Close

Recent Posts

CORONA ਦੇਸ਼ ਪੰਜਾਬ ਮੁੱਖ ਖ਼ਬਰ

ਰੱਖਿਆ ਪੈਨਲ ਦੀ ਮੀਟਿੰਗ ਵਿੱਚੋਂ ਰਾਹੁਲ ਗਾਂਧੀ ਦਾ ਵਾਕਆਊਟ ਕਰਨਾ ਬਿਲਕੁਲ ਜਾਇਜ਼: ਕੈਪਟਨ ਅਮਰਿੰਦਰ ਸਿੰਘ

ਰੱਖਿਆ ਪੈਨਲ ਦੀ ਮੀਟਿੰਗ ਵਿੱਚੋਂ ਰਾਹੁਲ ਗਾਂਧੀ ਦਾ ਵਾਕਆਊਟ ਕਰਨਾ ਬਿਲਕੁਲ ਜਾਇਜ਼: ਕੈਪਟਨ ਅਮਰਿੰਦਰ ਸਿੰਘ
  • PublishedDecember 17, 2020

ਕਮੇਟੀ ਦੀ ਕਾਰਵਾਈ ਨੂੰ ਬੇਤੁਕੀ ਕਹਿੰਦੇ ਹੋਏ ਸਪੀਕਰ ਨੂੰ ਇਸ ਦੇ ਕੰਮਕਾਜ ਵੱਲ ਧਿਆਨ ਦੇਣ ਲਈ ਕਿਹਾ

ਚੰਡੀਗੜ੍ਹ, 17 ਦਸੰਬਰ। ਰਾਹੁਲ ਗਾਂਧੀ ਵੱਲੋਂ ਸੰਸਦੀ ਰੱਖਿਆ ਕਮੇਟੀ ਤੋਂ ਵਾਕ ਆਊਟ ਕੀਤੇ ਜਾਣ ਨੂੰ ਪੂਰੀ ਤਰ੍ਹਾਂ ਜਾਇਜ਼ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਸਪੀਕਰ ਨੂੰ ਇਸ ਕਮੇਟੀ ਦੇ ਕੰਮਕਾਜ ‘ਤੇ ਨਜ਼ਰਸਾਨੀ ਕਰਨੀ ਚਾਹੀਦੀ ਹੈ ਕਿਉਂ ਜੋ ਕਮੇਟੀ ਵਿਚ ਬੇਤੁਕੀਆਂ ਗੱਲਾਂ ਹੋ ਰਹੀਆਂ ਹਨ ਅਤੇ ਮੈਂਬਰਾਂ ਵੱਲੋਂ ਚੀਨ ਤੇ ਪਾਕਿਸਤਾਨ ਤੋਂ ਦਰਪੇਸ਼ ਖਤਰੇ ਦਾ ਮੁਕਾਬਲਾ ਕਰਨ ਲਈ ਵਿਚਾਰ ਵਟਾਂਦਰਾ ਕਰਨ ਦੀ ਥਾਂ ਇਨ੍ਹਾਂ ਗੱਲਾਂ ‘ਤੇ ਬਹਿਸ ਕੀਤੀ ਜਾ ਰਹੀ ਹੈ ਕਿ ਫੌਜ ਦੀ ਵਰਦੀ ਦੇ ਬਟਨ ਅਤੇ ਬੂਟ ਚਮਕਾਉਣ ਲਈ ਕਿਹੜੀ ਪਾਲਿਸ਼ ਵਰਤੀ ਜਾਵੇ।

ਕੈਪਟਨ ਅਮਰਿੰਦਰ ਸਿੰਘ, ਜੋ ਕਿ ਖੁਦ ਸਾਬਕਾ ਫੌਜੀ ਅਧਿਕਾਰੀ ਰਹਿ ਚੁੱਕੇ ਹਨ ਅਤੇ ਸੁਰੱਖਿਆ ਸਬੰਧੀ ਮੁੱਦਿਆ ਦੇ ਜਾਣਕਾਰ ਹੋਣ ਤੋਂ ਇਲਾਵਾ ਅਜਿਹੇ ਪੈਨਲਾਂ ਦੋ ਕੰਮਕਾਜ ਬਾਰੇ ਚੰਗੀ ਤਰ੍ਹਾਂ ਜਾਣੂੂੰ ਹਨ, ਨੇ ਕਿਹਾ, ” ਜਦੋਂ ਕਿ ਚੀਨ ਤੇ ਪਾਕਿਸਤਾਨ, ਭਾਰਤ ਲਈ ਖਤਰਾ ਪੈਦਾ ਕਰ ਰਹੇ ਹਨ ਤਾਂ ਕਮੇਟੀ ਨੂੰ ਬਜਾਏ ਇਨ੍ਹਾਂ ਗੱਲਾਂ ‘ਤੇ ਵਿਚਾਰ ਕਰਨ ਦੇ ਕਿ ਫੌਜ ਦੇ ਬੂਟਾਂ ਅਤੇ ਬਟਨਾਂ ਨੂੰ ਕਿਵੇਂ ਚਮਕਾਇਆ ਜਾਵੇ, ਸੁਰੱਖਿਆ ਅਤੇ ਰਣਨੀਤਿਕ ਮੁੱਦਿਆਂ ‘ਤੇ ਚਰਚਾ ਕਰਨੀ ਚਾਹੀਦੀ ਸੀ। ”

ਮੁੱਖ ਮੰਤਰੀ ਨੇ ਇਸ ਗੱਲ ਸਬੰਧੀ ਗੰਭੀਰ ਚਿੰਤਾ ਜਾਹਿਰ ਕੀਤੀ ਕਿ ਇਸ ਪੈਨਲ ਦੇ ਕੰਮਕਾਜ ‘ਤੇ ਸਿਆਸੀ ਪ੍ਰਭਾਵ ਪੈ ਰਿਹਾ ਹੈ ਅਤੇ ਇਸ ਦੇ ਚੇਅਰਮੈਨ ਸ਼ਾਇਦ ਕਦੇ ਐਨ.ਸੀ.ਸੀ. ਦਾ ਵੀ ਹਿੱਸਾ ਨਹੀਂ ਰਹੇ। ਉਨ੍ਹਾਂ ਕਿਹਾ, ”ਜਿਨ੍ਹਾਂ ਲੋਕਾਂ ਨੂੰ ਫੌਜ ਬਾਰੇ ਕੁਝ ਨਹੀਂ ਪਤਾ ਉਨ੍ਹਾਂ ਨੂੰ ਕਮੇਟੀਆਂ ਵਿਚ ਥਾਂ ਮਿਲ ਰਹੀ ਹੈ ਅਤੇ ਉਨ੍ਹਾਂ ਤੋਂ ਅਸੀਂ ਮੁਲਕ ਦੀ ਰੱਖਿਆ ਕਰਨ ਦੀ ਆਸ ਕਰਦੇ ਹਾਂ।”

ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਜਿਨ੍ਹਾਂ ਸਿਆਸਤਦਾਨਾਂ ਨੂੰ ਸਾਡੇ ਇਤਿਹਾਸ ਅਤੇ ਹਥਿਆਰਬੰਦ ਫੌਜਾਂ ਬਾਰੇ ਕੁਝ ਵੀ ਨਹੀਂ ਪਤਾ ਉਹ ਹੀ ਕਮੇਟੀ ਦਾ ਹਿੱਸਾ ਹਨ। ਉਨ੍ਹਾਂ ਇਹ ਵੀ ਕਿਹਾ ਕਿ ਚੇਅਰਮੈਨ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਇਨ੍ਹਾਂ ਕਮੇਟੀਆਂ ਦੀਆਂ ਮੀਟਿੰਗਾਂ ਵਿਚ ਜੋ ਵੀ ਵਿਚਾਰ ਚਰਚਾ ਜਾਂ ਫੈਸਲਾ ਹੁੰਦਾ ਹੈ ਉਹ ਮੁਲਕ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੀਤਾ ਜਾਂਦਾ ਹੈ ਅਤੇ ਇਸ ਲਈ ਚੇਅਰਮੈਨ ਨੂੰ ਇਸ ਪੱਧਰ ਦਾ ਵਿਵਹਾਰ ਨਹੀਂ ਕਰਨਾ ਚਾਹੀਦਾ।

ਮੌਜੂਦਾ ਕਮੇਟੀ ਦੇ ਕੰਮਕਾਜ ਨੂੰ ਕਰੜੇ ਹੱਥੀਂ ਲੈਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦਾ ਪੱਧਰ ਵੇਖ ਕੇ ਸ਼ਰਮ ਮਹਿਸੂਸ ਹੁੰਦੀ ਹੈ। ਉਨ੍ਹਾਂ ਅਪੀਲ ਕਰਦੇ ਹੋਏ ਕਿਹਾ, ” ਰੱਬ ਦੇ ਵਾਸਤੇ ਸਾਡੀਆਂ ਫੌਜਾਂ ਅਤੇ ਦੇਸ਼ ਬਾਰੇ ਸੋਚੋ।” ਉਨ੍ਹਾਂ ਸਪੱਸ਼ਟ ਕੀਤਾ ਕਿ ਰਾਹੁਲ ਦਾ ਅਜਿਹੀ ਮੀਟਿੰਗ ਤੋਂ ਵਾਕ ਆਊਟ ਕਰਨਾ ਬਿਲਕੁਲ ਸਹੀ ਸੀ ਜਿਸ ਵਿਚ ਸਾਡੀਆਂ ਫੌਜਾਂ ਵੱਲੋਂ ਚੀਨ ਅਤੇ ਪਾਕਿਸਤਾਨ, ਜੋ ਕਿ ਆਪਸ ਵਿਚ ਗੂੜ੍ਹੇ ਮਿੱਤਰ ਹਨ, ਤੋਂ ਦਰਪੇਸ਼ ਖਤਰੇ ‘ਤੇ ਗੱਲਬਾਤ ਕਰਨ ਦੀ ਥਾਂ ਬੇ-ਸਿਰਪੈਰ ਦੇ ਮੁੱਦੇ ਵਿਚਾਰੇ ਜਾ ਰਹੇ ਸਨ।

ਇਨ੍ਹਾਂ ਮੀਟਿੰਗਾਂ ਵਿੱਚ ਬਹਿਸ ਦਾ ਪੱਧਰ ਉਚਾ ਚੁੱਕਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਉਹ ਮੰਚ ਨਹੀਂ ਜਿੱਥੇ ਇਹ ਗੱਲਾਂ ਵਿਚਾਰੀਆਂ ਜਾਣ ਕਿ ਫੌਜ ਦੀ ਵਰਦੀ ਅਤੇ ਬੂਟ ਚਮਕਾਉਣ ਲਈ ਕਿਹੜੀ ਪਾਲਸ਼ ਦੀ ਵਰਤੋਂ ਕੀਤੀ ਜਾਵੇ ਅਤੇ ਬਿਨਾਂ ਸਿਰ ਪੈਰ ਦੀਆਂ ਗੱਲਾਂ ਕੀਤੀਆਂ ਜਾਣ। ਉਨ੍ਹਾਂ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਸੀਨੀਅਰ ਫੌਜੀ ਅਧਿਕਾਰੀਆਂ ਦੀਆਂ ਮੀਟਿੰਗਾਂ ਛੋਟੇ ਮਾਮਲਿਆਂ ਬਾਰੇ ਗੱਲ ਕਰਨ ਲਈ ਨਹੀਂ ਬਲਕਿ ਕੌਮੀ ਸੁਰੱਖਿਆ ਅਤੇ ਸਾਡੇ ਸੈਨਿਕਾਂ ਦੀਆਂ ਚਿੰਤਾਵਾਂ ਜਿਹੜੇ ਰੋਜ਼ਾਨਾ ਲੜ ਰਹੇ ਹਨ ਅਤੇ ਆਪਣੀਆਂ ਜਾਨਾਂ ਗੁਆ ਰਹੇ ਹਨ, ਜਿਹੇ ਵੱਡੇ ਮੁੱਦਿਆਂ ਉਤੇ ਵਿਚਾਰ ਚਰਚਾ ਕਰਨ ਨੂੰ ਹੁੰਦੀਆਂ ਹਨ। ਉਨ੍ਹਾਂ ਕਿਹਾ, ”ਤੁਸੀਂ ਉਨ੍ਹਾਂ ਲਈ ਕੀ ਕਰ ਰਹੇ ਹੋ? ਤੁਸੀਂ ਉਨ੍ਹਾਂ ਦੇ ਰਹਿਣ-ਸਹਿਣ, ਉਨ੍ਹਾਂ ਦੇ ਕੱਪੜੇ, ਭੋਜਨ, ਹਥਿਆਰ, ਗੋਲੀ ਸਿੱਕਾ ਲਈ ਕੀ ਕੋਸ਼ਿਸ਼ਾਂ ਕਰ ਰਹੇ ਹੋ? ਕਮੇਟੀ ਨੂੰ ਇਸ ਬਾਰੇ ਵਿਚਾਰ ਕਰਨ ਦੀ ਲੋੜ ਹੈ।”

ਪਾਰਟੀ ਸੰਸਦ ਮੈਂਬਰਾਂ ਨੂੰ ਬੋਲਣ ਦੀ ਆਗਿਆ ਨਾ ਦੇਣ ਦੀਆਂ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਤੇ ਹੋਰ ਕਾਂਗਰਸੀ ਮੈਂਬਰਾਂ ਨਾਲ ਬੇਦਰਦੀ ਵਾਲਾ ਸਲੂਕ ਕੀਤਾ ਗਿਆ। ਕਮੇਟੀ ਦੇ ਮੈਂਬਰ ਵਜੋਂ ਆਪਣੇ ਤਜ਼ਰਬੇ ਸਾਂਝੇ ਕਰਦਿਆ ਉਨ੍ਹਾਂ ਕਿਹਾ ਕਿ ਜਦੋਂ ਇੰਦਰਾ ਗਾਂਧੀ ਚੇਅਰਪਰਸਨ ਸਨ ਅਤੇ ਇਕ ਹੋਰ ਮੌਕੇ ‘ਤੇ ਮੇਜਰ ਜਨਰਲ ਬੀ.ਸੀ. ਖੰਡੂਰੀ ਪੈਨਲ ਦੇ ਮੁਖੀ ਸੀ, ”ਸਾਨੂੰ ਖੁੱਲ੍ਹ ਕੇ ਬੋਲਣ ਦੀ ਇਜ਼ਾਜਤ ਹੁੰਦੀ ਸੀ।” ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਰੱਖਿਆ ਮੰਤਰੀ ਵੀ ਸਨ ਅਤੇ ਹਥਿਆਰਬੰਦ ਸੈਨਾਵਾਂ ਦੀਆਂ ਜ਼ਰੂਰਤਾਂ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਮੁੱਖ ਮੰਤਰੀ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਜੋ ਕੁਝ ਹੁਣ ਕੀਤਾ ਜਾ ਰਿਹਾ ਹੈ, ਉਹ ਸਭ ਇਨ੍ਹਾਂ ਪ੍ਰੰਪਰਾਵਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਹੋਰ ਮਹੱਤਵਪੂਰਨ ਅਤੇ ਵੱਡੇ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਗਿਆ। ਉਹ ਆਪ੍ਰੇਸ਼ਨਲ ਤੇ ਵੱਡੇ ਮੁੱਦਿਆਂ ਜਿਵੇਂ ਕਿ ਸਾਜੋ-ਸਮਾਨ ਜਾਂ ਭੋਜਨ ਜੋ ਕਿ ਸਰਹੱਦ ਉਤੇ ਤਾਇਨਾਤ ਸਾਡੇ ਜਵਾਨਾਂ ਕੋਲ ਹੈ ਜਾਂ ਨਹੀਂ ਉਤੇ ਵਿਚਾਰ ਚਰਚਾ ਕਰਨ ਦੀ ਬਜਾਏ ਕਮੇਟੀ ਵਰਦੀ ਦੇ ਬਟਨਾਂ ਅਤੇ ਬੈਜਾਂ ਬਾਰੇ ਚਰਚਾ ਕਰ ਰਹੀ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ”ਇਹ ਕੀ ਬਕਵਾਸ ਹੈ?” ਕਮੇਟੀ ਇਕ ਮਜ਼ਾਕ ਬਣ ਗਈ ਹੈ ਜਿਸ ਦੇ ਇੱਕ ਮੈਂਬਰ ਵੱਲੋਂ ਕਥਿਤ ਤੌਰ ‘ਤੇ ਇਹ ਸੁਝਾਅ ਦਿੱਤਾ ਜਾ ਰਿਹਾ ਹੈ ਕਿ ਤਿੰਨੋਂ ਫੋਰਸਾਂ ਦੀ ਵਰਦੀ ਇਕੋ ਜਿਹੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਕਿਸਮ ਦੇ ਲੋਕਾਂ ਨੂੰ ਮੀਟਿੰਗਾਂ ਵਿਚ ਆਉਣ ਤੋਂ ਪਹਿਲਾਂ ਘੱਟੋ-ਘੱਟ ਪੜ੍ਹ ਲੈਣ ਚਾਹੀਦਾ ਹੈ। ਉਨ੍ਹਾਂ ਨੂੰ ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਦੀਆਂ ਕਦਰਾਂ ਕੀਮਤਾਂ ਅਤੇ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹਰ ਇਕ ਰੈਜੀਮੈਂਟ ਦਾ ਆਪਣਾ ਇਤਿਹਾਸ ਤੇ ਆਪਣਾ ਅਧਿਕਾਰ ਚਿੰਨ੍ਹ ਹੁੰਦਾ ਹੈ। ਉਨ੍ਹਾਂ ਕਿਹਾ ”ਅਧਿਕਾਰ ਚਿੰਨ੍ਹ ਅਤੇ ਵਰਦੀਆਂ ਵਿੱਚ ਤਬਦੀਲੀਆਂ ਬਾਰੇ ਗੱਲ ਕਰਕੇ, ਕੀ ਅਸੀਂ ਆਪਣੇ ਬਲਾਂ ਦੇ ਮਨੋਬਲ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਕੀ ਅਸੀਂ ਉਨ੍ਹਾਂ ਨੂੰ ਦੇ ਮਨੋਬਲ ਨੂੰ ਢਾਹ ਲਾ ਰਹੇ ਹਾਂ?” ਉਨ੍ਹਾਂ ਕਿਹਾ ਕਿ ਵਰਦੀਆਂ ਆਰਮੀ ਹੈਡਕੁਆਰਟਰਾਂ ਦਾ ਮਾਮਲਾ ਹਨ ਨਾ ਕਿ ਸੰਸਦੀ ਕਮੇਟੀ ਦਾ।

ਇਹ ਯਾਦ ਕਰਦਿਆਂ ਕਿ ਉਨ੍ਹਾਂ ਦੀ ਆਪਣੀ ਪਹਿਲੀ ਰੈਜੀਮੈਂਟ 1846 ਵਿੱਚ ਕਾਇਮ ਕੀਤੀ ਗਈ ਸੀ ਜਿਸ ਨੂੰ 26 ਲੜਾਈਆਂ ਦੇ ਸਨਮਾਨ ਹਾਸਲ ਹੋਏ ਹਨ, ਕੈਪਟਨ ਅਮਰਿੰਦਰ ਨੇ ਪੁੱਛਿਆ, ”ਕੀ ਸਾਨੂੰ ਉਨ੍ਹਾਂ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਭੁੱਲਣਾ ਚਾਹੀਦਾ ਹੈ?” ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਲੋਕ ਇਹ ਨਹੀਂ ਸਮਝਦੇ ਉਹ ਕੀ ਬੋਲਦੇ ਅਤੇ ਕੀ ਕਹਿੰਦੇ ਹਨ ਅਤੇ ਦੂਜਿਆਂ ਨੂੰ ਬੋਲਣ ਨਹੀਂ ਦਿੰਦੇ।

Written By
The Punjab Wire