ਗੁਰਦਾਸਪੁਰ, 20 ਫਰਵਰੀ ( ਮੰਨਨ ਸੈਣੀ ) ਜਿਲਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਵਲੋਂ ਜ਼ਿਲੇ ਦੇ ਇਤਿਹਿਾਸਕ ਤੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਚਲਾਈਆਂ ਜਾ ਰਹੀਆਂ ਵਿਸ਼ੇਸ ਬੱਸਾਂ ਤਹਿਤ ਕੱਲ੍ਹ 21 ਫਰਵਰੀ ਦਿਨ ਐਤਵਾਰ ਨੂੰ ਸਵੇਰੇ 10 ਵਜੇ ਸਥਾਨਕ ਪੰਚਾਇਤ ਭਵਨ ਗੁਰਦਾਸਪੁਰ ਅਤੇ ਸ਼ਿਵ ਆਡੋਟੋਰੀਅਮ ਬਟਾਲਾ ਤੋਂ ਸਵੇਰੇ 9.30 ਵਜੇ ਬੱਸਾਂ ਰਵਾਨਾ ਕੀਤੀਆਂ ਜਾਣਗੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰ ਐਤਵਾਰ ਜ਼ਿਲੇ ਦੀਆਂ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਗੁਰਦਾਸਪੁਰ ਅਤੇ ਬਟਾਲਾ ਤੋਂ ਵਿਸ਼ੇਸ ਬੱਸਾਂ ਚਲਾਈਆਂ ਜਾ ਰਹੀਆਂ ਹਨ, ਜਿਸ ਵਿਚ ਜ਼ਿਲਾਵਾਸੀ ਅਤੇ ਵਿਦਿਆਰਥੀਆਂ ਵਲੋਂ ਆਪਣੇ ਮਾਪਿਆਂ ਨਾਲ ਮੁਫਤ ਯਾਤਰਾ ਕੀਤੀ ਜਾਂਦੀ ਹੈ। ਉਨਾਂ ਅੱਗੇ ਦੱਸਿਆ ਕਿ ਇਸ ਐਤਵਾਰ 21 ਫਰਵਰੀ ਨੂੰ ਇਨਾਂ ਬੱਸਾਂ ਤੋਂ ਇਲਾਵਾ ਜ਼ਿਲੇ ਦੇ ਸ਼ਹੀਦ ਪਰਿਵਾਰਕ ਮੈਂਬਰਾਂ ਨੂੰ ਵੀ ਧਾਰਮਿਕ ਤੇ ਇਤਿਹਾਸਕ ਸਥਾਨਾਂ ਦੇ ਦਰਸ਼ਨਾਂ ਲਈ ਗੁਰਦਾਸਪੁਰ ਅਤੇ ਬਟਾਲਾ ਤੋਂ ਵਿਸ਼ੇਸ ਬੱਸਾਂ ਚਲਾਈਆਂ ਜਾ ਰਹੀਆਂ ਹਨ। ਉਨਾਂ ਅੱਗੇ ਦੱਸਿਆ ਕਿ ਸ਼ਹੀਦਾਂ ਪਰਿਵਾਰਾਂ ਦੇ ਸਨਮਾਨ ਵਿਚ ਛੋਟਾ ਘੱਲੂਘਾਰਾ, ਛੰਬ ਕਾਹਨੂੰਵਾਨ ਵਿਖੇ ਸ਼ਹੀਦ ਪਰਿਵਾਰ ਸਨਮਾਨ ਸਮਾਰੋਹ ਵੀ ਕਰਵਾਇਆ ਜਾ ਰਿਹਾ ਹੈ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਜਾਵੇਗਾ, ਜਿਸਦੇ ਸਵੇਰੇ 10.30 ਵਜੇ ਭੋਗ ਪਾਏ ਜਾਣਗੇ।
ਇਸ ਯਾਤਰਾ ਰਾਹੀ ਗੁਰਦਾਸਪੁਰ ਤੋਂ ਚੱਲਣ ਵਾਲੀ ਬੱਸ ਰਾਹੀਂ ਯਾਤਰੀਆਂ ਨੂੰ ਛੋਟਾ ਘੱਲੂਘਾਰਾ ਸਮਾਰਕ ਕਾਹਨੂੰਵਾਨ ਅਤੇ ਛੋਟਾ ਘੱਲੂਘਾਰਾ ਗੁਰਦੁਆਰਾ ਸਾਹਿਬ, ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰਾ ਸਾਹਿਬ, ਗੁਰਦਾਸ ਨੰਗਲ, ਸ਼ਿਵ ਮੰਦਿਰ ਕਲਾਨੋਰ, ਕਰਤਾਰਪੁਰ ਕੋਰੀਡੋਰ (ਦਰਸ਼ਨ ਸਥਲ), ਗੁਰਦੁਆਰਾ ਚੋਹਲਾ ਸਾਹਿਬ ਤੇ ਗੁਰਦੁਆਰਾ ਦਰਬਾਰ ਸਾਹਿਬ, ਜੋੜਾ ਛੱਤਰਾਂ, ਬਾਵਾ ਲਾਲ ਜੀ ਦੇ ਮੰਦਰ ਧਿਆਨਪੁਰ ਦੇ ਦਰਸਨ ਕਰਵਾਏ ਜਾਣਗੇ। ਇਸੇ ਤਰਾਂ ਬਟਾਲਾ ਤੋਂ ਚੱਲਣ ਵਾਲੀ ਬੱਸ ਰਾਹੀਂ ਛੋਟਾ ਘੱਲੂਘਾਰਾ ਸਮਾਰਕ ਕਾਹਨੂੰਵਾਨ ਅਤੇ ਛੋਟਾ ਘੱਲੂਘਾਰਾ ਗੁਰਦੁਆਰਾ ਸਾਹਿਬ, ਸ੍ਰੀ ਹਰਗੋਬਿੰਦਪੁਰ, ਕਿਸ਼ਨਕੋਟ, ਘੁਮਾਣ, ਮਸਾਣੀਆਂ ਤੇ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਤੇ ਅਚਲੇਸ਼ਵਰ ਧਾਮ ਦੇ ਦਰਸ਼ਨ ਕਰਵਾਏ ਜਾਣਗੇ।