ਸਾਲ 2021 ਨੂੰ ਵਿਕਾਸ ਵਰ੍ਹੇ ਵਜੋਂ ਮਨਾਇਆ ਜਾਵੇਗਾ
ਤ੍ਰਿਪਤ ਬਾਜਵਾ ਨੇ ਪਿੰਡ ਧੁੱਪਸੜੀ ਨੂੰ ਵਿਕਾਸ ਕਾਰਜਾਂ ਲਈ 33 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਦਿੱਤਾ
ਬਟਾਲਾ, 7 ਮਾਰਚ ( ਮੰਨਨ ਸੈਣੀ ) – ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਬਹੁਤ ਜਲਦੀ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਲਾਲ ਲਕੀਰ ਦੇ ਅੰਦਰ ਘਰਾਂ ਦੇ ਮਾਲਕਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਕੰਮ ਚੱਲ ਰਿਹਾ ਹੈ ਅਤੇ ਲਾਲ ਲਕੀਰਾਂ ਦੇ ਅੰਦਰ ਜਾਇਦਾਦਾਂ ਦੀ ਸ਼ਨਾਖਤ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਲਾਲ ਲਕੀਰ ਦੇ ਅੰਦਰਲੀ ਜਾਇਦਾਦ ਦੇ ਮਾਲਕੀ ਹੱਕ ਮਿਲਣ ਨਾਲ ਇਸਦੇ ਮਾਲਕ ਰਜਿਸਟਰੀਆਂ ਕਰਨ ਦੇ ਨਾਲ ਬੈਂਕਾਂ ਤੋਂ ਲੋਨ ਲੈ ਸਕਣਗੇ, ਜਿਸਤੋਂ ਪਹਿਲਾਂ ਉਹ ਵਾਂਝੇ ਸਨ।
ਇਹ ਪ੍ਰਗਟਾਵਾ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਬਟਾਲਾ ਨੇੜਲੇ ਪਿੰਡ ਧੁੱਪਸੜੀ ਵਿਖੇ ਵਿਕਾਸ ਕਾਰਜਾਂ ਲਈ 30 ਲੱਖ ਰੁਪਏ ਦਾ ਚੈੱਕ ਦੇਣ ਮੌਕੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਸ. ਬਾਜਵਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿੱਚ ਪਿੰਡਾਂ ਵਿੱਚ ਰਿਕਾਰਡ ਵਿਕਾਸ ਕਾਰਜ ਕਰਵਾਏ ਹਨ ਅਤੇ ਪਿੰਡਾਂ ਦੇ ਛੱਪੜਾਂ ਦਾ ਥਾਪਰ ਮਾਡਲ ਤਹਿਤ ਨਵੀਨੀਕਰਨ ਕਰਕੇ ਗੰਦੇ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਸੂਬੇ ਦੇ ਹਰ ਪਿੰਡ ਵਿੱਚ ਸੋਲਰ ਲਾਈਟਾਂ ਲਗਾਉਣ ਦਾ ਵਿਸ਼ੇਸ਼ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਲ 2021 ਨੂੰ ਵਿਕਾਸ ਵਰ੍ਹੇ ਵਜੋਂ ਮਨਾਇਆ ਜਾਵੇਗਾ ਅਤੇ ਕਿਸੇ ਵੀ ਪਿੰਡ ਨੂੰ ਵਿਕਾਸ ਪੱਖੋਂ ਪਿੱਛੇ ਨਹੀਂ ਰਹਿਣ ਦਿੱਤਾ ਜਾਵੇਗਾ।
ਸ. ਬਾਜਵਾ ਨੇ ਕਿਹਾ ਕਿ ਧੁੱਪਸੜੀ ਪਿੰਡ ਨੂੰ 33 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਹੈ ਜਿਸ ਨਾਲ ਪਿੰਡ ਦੇ ਵੱਖ-ਵੱਖ ਵਿਕਾਸ ਕਾਰਜ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਧੁੱਪਸੜੀ ਪਿੰਡ ਦੀ ਸੜਕ ਜੋ ਕਾਹਨੂੰਵਾਨ ਰੋਡ ਨੂੰ ਕਾਦੀਆਂ ਰੋਡ ਨਾਲ ਜੋੜਦੀ ਹੈ ਉਸਨੂੰ ਵੀ ਜਲਦੀ ਹੀ ਨਵਾਂ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਦੀ ਜੋ ਬਿਜਲੀ ਸਪਲਾਈ ਦੀ ਸਮੱਸਿਆ ਹੈ ਉਸਦਾ ਹੱਲ ਵੀ ਕੱਢਿਆ ਜਾਵੇਗਾ। ਸ. ਬਾਜਵਾ ਨੇ ਕਿਹਾ ਕਿ ਪੰਚਾਇਤਾਂ ਧੜੇਬੰਦੀ ਤੋਂ ਉੱਪਰ ਉੱਠ ਕੇ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਪਿੰਡਾਂ ਦਾ ਵਿਕਾਸ ਕਰਨ ਅਤੇ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਵੱਲੋਂ ਗ੍ਰਾਂਟਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਪਿੰਡ ਧੁੱਪਸੜੀ ਦੀ ਸਰਪੰਚ ਬਲਜਿੰਦਰ ਕੌਰ, ਲਖਬੀਰ ਸਿੰਘ ਸਾਬਕਾ ਸਰਪੰਚ, ਡਾ. ਸੁਰਿੰਦਰ ਸਿੰਘ, ਬੂਟਾ ਸਿੰਘ, ਬਲਵਿੰਦਰ ਸਿੰਘ, ਸਰਵਣ ਸਿੰਘ, ਰਘਬੀਰ ਸਿੰਘ, ਸੁਖਵਿੰਦਰ ਸਿੰਘ, ਮਾਸਟਰ ਰਤਨ ਸਿੰਘ, ਪ੍ਰਸ਼ੋਤਮ ਸਿੰਘ, ਗੁਰਬਚਨ ਸਿੰਘ, ਅਵਤਾਰ ਸਿੰਘ, ਮੁਖਤਾਰ ਸਿੰਘ, ਰਾਜਵਿੰਦਰ ਸਿੰਘ, ਰਵੇਲ ਸਿੰਘ, ਪ੍ਰੀਤਮ ਸਿੰਘ, ਜਸਵੰਤ ਸਿੰਘ, ਸੂਬਾ ਸਿੰਘ, ਲੰਬੜਦਾਰ ਰਛਪਾਲ ਸਿੰਘ, ਕਾਬਲ ਸਿੰਘ, ਲਖਬੀਰ ਸਿੰਘ, ਦਵਿੰਦਰ ਸਿੰਘ, ਬਾਬਾ ਪ੍ਰਿਥੀਪਾਲ ਸਿੰਘ, ਗੁਰਮੀਤ ਸਿੰਘ, ਸੈਮੂਅਲ ਮਸੀਹ, ਜਸਪਾਲ ਸਿੰਘ ਥਾਣੇਦਾਰ, ਪੰਚਾਇਤ ਅਫਸਰ ਹਰਦੇਵ ਸਿੰਘ, ਪੀ.ਏ. ਸਿਕੰਦਰ ਸਿੰਘ, ਪੰਚਾਇਤ ਸੈਕਟਰੀ ਯਕੂਬ ਮਸੀਹ ਅਤੇ ਕਰਤਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।