ਨਿਊ ਯੀਅਰ ਲੋਹੜੀ ਬੰਪਰ-2021 ਦੀ ਜੇਤੂ ਨੇ ਆਪਣੇ ਸਹੁਰੇ ਦੇ ਕਹਿਣ ’ਤੇ ਖਰੀਦੀ ਸੀ ਟਿਕਟ
ਚੰਡੀਗੜ੍ਹ, 28 ਜਨਵਰੀ: ਪੰਜਾਬ ਰਾਜ ਨਿਊ ਯੀਅਰ ਲੋਹੜੀ ਬੰਪਰ -2021 ਪੱਛਮੀ ਬੰਗਾਲ ਦੇ ਇੱਕ ਮੱਧਵਰਗੀ ਪਰਿਵਾਰ ਦੇ ਜੀਵਨ ਵਿੱਚ ਆਸ ਦੀ ਨਵੀਂ ਕਿਰਨ ਲੈ ਕੇ ਆਇਆ ਹੈ। ਸੰਗੀਤਾ ਚੌਬੇ ਜੋ ਕਿ ਪਾਰਟ ਟਾਈਮ ਵਿੱਚ ਬੱਚਿਆਂ ਨੂੰ ਕਲੇਅ ਮਾਡਲਿੰਗ ਅਤੇ ਡਰਾਇੰਗ ਸਿਖਾਉਂਦੀ ਹੈ, ਨੇ 2.50 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ।
ਆਪਣੀ ਖੁਸ਼ੀ ਜ਼ਾਹਰ ਕਰਦਿਆਂ ਸੰਗੀਤਾ (48) ਵਾਸੀ ਆਸਨਸੋਲ (ਡਬਲਯੂ. ਬੀ.) ਨੇ ਕਿਹਾ ਕਿ ਉਸ ਨੇ ਜੰਿਦਗੀ ਵਿੱਚ ਇੰਨੀ ਵੱਡੀ ਇਨਾਮੀ ਰਾਸ਼ੀ ਜਿੱਤਣ ਬਾਰੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਪਰ ਪੰਜਾਬ ਰਾਜ ਨਿਊ ਯੀਅਰ ਲੋਹੜੀ ਬੰਪਰ ਨੇ ਇਹ ਸੱਚ ਕਰ ਵਿਖਾਇਆ। ਉਸਨੇ ਕਿਹਾ ਕਿ ਉਸਦਾ ਸਹੁਰਾ ਕਾਫ਼ੀ ਸਮੇਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਸੀ ਪਰ ਉਹ ਕਦੇ ਵੀ ਇੰਨਾ ਵੱਡਾ ਇਨਾਮ ਨਹੀਂ ਜਿੱਤੇ। ਸੰਗੀਤਾ ਚੌਬੇ ਨੇ ਦੱਸਿਆ ਕਿ ਉਸਨੇ ਆਪਣੇ ਸਹੁਰੇ ਦੇ ਕਹਿਣ ’ਤੇ ਪਹਿਲੀ ਵਾਰ ਲਾਟਰੀ ਦੀ ਟਿਕਟ ਖਰੀਦੀ। ਉਸਨੇ ਕਿਹਾ ਕਿ ਆਖਰਕਾਰ ਉਨ੍ਹਾਂ ਦੀ ਤਕਦੀਰ ਚਮਕੀ ਅਤੇ ਉਸਨੇ ਪਹਿਲਾ ਇਨਾਮ ਜਿੱਤ ਲਿਆ ਹੈ।
ਇਨਾਮੀ ਰਾਸੀ ਲਈ ਅੱਜ ਚੰਡੀਗੜ੍ਹ ਵਿਖੇ ਲਾਟਰੀ ਵਿਭਾਗ ਕੋਲ ਟਿਕਟ ਅਤੇ ਲੋੜੀਂਦੇ ਦਸਤਾਵੇਜ ਜਮ੍ਹਾ ਕਰਵਾਉਣ ਤੋਂ ਬਾਅਦ ਉਸਨੇ ਕਿਹਾ ਕਿ ਉਸ ਦੇ ਪਤੀ ਪ੍ਰਾਈਵੇਟ ਨੌਕਰੀ ਕਰ ਰਹੇ ਹਨ ਅਤੇ ਉਨ੍ਹਾਂ ਦੇ ਇੱਕ ਧੀ ਅਤੇ ਦੋ ਪੁੱਤਰ ਹਨ। ਉਸਨੇ ਕਿਹਾ ਕਿ ਇਹ ਇਨਾਮੀ ਰਾਸ਼ੀ ਉਹਨਾਂ ਦੇ ਬੱਚਿਆਂ ਦਾ ਭਵਿੱਖ ਬਣਾਉਣ ਵਿੱਚ ਕਾਫ਼ੀ ਮਦਦਗਾਰ ਸਾਬਤ ਹੋਵੇਗੀ ਅਤੇ ਇਸ ਨਾਲ ਉਨ੍ਹਾਂ ਦੀਆਂ ਵਿੱਤੀ ਸਮੱਸਿਆਵਾਂ ਵੀ ਹੱਲ ਹੋਣਗੀਆਂ।
ਪੰਜਾਬ ਰਾਜ ਲਾਟਰੀ ਵਿਭਾਗ ਦੇ ਇਕ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਇਸ ਵਾਰ ਨਿਊ ਯੀਅਰ ਲੋਹੜੀ ਬੰਪਰ ਦਾ 5 ਕਰੋੜ ਰੁਪਏ ਦਾ ਪਹਿਲਾ ਇਨਾਮ ਪਹਿਲੇ ਦੋ ਜੇਤੂਆਂ ਵਿੱਚ ਬਰਾਬਰ (ਹਰੇਕ ਲਈ 2.50 ਕਰੋੜ ਰੁਪਏ) ਵੰਡਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬੰਪਰ ਦਾ ਡਰਾਅ 15 ਜਨਵਰੀ 2021 ਨੂੰ ਕੱਢਿਆ ਗਿਆ ਸੀ। ਇਹਨਾਂ ਵਿੱਚੋਂ ਟਿਕਟ ਏ -322070 ਦੀ ਜੇਤੂ ਸੰਗੀਤਾ ਨੇ ਦਸਤਾਵੇਜ ਜਮ੍ਹਾਂ ਕਰਵਾ ਦਿੱਤੇ ਹਨ ਅਤੇ ਇਨਾਮੀ ਰਾਸੀ ਜਲਦੀ ਹੀ ਉਨ੍ਹਾਂ ਦੇ ਖਾਤੇ ਵਿੱਚ ਪਾ ਦਿੱਤੀ ਜਾਵੇਗੀ। ਗੌਰਤਲਬ ਹੈ ਕਿ ਪੰਜਾਬ ਸਰਕਾਰ ਦੁਆਰਾ ਜਾਰੀ ਬੰਪਰ ਲਾਟਰੀਆਂ ਦੇ ਪਹਿਲੇ ਇਨਾਮ ਵੇਚੀਆਂ ਟਿਕਟਾਂ ਵਿੱਚੋਂ ਹੀ ਐਲਾਨੇ ਜਾਂਦੇ ਹਨ ਅਤੇ ਅਜਿਹਾ ਕਰਨ ਵਾਲਾ ਪੰਜਾਬ ਦੇਸ ਦਾ ਇਕਲੌਤਾ ਸੂਬਾ ਹੈ।