ਲੋਕ ਪੱਖੀ ਪਹਿਲਕਦਮੀ ਨਾਲ ਆਮ ਲੋਕਾਂ ਅਤੇ ਵਿਸ਼ੇਸ਼ ਤੌਰ ’ਤੇ ਕਿਸਾਨਾਂ ਨੂੰ ਹੋਵੇਗਾ ਲਾਭ
ਚੰਡੀਗੜ੍ਹ, 23 ਫਰਵਰੀ: ਆਮ ਲੋਕਾਂ ਅਤੇ ਵਿਸ਼ੇਸ਼ ਤੌਰ ’ਤੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਸਹਿਕਾਰੀ ਖੇਤਰ ਦੇ ਸਭ ਤੋਂ ਮਹੱਤਵਪੂਰਨ ਅਦਾਰਿਆਂ ਵਿਚੋਂ ਇੱਕ, ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ (ਪੀ.ਐਸ.ਸੀ.ਏ.ਡੀ.ਬੀ.), ਨੇ ਅੱਜ ਇੱਥੇ ’ਪੀ.ਐਸ.ਸੀ.ਏ.ਡੀ.ਬੀ.’ ਮੋਬਾਈਲ ਐਪ ਲਾਂਚ ਕਰਕੇ ਡਿਜੀਟਲ ਖੇਤਰ ਵਿੱਚ ਇੱਕ ਵੱਡੀ ਪੁਲਾਂਘ ਪੁੱਟੀ ਹੈ।
ਸਹਿਕਾਰਤਾ ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ, ਚੰਡੀਗੜ੍ਹ ਦੀ ’ਪੀ.ਐਸ.ਸੀ.ਏ.ਡੀ.ਬੀ.’ ਮੋਬਾਈਲ ਐਪ ਲਾਂਚ ਕੀਤੀ ਗਈ। ਇਸ ਐਪ ਦਾ ਐਂਡਰਾਇਡ ਅਤੇ ਆਈ.ਓ.ਐਸ. ਵਰਜ਼ਨ ਐਨ.ਆਈ.ਸੀ, ਨਵੀਂ ਦਿੱਲੀ ਦੁਆਰਾ ਡਿਜ਼ਾਇਨ ਅਤੇ ਤਿਆਰ ਕੀਤਾ ਗਿਆ ਹੈ ਜੋ ਗੂਗਲ ਪਲੇ ਸਟੋਰ ਅਤੇ ਓਪਨ ਵੈੱਬ ’ਤੇ ਡਾਊਨਲੋਡ ਲਈ ਉਪਲਬਧ ਹੈ।
ਸਹਿਕਾਰਤਾ ਮੰਤਰੀ ਨੇ ਦੱਸਿਆ ਕਿ ਆਮ ਲੋਕ ਅਤੇ ਖਾਸ ਕਰਕੇ ਕਿਸਾਨ ਬੈਂਕ ਦੀਆਂ ਲੋਨ ਸਕੀਮਾਂ, ਕਰਜ਼ਿਆਂ/ਐਫ.ਡੀਜ਼ ਦੀਆਂ ਵਿਆਜ ਦਰਾਂ ਅਤੇ ਕਿਸ਼ਤਾਂ ਦੇ ਹਿਸਾਬ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਐਪ ਪਿੰਡਾਂ ਦੇ ਨੇੜਲੇ ਖੇਤਰਾਂ ਵਿੱਚ ਪੀ.ਏ.ਡੀ.ਬੀਜ਼ ਦਾ ਪਤਾ ਲਗਾਉਣ ਵਿਚ ਵੀ ਸਹਾਇਤਾ ਪ੍ਰਦਾਨ ਕਰੇਗੀ।ਉਨ੍ਹਾਂ ਅੱਗੇ ਕਿਹਾ ਕਿ ਇਸ ਐਪ ’ਤੇ ਕਰਜ਼ ਲੈਣ ਵਾਲੇ ਰਜਿਸਟਰਡ ਮੈਂਬਰ ਆਪਣੇ ਕਰਜ਼ ਖਾਤਿਆਂ ਦੇ ਲੈਣ-ਦੇਣ/ਸਟੇਟਮੈਂਟਸ ਸਬੰਧੀ ਜਾਣਕਾਰੀ ਵੇਖ ਸਕਦੇ ਹਨ। ਵਧੇਰੇ ਜਾਣਕਾਰੀ ਲਈ ਪ੍ਰਾਇਮਰੀ ਬੈਂਕ ਦੇ ਸਬੰਧਤ ਬ੍ਰਾਂਚ ਮੈਨੇਜਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਤ ਕਮਿਸ਼ਨਰ ਸਹਿਕਾਰਤਾ ਕੇ. ਸਿਵਾ ਪ੍ਰਸਾਦ, ਰਜਿਸਟਰਾਰ ਸਹਿਕਾਰੀ ਸਭਾਵਾਂ ਵਿਕਾਸ ਗਰਗ, ਐਮ.ਡੀ. ਪੀ.ਏ.ਡੀ.ਬੀ. ਚਰਨਦੇਵ ਸਿੰਘ ਮਾਨ ਅਤੇ ਪੀ.ਏ.ਡੀ.ਬੀ. ਦੇ ਚੇਅਰਮੈਨ ਕਮਲਦੀਪ ਸਿੰਘ ਮੌਜੂਦ ਸਨ।