ਮਿੱਲ ਵਿੱਚ ਗੰਨੇ ਪੀੜਨ ਦੀ ਸਮਰੱਥਾ ਵਧੇਗੀ, ਬਿਜਲੀ ਤੋਂ ਆਉਣ ਵਾਲੇ ਤਿੰਨ ਸਾਲਾਂ ‘ਚ 42.50 ਕਰੋੜ ਰੁਪਏ ਦਾ ਵਾਧੂ ਮਾਲੀਆ ਇਕੱਠਾ ਹੋਵੇਗਾ
ਫਸਲੀ ਵਿਭਿੰਨਤਾ ਲਈ ਗੰਨੇ ਦੀ ਖੇਤੀ ਸਭ ਤੋਂ ਅਹਿਮ ਬਦਲ: ਰੰਧਾਵਾ
ਮਹਿੰਦਰ ਸਿੰਘ ਕੇ ਪੀ, ਸੰਗਤ ਸਿੰਘ ਗਿਲਜੀਆ, ਚੌਧਰੀ ਸੁਰਿੰਦਰ ਸਿੰਘ ਤੇ ਕੰਵਲਜੀਤ ਸਿੰਘ ਲਾਲੀ ਵੱਲੋਂ ਮੁੱਖ ਮੰਤਰੀ ਤੇ ਸਹਿਕਾਰਤਾ ਮੰਤਰੀ ਦਾ ਧੰਨਵਾਦ
ਭੋਗਪੁਰ (ਜਲੰਧਰ), 23 ਨਵੰਬਰ। ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੱਜ ਭੋਗਪੁਰ ਸਹਿਕਾਰੀ ਖੰਡ ਮਿੱਲ ਵਿਖੇ 3000 ਟੀ.ਸੀ.ਡੀ. ਸਮਰੱਥਾ ਅਤੇ 15 ਮੈਗਾਵਾਟ ਬਿਜਲੀ ਪਲਾਂਟ ਦੇ ਨਵੇਂ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ।ਇਸ ਦੇ ਨਾਲ ਹੀ ਸਹਿਕਾਰੀ ਖੰਡ ਮਿੱਲਾਂ ਵਿੱਚ ਪਿੜਾਈ ਦਾ ਸੀਜ਼ਨ ਆਰੰਭ ਹੋ ਗਿਆ।
ਸ਼ੂਗਰਫੈਡ ਤੇ ਸਹਿਕਾਰਤਾ ਵਿਭਾਗ ਵੱਲੋਂ ਵੱਡੀ ਪੁਲਾਂਘ ਪੁੱਟਦਿਆਂ 109 ਕਰੋੜ ਰੁਪਏ ਦੀ ਲਾਗਤ ਨਾਲ ਸਹਿਕਾਰੀ ਖੇਤਰ ਦੀ ਸਭ ਤੋਂ ਪਹਿਲੀ ਖੰਡ ਮਿੱਲ ਦੀ ਕਾਇਆ ਕਲਪ ਕੀਤੀ ਗਈ ਜਿਸ ਨਾਲ ਇਹ ਮਿੱਲ ਆਪਣੇ ਖੇਤਰ ਦਾ ਗੰਨਾ ਪੀੜਨ ਦੇ ਸਮਰੱਥ ਹੋਵੇਗੀ। ਇਸ ਤੋਂ ਇਲਾਵਾ ਬਿਜਲੀ ਉਤਪਾਦਨ ਨੂੰ ਆਉਣ ਵਾਲੇ ਤਿੰਨ ਸੀਜ਼ਨਾਂ ਵਿੱਚ ਮਿੱਲ ਨੂੰ 42.50 ਕਰੋੜ ਰੁਪਏ ਦਾ ਵਾਧੂ ਮਾਲੀਆ ਵੀ ਇਕੱਠਾ ਹੋਵੇਗਾ ਜਿਸ ਨਾਲ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਵੀ ਆਪਣੇ ਸਾਧਨਾਂ ਤੋਂ ਕੀਤੀ ਜਾ ਸਕੇਗੀ।
ਨਵੇਂ ਪ੍ਰਾਜੈਕਟ ਦੇ ਉਦਘਾਟਨੀ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਸਹਿਕਾਰਤਾ ਮੰਤਰੀ ਸ.ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਸੂਬੇ ਦੀਆਂ ਸਹਿਕਾਰੀ ਖੰਡ ਮਿੱਲਾਂ ਨੂੰ ਮਜ਼ਬੂਤ ਕਰਨ ਲਈ ਕਈ ਕਦਮ ਚੁੱਕੇ ਗਏ ਹਨ। ਉਨ•ਾਂ ਕਿਹਾ ਕਿ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਵਿੱਚੋਂ ਕੱਢਣ ਲਈ ਗੰਨੇ ਦੀ ਖੇਤੀ ਸਭ ਤੋਂ ਅਹਿਮ ਬਦਲ ਹੈ ਜਿਸ ਵਿੱਚ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਦੀ ਪੂਰੀ ਸਮਰੱਥਾ ਹੈ।
ਸ. ਰੰਧਾਵਾ ਨੇ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਗੰਨੇ ਦੀ ਖੇਤੀ ਹੇਠ ਇਕ ਲੱਖ ਹੈਕਟੇਅਰ ਦੇ ਕਰੀਬ ਰਕਬਾ ਹੈ। ਖੰਡ ਮਿੱਲਾਂ ਦੀ ਪੁਨਰ ਸੁਰਜੀਤੀ ਨਾਲ ਇਹ ਰਕਬੇ ਆਉਣ ਵਾਲੇ ਸਾਲਾਂ ਵਿੱਚ ਹੋਰ ਵੀ ਵਧ ਜਾਵੇਗਾ।ਉਨ•ਾਂ ਕਿਹਾ ਕਿ ਗੰਨੇ ਦੀ ਖੇਤੀ ਨੂੰ ਲਾਹੇਵੰਦ ਬਣਾਉਣ ਅਤੇ ਇਸ ਦੀ ਕਾਸ਼ਤ ਲਈ ਕਿਸਾਨਾਂ ਨੂੰ ਉਤਸ਼ਾਹਤ ਕਰਨ ਲਈ ਸਹਿਕਾਰੀ ਖੰਡ ਮਿੱਲਾਂ ਨੂੰ ਮਜ਼ਬੂਤ ਕਰਨਾ ਸਭ ਤੋਂ ਵੱਡੀ ਲੋੜ ਸੀ। ਇਸੇ ਤਹਿਤ ਸੂਬਾ ਸਰਕਾਰ ਵੱਲੋਂ ਨਵੀਆਂ ਪੁਲਾਂਘਾ ਪੁੱਟੀਆਂ ਜਾ ਰਹੀਆਂ ਹਨ।
ਸ.ਰੰਧਾਵਾ ਨੇ ਦੱਸਿਆ ਕਿ ਪੰਜਾਬ ਕੈਬਨਿਟ ਵੱਲੋਂ ਕੀਤੇ ਗਏ ਅਹਿਮ ਫੈਸਲੇ ਵਿੱਚ ਬੰਦ ਪਈ ਫਰੀਦਕੋਟ ਸਹਿਕਾਰੀ ਖੰਡ ਮਿੱਲ ਦੀ ਪਲਾਂਟ ਮਸ਼ੀਨਰੀ ਨੂੰ ਭੋਗਪੁਰ ਸਹਿਕਾਰੀ ਖੰਡ ਮਿੱਲ ਵਿਖੇ 20.27 ਕਰੋੜ ਰੁਪਏ ਨਾਲ ਸ਼ਿਫਟ ਕੀਤਾ ਗਿਆ ਜਿਸ ਨਾਲ ਮੌਜੂਦਾ ਮਿੱਲ ਦੀ ਪਿੜਾਈ ਸਮਰੱਥਾ 1016 ਟੀ.ਸੀ.ਡੀ. ਤੋਂ ਵਧਾ ਕੇ 3000 ਟੀ.ਸੀ.ਡੀ. ਸਮੇਤ 15 ਮੈਗਾਵਾਟ ਬਿਜਲੀ ਪਲਾਂਟ ਹੋ ਗਈ। ਇਹੋ ਨਵਾਂ ਪ੍ਰਾਜੈਕਟ ਅੱਜ ਸਥਾਪਤ ਕੀਤਾ ਗਿਆ ਹੈ। 15 ਮੈਗਾਵਾਟ ਬਿਜਲੀ ਉਤਪਾਦਨ ਵਿੱਚੋਂ 8.54 ਮੈਗਾਵਾਟ ਬਿਜਲੀ 6.29 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਪਾਵਰਕੌਮ ਨੂੰ ਵੇਚੀ ਜਾਵੇਗੀ ਅਤੇ ਪ੍ਰਤੀ ਯੂਨਿਟ ਰੇਟ ਵਿੱਚ ਹਰੇਕ ਸਾਲ 18 ਪੈਸੇ ਦਾ ਵਾਧਾ ਹੋਵੇਗਾ। ਪੇਡਾ ਨਾਲ ਲਾਗੂ ਕਰਨ ਸਮਝੌਤਾ ਅਤੇ ਪਾਵਰਕੌਮ ਨਾਲ ਬਿਜਲੀ ਖਰੀਦਣ ਦਾ ਸਮਝੌਤਾ ਹੋ ਗਿਆ। ਇਸ ਨਾਲ ਖੰਡ ਮਿੱਲ ਨੂੰ ਸ਼ੁਰੂ ਹੋਣ ਵਾਲੇ ਸੀਜ਼ਨ 2020-21 ਵਿੱਚ 11 ਕਰੋੜ ਰੁਪਏ, 2021-22 ਵਿੱਚ 15 ਕਰੋੜ ਰੁਪਏ ਅਤੇ 2022-23 ਵਿੱਚ 16.50 ਕਰੋੜ ਰੁਪਏ ਦਾ ਵਾਧੂ ਮਾਲੀਆ ਇਕੱਠਾ ਹੋਵੇਗਾ।
ਸ.ਰੰਧਾਵਾ ਨੇ ਕਿਹਾ ਕਿ ਭੋਗਪੁਰ ਸਹਿਕਾਰੀ ਖੰਡ ਮਿੱਲ ਸਹਿਕਾਰੀ ਖੇਤਰ ਦੀ ਸਭ ਤੋਂ ਪਹਿਲੀ ਖੰਡ ਮਿੱਲ ਹੈ ਜਿਸ ਦਾ ਪਹਿਲਾ ਸੀਜ਼ਨ 1955-56 ਵਿੱਚ ਸ਼ੁਰੂ ਹੋਇਆ ਸੀ। ਹੁਣ ਤੱਕ ਇਸ ਮਿੱਲ ਨੇ 64 ਪਿੜਾਈ ਸੀਜ਼ਨ ਪੂਰੇ ਕੀਤੇ ਹਨ। ਪਿਛਲੇ ਸਾਲ 2019-20 ਦੌਰਾਨ ਸੂਬੇ ਦੀਆਂ 9 ਸਹਿਕਾਰੀ ਖੰਡ ਮਿੱਲਾਂ ਵੱਲੋਂ 1.57 ਲੱਖ ਕੁਇੰਟਲ ਗੰਨਾ ਪੀੜਿਆ ਅਤੇ 9.29 ਪ੍ਰਤੀਸ਼ਤ ਖੰਡ ਦੀ ਰਿਕਵਰੀ ਪ੍ਰਾਪਤ ਕੀਤੀ ਗਈ। ਖੰਡ ਦੀ ਸਭ ਤੋਂ ਵੱਧ ਰਿਕਵਰੀ ਭੋਗਪੁਰ ਸਹਿਕਾਰੀ ਖੰਡ ਮਿੱਲ ਵੱਲੋਂ 10.50 ਪ੍ਰਾਪਤ ਕੀਤੀ ਗਈ ਜੋ ਕਿ ਰਿਕਾਰਡ ਹੈ।
ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇਸ ਸਮੇਂ ਭੋਗਪੁਰ ਮਿੱਲ ਦੇ ਰਾਖਵੇਂ ਖੇਤਰ ਵਿੱਚ 363 ਪਿੰਡਾਂ ਦੇ 4466 ਕਿਸਾਨ ਗੰਨਾ ਬੀਜਦੇ ਹਨ ਜਿਨ•ਾਂ ਵਿੱਚੋਂ 4500 ਗੰਨਾ ਕਾਸ਼ਤਕਾਰ ਮਿੱਲ ਨੂੰ ਗੰਨਾ ਸਪਲਾਈ ਕਰਦੇ ਹਨ। ਪਿੜਾਈ ਸੀਜ਼ਨ 2020-21 ਲਈ ਕੁੱਲ 38.78 ਲੱਖ ਕੁਇੰਟਲ ਗੰਨਾ ਬਾਂਡ ਕੀਤਾ ਗਿਆ ਹੈ। ਨਵੀਂ ਮਿੱਲ ਦਾ ਟਰਾਇਲ ਸੀਜ਼ਨ ਹੋਣ ਕਰਕੇ ਪੁਰਾਣੀ ਮਿੱਲ ਨੂੰ ਚਲਾਉਣ ਦੀ ਤਿਆਰੀ ਕੀਤੀ ਗਈ ਹੈ ਤਾਂ ਜੋ ਗੰਨਾ ਕਾਸ਼ਤਕਾਰਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਸ਼ੂਗਰਫੈਡ ਦੀਆਂ ਹੋਰਨਾਂ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੰਦਿਆਂ ਸ. ਰੰਧਾਵਾ ਨੇ ਦੱਸਿਆ ਕਿ ਗੁਰਦਾਸਪੁਰ ਅਤੇ ਬਟਾਲਾ ਵਿਖੇ ਨਵੇਂ ਸ਼ੂਗਰ ਕੰਪਲੈਕਸ ਬਣਾਏ ਜਾ ਰਹੇ ਹਨ। ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਵਿਖੇ 5000 ਟੀ.ਸੀ.ਡੀ. ਦੀ ਸਮਰੱਥਾ ਦਾ ਸ਼ੂਗਰ ਪਲਾਂਟ ਸਮੇਤ 120 ਕੇ.ਐਲ.ਪੀ.ਡੀ ਡਿਸਟੀਲਰੀ ਅਤੇ ਬਟਾਲਾ ਵਿਖੇ 3500 ਟੀ.ਸੀ.ਡੀ. ਸ਼ੂਗਰ ਪਲਾਂਟ ਜੋ ਕਿ 5000 ਟੀ.ਸੀ.ਡੀ ਤੱਕ ਵਧਾਇਆ ਜਾ ਸਕਣ ਵਾਲਾ ਲਗਾਇਆ ਜਾ ਰਿਹਾ ਹੈ। ਉਨ•ਾਂ ਅੱਗੇ ਦੱਸਿਆ ਕਿ ਇੰਡੀਅਨ ਆਇਲ ਕਾਰਪੋਰੇਸਨ ਅਤੇ ਸ਼ੂਗਰਫੈਡ ਨੇ ਸਾਰੀਆਂ ਸਹਿਕਾਰੀ ਖੰਡ ਮਿੱਲਾਂ ਵਿੱਚ ਇੰਡੀਅਨ ਆਇਲ ਦੇ ਆਉਟਲੈਟ ਸਥਾਪਤ ਕਰਨ ਲਈ ਸਹਿਯੋਗ ਕੀਤਾ ਹੈ ਜਿਨ•ਾਂ ਵਿੱਚੋਂ ਮੋਰਿੰਡਾ ਸਹਿਕਾਰੀ ਖੰਡ ਮਿੱਲ ਵਿਖੇ ਰਿਟੇਲ ਆਉਟਲੈਟ ਇਸ ਸਾਲ ਜੂਨ ਮਹੀਨੇ ਸ਼ੁਰੂ ਹੋ ਗਿਆ।
ਸਾਬਕਾ ਮੰਤਰੀ ਅਤੇ ਪੰਜਾਬ ਤਕਨੀਕੀ ਸਿੱਖਿਆ ਬੋਰਡ ਦੇ ਚੇਅਰਮੈਨ ਮਹਿੰਦਰ ਸਿੰਘ ਕੇ.ਪੀ. ਨੇ ਬੋਲਦਿਆਂ ਕਿਹਾ ਕਿ ਅੱਜ ਕਿਸਾਨੀ ਨੂੰ ਦਰਪੇਸ਼ ਔਕੜਾਂ ਦੇ ਚੱਲਦਿਆਂ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਫਸਲੀ ਵਿਭਿੰਨਤਾ ਦੇ ਨਾਲ ਸਹਾਇਕ ਧੰਦੇ ਸ਼ੁਰੂ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਇਸ ਖੰਡ ਮਿੱਲ ਤੋਂ ਬਿਜਲੀ ਦਾ ਉਤਪਾਦਨ ਕਰਨਾ ਬਹੁਤ ਵਧੀਆ ਉਪਰਾਲਾ ਹੈ।
ਵਿਧਾਇਕ ਸੰਗਤ ਸਿੰਘ ਗਿਲਜੀਆ ਨੇ ਆਪਣੇ ਸੰਬੋਧਨ ਦੌਰਾਨ ਸਹਿਕਾਰਤਾ ਮੰਤਰੀ ਵੱਲੋਂ ਇਸ ਮਿੱਲ ਦੀ ਕਾਇਆ ਕਲਪ ਕਰਨ ਲਈ ਕੀਤੀਆਂ ਅਣਥੱਕ ਕੋਸ਼ਿਸ਼ਾਂ ਲਈ ਧੰਨਵਾਦ ਕੀਤਾ।1955 ਵਿੱਚ ਆਪਣੀ ਹੋਂਦ ਵਿੱਚ ਆਉਣ ਤੋਂ ਬਾਅਦ ਭੋਗਪੁਰ ਮਿੱਲ ਦਾ ਪਹਿਲੀ ਵਾਰ ਨਵੀਨੀਕਰਨ ਕੀਤਾ ਗਿਆ ਹੈ ਜਿਸ ਦਾ ਇਸ ਇਲਾਕੇ ਦੇ ਗੰਨਾ ਕਾਸ਼ਤਕਾਰਾਂ ਨੂੰ ਸਿੱਧਾ ਫ਼ਾਇਦਾ ਪੁੱਜੇਗਾ।
ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਕਿਹਾ ਕਿ ਅੱਜ ਦੇ ਇਸ ਪਲਾਂਟ ਦੇ ਉਦਘਾਟਨ ਨਾਲ ਕਿਸਾਨਾਂ ਦੀ ਚਿਰੋਕਣੀ ਮੰਗ ਪੂਰੀ ਹੋ ਗਈ ਹੈ। ਉਨ੍ਹਾਂ ਮੁੱਖ ਮੰਤਰੀ ਤੇ ਸਹਿਕਾਰਤਾ ਮੰਤਰੀ ਦਾ ਉਚੇਚੇ ਤੌਰ ਉਤੇ ਧੰਨਵਾਦ ਕੀਤਾ।
ਸਾਬਕਾ ਵਿਧਾਇਕ ਤੇ ਸ਼ੂਗਰਫੈਡ ਦੇ ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਲਾਲੀ ਨੇ ਬੋਲਦਿਆਂ ਕਿਹਾ ਕਿ ਇਸ ਮਿੱਲ ਦੇ ਨਵੀਨੀਕਰਨ ਨਾਲ ਗੰਨੇ ਦੀ ਖੇਤੀ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਜੇ ਮਿੱਲਾਂ ਆਤਮ ਨਿਰਭਰ ਹੋਣਗੀਆਂ ਤਾਂ ਕਿਸਾਨਾਂ ਨੂੰ ਗੰਨੇ ਦੀ ਨਕਦ ਅਦਾਇਗੀ ਸੰਭਵ ਹੋਵੇਗੀ।
ਬੋਰਡ ਆਫ ਡਾਇਰੈਕਟਰਜ਼ ਦੇ ਚੇਅਰਮੈਨ ਸ. ਪਰਮਵੀਰ ਸਿੰਘ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ।
ਅੱਜ ਉਦਘਾਟਨ ਮੌਕੇ ਸਭ ਤੋਂ ਪਹਿਲਾ ਗੰਨੇ ਦੀਆਂ ਟਰਾਲੀਆਂ ਲਿਆਉਣ ਵਾਲੇ ਪਹਿਲੇ 10 ਕਿਸਾਨਾਂ ਬਿਕਰਮਜੀਤ ਸਿੰਘ, ਸੇਵਾ ਸਿੰਘ, ਜਸਵਿੰਦਰ ਸਿੰਘ, ਕਸ਼ਮੀਰ ਕੌਰ, ਹਰਪ੍ਰੀਤ ਕੌਰ, ਇਕਬਾਲ ਸਿੰਘ, ਸਰਬਜੀਤ ਸਿੰਘ, ਗੁਰਬਚਨ ਸਿੰਘ, ਜਸਵੰਤ ਸਿੰਘ ਤੇ ਜੋਗਿੰਦਰ ਸਿੰਘ ਨੂੰ ਸਨਮਾਨਤ ਵੀ ਕੀਤਾ ਗਿਆ।
ਮਿੱਲ ਦੇ ਨਵੇਂ ਪਲਾਟ ਨੂੰ ਜੇਪੀ ਮੁਖਰਜੀ ਐਂਡ ਐਸੋਸੀਏਟ ਪ੍ਰਾਈਵੇਟ ਲਿਮਟਿਡ ਪੁਣੇ ਦੀ ਦੇਖਰੇਖ ਹੇਠ ਉੱਤਮ ਐਨਰਜੀ ਲਿਮਟਿਡ ਵੱਲੋਂ ਸਥਾਪਤ ਕੀਤਾ ਗਿਆ ਹੈ ਜੋ ਕਿ ਅਤਿ-ਆਧੁਨਿਕ ਤਕਨੀਕਾਂ ਨਾਲ ਲੈਸ ਹੈ। ਨਵੇਂ ਪਲਾਟ ਦੀ ਸਥਾਪਨਾ ਵੇਲੇ ਸਹਿਕਾਰਤਾ ਮੰਤਰੀ ਵੱਲੋਂ ਖ਼ੁਦ ਨਿੱਜੀ ਤੌਰ ਉਤੇ ਸਮੇਂ ਸਮੇਂ ਉਤੇ ਪਰਖ ਕੀਤੀ ਜਾਂਦੀ ਰਹੀ ਅਤੇ ਇਸ ਪਲਾਂਟ ਦਾ ਬੁਆਇਲਰ ਈਐਸਪੀ ਤਕਨਾਲੋਜੀ ਉਤੇ ਆਧਾਰਤ ਹੈ ਜੋ ਪ੍ਰਦੂਸ਼ਣ ਰੋਕਥਾਮ ਲਈ ਸਭ ਤੋਂ ਨਵੀਂ ਤੇ ਕਾਰਗਰ ਤਕਨੀਕ ਹੈ।
ਇਸ ਤੋਂ ਪਹਿਲਾ ਸਹਿਕਾਰਤਾ ਮੰਤਰੀ ਵੱਲੋਂ ਪਲਾਂਟ ਦੇ ਨਵੇਂ ਪ੍ਰਾਜੈਕਟ ਦਾ ਉਦਘਾਟਨ ਕਰਨ ਦੇ ਨਾਲ ਹੀ ਗੰਨੇ ਦੀ ਪਿੜਾਈ ਸ਼ੁਰੂ ਕਰਵਾਈ ਗਈ।ਨਵੇਂ ਪਲਾਂਟ ਦੇ ਉਦਘਾਟਨ ਦੀ ਖ਼ੁਸ਼ੀ ਵਿੱਚ ਖੰਡ ਮਿੱਲ ਵੱਲੋਂ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਰਖਵਾਏ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਉਪਰੰਤ ਮਿੱਲ ਕੰਪਲੈਕਸ ਵਿੱਚ ਸਜਾਏ ਦੀਵਾਨ ਵਿੱਚ ਸੰਗਤਾਂ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ।
ਇਸ ਮੌਕੇ ਸ਼ੂਗਰਫੈਡ ਦੇ ਚੇਅਰਮੈਨ ਅਮਰੀਕ ਸਿੰਘ ਆਲੀਵਾਲ, ਮਿਲਕਫੈਡ ਦੇ ਚੇਅਰਮੈਨ ਕੈਪਟਨ ਹਰਮਿੰਦਰ ਸਿੰਘ, ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਸ੍ਰੀ ਵਿਕਾਸ ਗਰਗ, ਸ਼ੂਗਰਫੈਡ ਦੇ ਐਮ.ਡੀ. ਸ੍ਰੀ ਪੁਨੀਤ ਗੋਇਲ, ਸ਼ੂਗਰਫੈਡ ਦੇ ਜਨਰਲ ਮੈਨੇਜਰ (ਹੈਡਕੁਆਟਰ) ਕੰਵਲਜੀਤ ਸਿੰਘ ਤੂਰ, ਸਹਿਕਾਰੀ ਖੰਡ ਮਿੱਲ ਭੋਗਪੁਰ ਦੇ ਬੋਰਡ ਆਫ ਡਾਇਰੈਕਟਰਜ਼ ਦੇ ਵਾਈਸ ਚੇਅਰਮੈਨ ਸ. ਪਰਮਿੰਦਰ ਸਿੰਘ ਮੱਲ੍ਹੀ ਤੇ ਸਮੂਹ ਮੈਂਬਰ, ਮਿੱਲ ਦੇ ਜਨਰਲ ਮੈਨੇਜਰ ਸ੍ਰੀ ਅਰੁਣ ਕੁਮਾਰ ਅਰੋੜਾ, ਉਤਮ ਐਨਰਜੀ ਲਿਮਟਿਡ ਪੁਣੇ ਦੇ ਸੀ ਈ ਓ ਅਨਿਲ ਬਾਬੂ ਜਾਮੀ ਤੇ ਸੀਨੀਅਰ ਮੈਨੇਜਰ ਪ੍ਰਾਜੈਕਟਸ ਸ਼ੰਕਰ ਬਾਂਬਰੇ ਅਤੇ ਜੇਪੀ ਮੁਖਰਜੀ ਐਂਡ ਐਸੋਸੀਏਟ ਦੇ ਸਹਾਇਕ ਜਨਰਲ ਮੈਨੇਜਰ ਟੀ ਸ੍ਰੀਨਿਵਾਸ ਰਾਓ, ਐਸ ਐਸ ਬੋਰਡ ਦੇ ਮੈਂਬਰ ਜਸਪਾਲ ਸਿੰਘ ਢਿੱਲੋਂ, ਜ਼ਿਲਾ ਕਾਂਗਰਸ ਕਮੇਟੀ (ਦਿਹਾਤੀ) ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਆਦਿ ਹਾਜ਼ਰ ਸਨ।