੇ ਸਿੱਖਣੇ ਚਾਹੀਦੇ ਹਨ ਪਰ ਔਰਤਾਂ ਨੂੰ ਆਪਣੇ ਔਰਤਾਂ ਵਾਲੇ ਨਾਚ ਗਿੱਧੇ ਤੋਂ ਨਹੀਂ ਪਿੱਛੇ ਹੱਟਣਾ ਚਾਹੀਦਾ।ਗਿੱਧਾ ਔਰਤਾਂ ਦਾ ਸਰਮਾਇਆ ਨਾਚ ਹੈ, ਉਨ੍ਹਾਂ ਸਾਂਝੇ ਤੌਰ ਤੇ ਦੱਸਿਆ ਕਿ ਜਲਦ ਹੀ ਉਨ੍ਹਾਂ ਵੱਲੋਂ ਗਿੱਧੇ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਪੱਧਰ ਵੱਲ ਨੂੰ ਲੈ ਕੇ ਆਉਣ ਲਈ ਸਿਖਲਾਈ ਕੈਂਪ ਵੀ ਲਗਾਇਆ ਜਾਵੇਗਾ। ਜਿਸ ਵਿਚ ਬਹੁਤ ਸਾਰੀਆਂ ਗਿੱਧਾ ਨਾਲ ਜੁੜੀਆਂ ਹੋਈਆਂ ਪੰਜਾਬ ਦੀਆਂ ਹਸਤੀਆਂ ਨੂੰ ਬੁਲਾ ਕੇ ਗਿੱਧੇ ਵਿਚ ਆ ਰਹੀ ਵੰਗਾਰ ਪੰਨ ਨੂੰ ਖ਼ਤਮ ਕਰਨ ਲਈ ਐਕਸ਼ਨ ਤੇ ਜ਼ੋਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜਕੱਲ੍ਹ ਵਾਲੇ ਗਿੱਧੇ ਵਿੱਚ ਢੋਲਕੀ ਇੰਨੀ ਜ਼ਿਆਦਾ ਤੇਜ਼ ਰਫਤਾਰ ਨਾਲ ਵਜਾਈ ਜਾਂਦੀ ਹੈ ਕਿ ਬੱਸ ਢੋਲਕੀ ਹੀ ਢੋਲਕੀ ਹੁੰਦੀ ਹੈ।ਗਿੱਧੇ ਦੇ ਐਕਸ਼ਨਾ ਵਿੱਚ ਛਿਰਪੇ ਜ਼ਿਆਦਾ ਵੱਜਣ ਤੇ ਹਨ। ਜਿਸ ਨੂੰ ਬਹੁਤ ਲੋੜ ਹੈ ਸੁਧਾਰਨ ਦੀ।

Written By
The Punjab Wire