ਡੀ.ਜੀ.ਪੀ. ਦਿਨਕਰ ਗੁਪਤਾ ਨੇ ਸਭ ਤੋਂ ਪਹਿਲਾਂ ਟੀਕਾ ਲਗਵਾ ਕੇ 80000 ਤੋਂ ਵੱਧ ਪੁਲਿਸ ਕਰਮੀਆਂ ਅਤੇ ਫਰੰਟਲਾਈਨ ਵਰਕਰਾਂ ਨੂੰ ਟੀਕਾ ਲਗਵਾਉਣ ਲਈ ਕੀਤਾ ਪ੍ਰੇਰਿਤ
ਕੋਵਿਡ-19 ਮਹਾਂਮਾਰੀ ਤੋਂ ਬਚਣ ਲਈ 24 ਘੰਟੇ ਲੋਕਾਂ ਦੀ ਸੇਵਾ ਵਿੱਚ ਜੁਟੀ ਰਹਿਣ ਵਾਲੀ ਪੰਜਾਬ ਪੁਲਿਸ ਲਈ ਟੀਕਾ ਲਗਵਾਉਣਾ ਬਹੁਤ ਮਹੱਤਵਪੂਰਨ
ਚੰਡੀਗੜ, 2 ਫਰਵਰੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਫਰੰਟਲਾਈਨ ਵਰਕਰਾਂ ਲਈ ਕੋਵਿਡ -19 ਟੀਕਾਕਰਣ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਪੁਲਿਸ ਹੈੱਡਕੁਆਰਟਰ ਵਿਖੇ ਕੀਤੀ ਜਿਸ ਦੌਰਾਨ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ.) ਦਿਨਕਰ ਗੁਪਤਾ ਸਵੈ-ਇੱਛਾ ਨਾਲ ਪਹਿਲਾ ਟੀਕਾ ਲਗਵਾਿੲਆ। ਪੰਜਾਬ ਦੇ ਵਧੀਕ ਮੁੱਖ ਸਕੱਤਰ (ਗ੍ਰਹਿ) ਅਨੁਰਾਗ ਅਗਰਵਾਲ ਵੀ ਇਸ ਸੈਸ਼ਨ ਦੌਰਾਨ ਪੰਜਾਬ ਪੁਲਿਸ ਦੇ ਹੋਰ ਉੱਚ ਅਧਿਕਾਰੀਆਂ ਸਮੇਤ ਟੀਕਾ ਲਗਵਾਉਣ ਵਾਲਿਆਂ ਵਿੱਚ ਸ਼ਾਮਲ ਹਨ।
ਪੰਜਾਬ ਵਿੱਚ ਚੱਲ ਰਹੀ ਟੀਕਾਕਰਣ ਮੁਹਿੰਮ ਦੇ ਦੂਜੇ ਪੜਾਅ ਤਹਿਤ ਪੰਜਾਬ ਭਰ ਵਿੱਚ ਲਗਭਗ 82789 ਪੁਲਿਸ ਕਰਮਚਾਰੀਆਂ ਨੂੰ ਕੋਵਿਡ -19 ਟੀਕਾ ਲਗਾਇਆ ਜਾਣਾ ਹੈ।
ਟੀਕਾਕਰਣ ਮੁਹਿੰਮ ਦੀ ਸੁਰੂਆਤ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗਾਰਡ ਆਫ ਆਨਰ ਦਿੱਤਾ ਗਿਆ, ਜਿਸ ਤੋਂ ਬਾਅਦ ਉਹਨਾਂ ਨੇ ਪੰਜਾਬ ਪੁਲਿਸ ਹੈੱਡਕੁਆਟਰ ਵਿਖੇ ਪੰਜਾਬ ਪੁਲਿਸ ਸ਼ਹੀਦ ਸਮਾਰਕ ‘ਤੇ ਅੱਤਵਾਦ ਵਿਰੁੱਧ ਲੜਾਈ ਦੌਰਾਨ ਆਪਣੀ ਜਾਨ ਵਾਰਨ ਵਾਲੇ ਵੱਖ ਵੱਖ ਰੈਂਕਾਂ ਦੇ 1800 ਪੁਲਿਸ ਕਰਮੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਪੰਜਾਬ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਕੋਵਿਡ -19 ਸ਼ਿਖਰ ‘ਤੇ ਸੀ ਉਸ ਸਮੇਂ ਸਾਰੀ ਪੁਲਿਸ ਫੋਰਸ ਅਤੇ ਫਰੰਟਲਾਈਨ ਵਰਕਰਾਂ ਨੇ ਦਿਨ ਰਾਤ ਤਨਦੇਹੀ ਨਾਲ ਕੰਮ ਕੀਤਾ। ੳਹਨਾਂ ਕਿਹਾ ਕਿ ਪੁਲਿਸ ਨੇ ਕਾਨੂੰਨ ਅਤੇ ਵਿਵਸਥਾ ਨੂੰ ਬਣਾਈ ਰੱਖਣ ਤੋਂ ਇਲਾਵਾ ਕਰੋਨਾ ਕਾਰਨ ਲਗਾਏ ਗਏ ਦੋ ਮਹੀਨੇ ਦੇ ਕਰਫਿਊ ਦੌਰਾਨ ਭੋਜਨ, ਦਵਾਈਆਂ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਵੀ ਘਰ ਘਰ ਜਾ ਕੇ ਉਪਲਬਧ ਕਰਵਾਈਆਂ।ਉਨਾਂ ਦੱਸਿਆ ਕਿ ਕੁੱਲ 6153 ਪੁਲਿਸ ਕਰਮੀ ਕਰੋਨਾ ਪਾਜ਼ੇਟਿਵ ਪਾਏ ਗਏ ਸਨ, ਜਿਨਾਂ ਵਿਚੋਂ 6086 ਸਫਲਤਾਪੂਰਵਕ ਬਿਮਾਰੀ ਤੋਂ ਉੱਭਰ ਗਏ ਹਨ ਜਦੋਂ ਕਿ 15 ਪੁਲਿਸ ਕਰਮੀ ਹਾਲੇ ਵੀ ਕੋਰੋਨਾ ਪਾਜ਼ਿਟਿਵ ਹਨ ਅਤੇ ਜ਼ੇਰੇ-ਇਲਾਜ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਬਦਕਿਸਮਤੀ ਨਾਲ ਪੁਲਿਸ ਦੇ 52 ਅਧਿਕਾਰੀ ਜਿਨਾਂ ਵਿਚ ਇਕ ਗਜਟਿਡ ਅਫਸਰ, 33 ਗੈਰ-ਗਜਟਿਡ ਅਫਸਰ, 9 ਵੱਖ ਵੱਖ ਰੈਂਕ ਦੇ ਮੁਲਾਜ਼ਮ ਅਤੇ 6 ਪੰਜਾਬ ਹੋਮ ਗਾਰਡ ਦੇ ਜਵਾਨਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਕੋਈ ਰਕਮ ਜਾਨ ਗਵਾ ਚੁੱਕੇ ਵਿਅਕਤੀਆ ਦੀ ਭਰਪਾਈ ਨਹੀਂ ਕਰ ਸਕਦੀ ਪਰ ਪੰਜਾਬ ਸਰਕਾਰ ਹਮੇਸਾਂ ਕੋਵਿਡ -19 ਕਾਰਨ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨਾਲ ਖੜੀ ਹੈ। ਉਨਾਂ ਸੰਤੁਸ਼ਟੀ ਪ੍ਰਗਟਾਈ ਕਿ ਕੋਵਿਡ -19 ਕਾਰਨ ਮਰ ਚੁੱਕੇ ਪੰਜਾਬ ਪੁਲਿਸ ਮੁਲਾਜਮਾਂ ਦੇ ਸਾਰੇ ਯੋਗ ਪਰਿਵਾਰਾਂ ਨੂੰ ਪਹਿਲਾਂ ਹੀ 50 ਲੱਖ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਕਰਮਚਾਰੀ 24 ਘੰਟੇ ਰਾਜ ਦੇ ਲੋਕਾਂ ਦੀ ਸੇਵਾ ਵਿੱਚ ਜੁਟੇ ਰਹਿੰਦੇ ਹਨ ਇਸ ਲਈ ਸਮੁੱਚੀ ਪੰਜਾਬ ਪੁਲਿਸ ਨੂੰ ਟੀਕਾ ਲਗਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਉਹ ਖੁਦ ਨੂੰ ਅਤੇ ਆਪਣੇ ਲੋਕਾਂ ਨੂੰ ਕੋਵਿਡ ਤੋਂ ਸੁਰੱਖਿਅਤ ਰੱਖ ਸਕਣ।ਇਸ ਮੌਕੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਹੁਸਨ ਲਾਲ ਸਮੇਤ ਹੋਰ ਪ੍ਰਮੁੱਖ ਅਧਿਕਾਰੀ ਮੌਜੂਦ ਸਨ।