ਚੰਡੀਗੜ੍ਹ, 7 ਮਾਰਚ।ਮਿਲਕਫੈਡ ਪੰਜਾਬ ਵੱਲੋਂ ਦੁੱਧ ਦੀ ਗੁਣਵੱਤਾ ਵਿੱਚ ਹੋਰ ਸੁਧਾਰ ਕਰਨ ਹਿੱਤ ਵੇਰਕਾ ਨਾਲ ਜੁੁੜੇ ਹੋਏ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਨੂੰ ਬਲਕ ਮਿਲਕ ਕੂਲਰ ਦੇਣ ਦਾ ਫੈਸਲਾ ਲਿਆ ਗਿਆ, ਜਿਸ ਵਿੱਚ ਪਹਿਲ ਦੇ ਅਧਾਰ ਤੇ 500 ਕਿਲੋ ਤੋਂ ਵੱਧ ਦੁੱਧ ਦੇਣ ਵਾਲੇ 100 ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਨੂੰ ਇਹ ਬਲਕ ਮਿਲਕ ਕੂਲਰ ਸਬਸਿਡੀ ‘ਤੇ ਦਿੱਤੇ ਜਾਣਗੇ। ਇਹ ਫੈਸਲਾ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ।
ਸ. ਰੰਧਾਵਾ ਨੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਸਹਿਕਾਰਤਾ ਵਿਭਾਗ ਇਸੇ ਤਰ੍ਹਾਂ ਹੀ ਨਿਰੰਤਰ ਪੰਜਾਬ ਦੇ ਦੁੱਧ ਉਤਪਾਦਕਾਂ ਲਈ ਹੋਰ ਸਹੂਲਤਾਂ ਦੇਣ ਲਈ ਉਪਰਾਲੇ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕੋਵਿਡ-19 ਦੇ ਔਖੇ ਸਮੇਂ ਵਿੱਚ ਮਿਲਕਫੈਡ ਵੱਲੋਂ ਸੂਬੇ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਅਣਥੱਕ ਸੇਵਾਵਾਂ ਲਈ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਧਾਈ ਦਿੱਤੀ।
ਮਿਲਕਫੈਡ ਪੰਜਾਬ ਅਧੀਨ ਕੰਮ ਕਰ ਰਹੇ ਵੇਰਕਾ ਮਿਲਕ ਪਲਾਂਟਾਂ ਦੇ ਨਾਲ ਜੁੜੀਆਂ ਹੋਈਆਂ ਰਜਿਸਟਰਡ ਦੁੱਧ ਸਭਾਵਾਂ ਨੂੰ ਪਿਛਲੇ 20 ਸਾਲਾਂ ਤੋਂ ਦੁੱਧ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਲਈ ਵੱਖ-ਵੱਖ ਸਮਰੱਥਾ ਦੇ ਲਗਭਗ 1200 ਬਲਕ ਮਿਲਕ ਕੂਲਰ ਵੱਖ-ਵੱਖ ਸਕੀਮਾਂ ਤਹਿਤ ਦਿੱਤੇ ਗਏ ਹਨ। ਜਦੋਂ ਤੋਂ ਦੁੱਧ ਸਭਾਵਾਂ ਨੂੰ ਇਹ ਬਲਕ ਮਿਲਕ ਕੂਲਰ ਦੁੱਧ ਇੱਕਤਰ ਕਰਨ ਅਤੇ ਇਸ ਨੂੰ ਠੰਡਾ ਕਰਨ ਲਈ ਦਿੱਤੇ ਗਏ ਹਨ, ਇਸ ਦੇ ਨਾਲ ਦੁੱਧ ਦੀ ਗੁਣਵਤਾ ਵਿੱਚ ਬਹੁਤ ਸੁਧਾਰ ਹੋਇਆ ਹੈ, ਸਹਿਕਾਰੀ ਸਭਾਵਾਂ ਦਾ ਮੁਨਾਫਾ ਵੀ ਵਧਿਆ ਹੈ ਅਤੇ ਨਾਲ ਹੀ ਸਭਾਵਾਂ ਨਾਲ ਜੁੜੇ ਹੋਏ ਦੁੱਧ ਉਤਪਾਦਕਾ ਦੀ ਮਾਲੀ ਹਾਲਤ ਵਿੱਚ ਵੀ ਸੁਧਾਰ ਹੋਇਆ ਹੈ। ਇਹ ਬਲਕ ਮਿਲਕ ਕੂਲਰ ਆਮ ਤੌਰ ਤੇ ਦੁੱਧ ਸਭਾਵਾਂ ਨੂੰ ਸਬਸਿਡੀ ‘ਤੇ ਦਿੱਤੇ ਜਾਂਦੇ ਹਨ ਅਤੇ ਬਾਕੀ ਰਕਮ ਦੁੱਧ ਉਤਪਾਦਕ ਸਭਾਵਾਂ ਤੋਂ ਉਨ੍ਹਾਂ ਦੇ ਦੁੱਧ ਦੀ ਕੀਮਤ ਵਿੱਚੋ ਅਸਾਨ ਕਿਸਤਾਂ ਵਿੱਚ ਕੱਟ ਲਈ ਜਾਂਦੀ ਹੈ। ਵੇਰਕਾ ਦੇ ਮਿਲਕ ਪਲਾਂਟਾਂ ਨਾਲ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਤੋਂ ਇਲਾਵਾ ਲਗਭਗ 2300 ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਸਿੱਧੇ ਤੌਰ ‘ਤੇ ਜੁੜੇ ਹੋਏ ਹਨ ਅਤੇ ਜਿਨ੍ਹਾਂ ਨੂੰ ਅਜੇ ਤੱਕ ਇਹ ਸਹੂਲਤ ਨਹੀ ਦਿੱਤੀ ਗਈ ਸੀ।
ਇਸ ਮੌਕੇ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਸ੍ਰੀ ਵਿਕਾਸ ਗਰਗ ਨੇ ਵੱਖ-ਵੱਖ ਪਲਾਂਟਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਮਿਲਕ ਪਲਾਟਾਂ ਦੇ ਕੰਮ ਨੂੰ ਹੋਰ ਸਚਾਰੂ ਢੰਗ ਨਾਲ ਚਲਾਉਣ ਲਈ ਆਈ ਮੁਸ਼ਕਲਾਂ ਨੂੰ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀਆਂ ਜਾਣ ਤਾਂ ਜੋ ਉਨ੍ਹਾਂ ਦਾ ਤੁਰੰਤ ਹੱਲ ਕੱਢਿਆ ਜਾ ਸਕੇ।
ਮਿਲਕਫੈਡ ਦੇ ਐਮ.ਡੀ. ਸ੍ਰੀ ਕਮਲਦੀਪ ਸਿੰਘ ਸੰਘਾ ਵੱਲੋਂ ਜਾਣੂ ਕਰਵਾਇਆ ਗਿਆ ਕਿ ਚਾਹਵਾਨ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਇਸ ਸਕੀਮ ਸਬੰਧੀ ਵਧੇਰੀ ਜਾਣਕਾਰੀ ਲੈਣ ਲਈ ਅਪਣੇ ਨੇੜਲੇ ਵੇਰਕਾ ਮਿਲਕ ਪਲਾਂਟ ਦੇ ਮੈਨੇਜਰ ਦੁੱਧ ਪ੍ਰਾਪਤੀ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਸਮੇਂ ਕੋਵਿਡ-19 ਨਾਲ ਪੈਦਾ ਹੋਏ ਸੰਕਟ ਦੌਰਾਨ ਮਿਲਕਫੈਡ ਵਲੋਂ ਦੁੱਧ ਉਤਪਾਦਕਾਂ ਦੀ ਸੇਵਾ ਵਿੱਚ ਅਣਥੱਕ ਮਿਹਨਤ ਕੀਤੀ ਗਈ ਜਿਸ ਦੇ ਫਲਸਰੂਪ ਆਉਣ ਵਾਲਾ ਸਮਾਂ ਡੇਅਰੀ ਕਿੱਤੇ ਲਈ ਲਾਹੇਵੰਦ ਹੋਵੇਗਾ।
——-