ਬਲਬੀਰ ਸਿੰਘ ਸਿੱਧੂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਵਲੋਂ ਸਿਵਲ ਹਸਪਤਾਲ ਦਾ ਦੌਰਾ
ਸਿਹਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕੋਵਿਡ-19 ਵੈਕਸੀਨ ਲਈ ਜਾਣਕਾਰੀ
ਕੋਵਿਡ-19 ਵੈਕਸੀਨ ਲਗਾਉਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ-ਕੈਬਨਿਟ ਮੰਤਰੀ ਸਿੱਧੂ
ਗੁਰਦਾਸਪੁਰ, 17 ਜਨਵਰੀ ( ਮੰਨਨ ਸੈਣੀ ) ਬਲਬੀਰ ਸਿੰਘ ਸਿੱਧੂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਵਲੋਂ ਅੱਜ ਸਥਾਨਕ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ ਤੇ ਸਿਹਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜਿਲੇ ਅੰਦਰ ਕੋਵਿਡ-19 ਵੈਕਸੀਨ ਸਬੰਧੀ ਗੱਲਬਾਤ ਕੀਤੀ ਗਈ। ਇਸ ਮੌਕੇ ਸ੍ਰੀ ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ, ਡਾ. ਰਜਿੰਦਰ ਸਿੰਘ ਸੋਹਲ ਐਸ.ਐਸ.ਪੀ ਗੁਰਦਾਸਪੁਰ, ਤਰਸੇਮ ਲਾਲ ਨਾਇਬ ਤਹਿਸੀਲਦਾਰ, ਡਾ ਵਰਿੰਦਰ ਜਗਤ ਸਿਵਲ ਸਰਜਨ ਅਤੇ ਗੁਰਸ਼ਰਨ ਸਿੰਘ ਰਿਆੜੀ ਵੀ ਮੌਜੂਦ ਸਨ।
ਇਸ ਮੌਕੇ ਪੱਤਰਾਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਵਜੀਰ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਕੋਵਿਡ-19 ਵਿਰੁੱਧ ਸਫਲ ਉਪਰਾਲੇ ਕੀਤੇ ਗਏ ਅਤੇ ਬੀਤੇ ਕੱਲ੍ਹ ਸੂਬੇ ਭਰ ਅੰਦਰ ਕੋਵਿਡ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਪਹਿਲੇ ਪੜਾਅ ਵਿੱਚ 1.74 ਲੱਖ ਸਿਹਤ-ਸੰਭਾਲ ਕਾਮਿਆਂ ਦੇ ਟੀਕਾਕਰਨ ਮੁਹਿੰਮ ਦੀ ਸ਼ੁਰੂ ਕੀਤੀ ਜਾ ਚੁੱਕੀ ਹੈ। ਉਨਾਂ ਦੱਸਿਆ ਕਿ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪਹਿਲਾਂ ਸਿਹਤ ਕਾਮਿਆਂ ਨੂੰ ਵੈਕਸੀਨ ਦਿੱਤੀ ਜਾਵੇਗੀ ਅਤੇ ਉਸ ਤੋਂ ਬਾਅਦ ਫੌਜੀ ਸੈਨਿਕਾਂ ਅਤੇ ਪੁਲੀਸ ਮੁਲਾਜ਼ਮਾਂ ਦਾ ਟੀਕਾਕਰਨ ਹੋਵੇਗਾ।
ਇਸ ਟੀਕਾਕਰਨ ਦੀ ਸੁਰੱਖਿਆ ਬਾਰੇ ਇਕ ਸਵਾਲ ਦੇ ਜਵਾਬ ਵਿੱਚ ਉਨਾਂ ਦੱਸਿਆ ਕਿ ਇਸ ਵੈਕਸੀਨ ਨੂੰ ਉਸ ਵੇਲੇ ਤੱਕ ਪ੍ਰਵਾਨਗੀ ਨਹੀਂ ਦਿੱਤੀ ਗਈ ਜਦੋਂ ਤੱਕ ਵਿਗਿਆਨੀਆਂ ਨੇ ਇਸ ਦੇ ਸੁਰੱਖਿਅਤ ਹੋਣ ਦੀ ਜ਼ਾਮਨੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਵਿਸ਼ਵ ਵਿੱਚ ਬਹੁਤ ਸਾਰੀਆਂ ਉੱਘੀਆਂ ਸ਼ਖਸੀਅਤਾਂ ਬਿਨਾਂ ਕਿਸੇ ਪ੍ਰਭਾਵ ਤੋਂ ਕੋਵਿਡ ਵੈਕਸੀਨ ਲੁਆ ਚੁੱਕੀਆਂ ਹਨ ਅਤੇ ਇਨ੍ਹਾਂ ਹਸਤੀਆਂ ਵਿੱਚ ਇੰਗਲੈਂਡ ਦੀ ਮਹਾਰਾਣੀ ਐਲਿਜਾਬੈੱਥ ਜੋ 93 ਵਰਿ੍ਹਆਂ ਦੀ ਹੈ ਅਤੇ ਉਨ੍ਹਾਂ ਦੇ ਪਤੀ ਜੋ 99 ਵਰਿ੍ਹਆਂ ਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਮਾਸਕ ਪਹਿਨਣ, ਸਮਾਜਿਕ ਦੂਰੀ ਅਤੇ ਹੋਰ ਸੁਰੱਖਿਆ ਉਪਾਵਾਂ ਦਾ ਪਾਲਣ ਕਰਦੇ ਰਹਿਣ ਦੀ ਅਪੀਲ ਕੀਤੀ। ਉਨਾਂ ਦੱਸਿਆ ਕਿ ਸੂਬੇ ਭਰ ਅੰਦਰ ਲੋਕਾਂ ਨੂੰ ਕੋਵਿਡ-19 ਵੈਕਸੀਨ ਲਗਾਉਣ ਲਈ ਜਾਗਰੂਕ ਕੀਤਾ ਜਾਵੇਗਾ।
ਇਸ ਮੌਕੇ ਇਕ ਸਵਾਲ ਦੇ ਜਵਾਬ ਵਿਚ ਉਨਾਂ ਕਿਹਾ ਕਿ ਦਿੱਲੀ ਦੇ ਬਾਰਡਰ ਤੇ ਅੰਨਦਾਤਾ ਕਿਸਾਨਾਂ ਵਲੋਂ ਦਿੱਤੇ ਜਾ ਰਹੇ ਧਰਨੇ ਸਬੰਧੀ ਕੇਂਦਰ ਸਰਕਾਰ ਦੇ ਰਵੱਈਏ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਓਨੀ ਘੱਟ ਹੈ। ਉਨਾਂ ਕਿਹਾ ਕਿ ਖੇਤੀ ਕਾਨੂੰਨ ਕਿਸਾਨ ਮਾਰੂ ਹਨ ਕੇਂਦਰ ਸਰਕਾਰ ਨੂੰ ਇਹ ਕਾਨੂੰਨ ਰੱਦ ਕਰਨੇ ਚਾਹੀਦੇ ਹਨ ਅਤੇ ਇਸ ਮਸਲੇ ਪ੍ਰਤੀ ਸੂਬਾ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ।
ਇਸ ਤੋਂ ਪਹਿਲਾਂ ਵਿਧਾਇਕ ਪਾਹੜਾ ਨੇ ਸਿਹਤ ਮੰਤਰੀ ਸ੍ਰੀ ਸਿੱਧੂ ਦਾ ਗੁਰਦਾਸਪੁਰ ਵਿਖੇ ਆਉਣ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਸਿਹਤ ਮੰਤਰੀ ਦੀ ਅਗਵਾਈ ਹੇਠ ਸਿਹਤ ਵਿਭਾਗ ਵਲੋਂ ਕੋਵਿਡ-19 ਵਿਰੁੱਧ ਸਾਰਥਕ ਕਦਮ ਚੁੱਕੇ ਗਏ ਅਤੇ ਗੁਰਦਾਸਪੁਰ ਜਿਲੇ ਅੰਦਰ ਵੀ ਸਿਹਤ ਵਿਭਾਗ ਦੀ ਟੀਮ ਵਲੋ ਸ਼ਾਨਦਾਰ ਸੇਵਾਵਾਂ ਨਿਭਾਈਆਂ ਗਈਆਂ , ਜਿਸ ਫਲਸਰੂਪ ਜਿਲੇ ਅੰਦਰ ਕੋਵਿਡ-19 ਦਾ ਫੈਲਾਅ ਬਾਕੀ ਜ਼ਿਲਿਆਂ ਨਾਲ ਘੱਟ ਰਿਹਾ। ਉਨਾਂ ਦੱਸਿਆ ਕਿ ਉਨਾਂ ਦੀ ਪੂਰੀ ਟੀਮ ਵਲੋਂ ਵੀ ਕੋਵਿਡ-19 ਬਿਮਾਰੀ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਉਪਰਾਲੇ ਕੀਤੇ ਗਏ ਅਤੇ ਕਰਤਾਰ ਸਿੰਘ ਪਾਹੜਾ ਚੈਰੀਟੇਬਲ ਟਰੱਸਟ ਵਲੋਂ ਲੋੜਵੰਦ ਲੋਕਾਂ ਨੂੰ ਰਾਸ਼ਨ ਅਤੇ ਦਵਾਈਆਂ ਪੁਜਦੀਆਂ ਗਈਆਂ। ਉਨਾਂ ਸਿਹਤ ਮੰਤਰੀ ਦੇ ਧਿਆਨ ਵਿਚ ਲਿਆਂਦਾ ਕਿ ਗੁਰਦਾਸਪੁਰ ਅੰਦਰ ਮੈਡੀਕਲ ਕਾਲਜ ਸਥਾਪਤ ਕੀਤੇ ਜਾਣ ਸਬੰਧੀ ਅਖੀਰਲੇ ਪੱਧਰ ਤੇ ਗੱਲਬਾਤ ਚੱਲ ਰਹੀ ਅਤੇ ਉਨਾਂ ਨੂੰ ਆਸ ਹੈ ਕਿ ਮੁੱਖ ਮੰਤਰੀ ਪੰਜਾਬ, ਸਿਹਤ ਮੰਤਰੀ ਅਤੇ ਜਿਲੇ ਦੇ ਕੈਬਨਿਟ ਮੰਤਰੀਆਂ ਦੇ ਯਤਨਾਂ ਸਦਕਾ ਸਰਹੱਦੀ ਜਿਲੇ ਗੁਰਦਾਸਪੁਰ ਅੰਦਰ ਜਲਦ ਮੈਡਕੀਲ ਕਾਲਜ ਖੋਲ੍ਹਣ ਦੀ ਪ੍ਰਵਾਨਗੀ ਮਿਲ ਜਾਵੇਗੀ, ਜਿਸ ਨਾਲ ਕੇਵਲ ਸਰਹੱਦੀ ਖੇਤਰ ਦੇ ਲੋਕਾਂ ਨੂੰ ਹੀ ਨਹੀਂ ਬਲਕਿ ਜੰਮੂ-ਕਸ਼ਮੀਰ ਤੇ ਹਿਮਾਚਲ ਰਾਜ ਦੇ ਲੋਕਾਂ ਨੂੰ ਵੀ ਰਾਹਤ ਮਿਲੇਗੀ। ਜਿਸ ਸਬੰਧੀ ਸਿਹਤ ਮੰਤਰੀ ਸ੍ਰੀ ਸਿੱਧੂ ਨੇ ਹਾਂ ਪੱਖੀ ਹੁੰਗਾਰਾ ਭਰਦਿਆਂ ਕਿਹਾ ਕਿ ਉਨਾਂ ਦੀ ਹਮੇਸ਼ਾ ਕੋਸ਼ਿਸ ਰਹੇਗੀ ਕਿ ਗੁਰਦਾਸਪੁਰ ਅੰਦਰ ਮੈਡੀਕਲ ਕਾਲਜ ਸਥਾਪਤ ਹੋਵੇ।
ਇਸ ਮੌਕੇ ਸਿਵਲ ਸਰਜਨ ਡਾ. ਵਰਿੰਦਰ ਜਗਤ ਨੇ ਸਿਹਤ ਮੰਤਰੀ ਦਾ ਸਿਵਲ ਹਸਪਤਾਲ ਵਿਖੇ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਅਤੇ ਜਿੇਲ ਅੰਦਰ ਕੋਵਿਡ-19 ਵੈਕਸੀਨ ਸੰਬਧੀ ਵਿਸਥਾਰ ਵਿਚ ਜਾਣਕਾਰੀ ਪ੍ਰਦਾਨ ਕੀਤੀ। ਉਨਾਂ ਦੱਸਿਆ ਕਿ ਟੀਕਾਕਰਣ ਦੀ ਸ਼ੁਰੂਆਤ ਲਈ ਜ਼ਿਲ੍ਹੇ ਵਿੱਚ 4 ਸਥਾਨਾਂ ਜਿਵੇਂ ਜ਼ਿਲਾ ਹਸਪਤਾਲ ਗੁਰਦਾਸਪੁਰ, ਸਿਵਲ ਹਸਪਤਾਲ ਬਟਾਲਾ, ਸੀ.ਐਚਸੀ ਕਲਾਨੌਰ ਅਤੇ ਤਿੱਬੜੀ ਕੈਂਪ ਦੀ ਚੋਣ ਕੀਤੀ ਗਈ ਹੈ। ਪਹਿਲੇ ਪੜਾਅ ਤਹਿਤ ਰਜਿਸਟਰਡ ਹੋਏ ਕਰੀਬ 9 ਹਜ਼ਾਰ ਸਰਕਾਰੀ ਅਤੇ ਪ੍ਰਾਈਵੇਟ ਹੈਲਥ ਵਰਕਰਾਂ ਦਾ ਟੀਕਾਕਰਨ ਕੀਤਾ ਜਾਵੇਗਾ। ਹਰੇਕ ਟੀਕਾਕਰਣ ਸੈਸ਼ਨ ਦੇ ਪ੍ਰਬੰਧਨ ਲਈ 5 ਮੈਂਬਰੀ ਟੀਮ ਬਣਾਈ ਗਈ ਅਤੇ ਟੀਮ ਦੀਆਂ ਨਿਰਧਾਰਤ ਜਿੰਮੇਵਾਰੀਆਂ ਮੁਤਾਬਿਕ ਪਹਿਲਾ ਵੈਕਸੀਨੇਸ਼ਨ ਅਧਿਕਾਰੀ ਐਂਟਰਸ ‘ਤੇ ਇਹ ਯਕੀਨੀ ਬਣਾਏਗਾ ਕਿ ਸਿਰਫ ਯੋਗ ਵੈਕਸੀਨੇਟਰ ਹੀ ਦਾਖਲ ਹੋਣ, ਦੂਜਾ ਵੈਕਸੀਨੇਸ਼ਨ ਅਧਿਕਾਰੀ ਕੋਵਿਨ ਐਪ ‘ਤੇ ਲਾਭਪਾਤਰੀਆਂ ਦੀ ਤਸਦੀਕ ਕਰੇਗਾ, ਤੀਜਾ ਵੈਕਸੀਨੇਸ਼ਨ ਅਧਿਕਾਰੀ ਇੰਟ੍ਰਾ ਮਸਕੁਲਰ ਵਜੋਂ ਟੀਕਾ ਲਗਾਏਗਾ, ਚੌਥਾ ਵੈਕਸੀਨੇਸ਼ਨ ਅਧਿਕਾਰੀ ਏਈਐਫਆਈ (ਟੀਕਾਕਰਣ ਤੋਂ ਬਾਅਦ ਐਡਵਰਸ ਈਫੈਕਟ) ਦੀ ਨਿਗਰਾਨੀ ਲਈ ਓਬਜ਼ਰਵੇਸ਼ਨ ਰੂਮ ਵਿਖੇ ਤਾਇਨਾਤ ਹੋਵੇਗਾ ਅਤੇ ਪੰਜਵਾਂ ਵੈਕਸੀਨੇਸ਼ਨ ਅਧਿਕਾਰੀ ਲਾਭਪਾਤਰੀਆਂ ਦੀ ਆਮਦ ਨੂੰ ਨਿਯੰਤਰਣ ਕਰਨ ਵਿਚ ਸਹਾਇਤਾ ਕਰੇਗਾ।
ਇਸ ਮੌਕੇ ਡਾ. ਵਿਜੇ ਕੁਮਾਰ ਜਿਲਾ ਪਰਿਵਾਰ ਤੇ ਭਲਾਈ ਅਫਸਰ, ਡਾ ਮਨਚੰਦਾ ਜੀ, ਡਾ. ਭਾਰਤ ਭੂਸ਼ਣ ਐਸ.ਐਮ.ਓ, ਡਾ. ਚੇਤਨਾ ਐਸ.ਐਮ.ਓ ਗੁਰਦਾਸਪੁਰ. ਡਾ. ਅੰਕੁਰ ਅਤੇ ਸਮੂਹ ਸਟਾਫ ਹਾਜਰ ਸੀ।