ਨੈਸ਼ਨਲ ਹਾਈਵੇ ਅਥਾਰਟੀ ਦੀ ਉੱਚ ਪੱਧਰੀ ਟੀਮ ਵੱਲੋਂ ਬਟਾਲਾ ਸ਼ਹਿਰ ਦੇ ਐਂਟਰੀ ਪੁਆਇੰਟਾਂ ਦਾ ਨਿਰੀਖਣ
ਬਟਾਲਾ, ਧਾਰੀਵਾਲ, ਗੁਰਦਾਸਪੁਰ ਅਤੇ ਦੀਨਾਨਗਰ ਦੇ ਐਂਟਰੀ ਪੁਆਇੰਟਾਂ ਦਾ ਕੀਤਾ ਜਾਵੇਗਾ ਰੀ-ਡਿਜ਼ਾਇਨ
ਬਟਾਲਾ, 17 ਨਵੰਬਰ – ਅੰਮ੍ਰਿਤਸਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੋਂ ਬਟਾਲਾ ਸ਼ਹਿਰ ਵਿੱਚ ਐਂਟਰੀ ਪੁਆਇੰਟਾਂ ਉੱਪਰ ਵਾਪਰ ਰਹੇ ਸੜਕ ਹਾਦਸਿਆਂ ਨੂੰ ਰੋਕਣ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਅੱਜ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਪ੍ਰੋਜੈਕਟ ਡਾਇਰੈਕਟਰ ਸ੍ਰੀ ਸੁਨੀਲ ਯਾਦਵ ਨੇ ਆਪਣੀ ਟੀਮ ਸਮੇਤ ਬਟਾਲਾ ਸ਼ਹਿਰ ਦੇ ਐਂਟਰੀ ਪੁਆਇੰਟਾਂ ਦਾ ਨਿਰੀਖਣ ਕੀਤਾ। ਇਸ ਮੌਕੇ ਪੰਜਾਬ ਪੁਲਿਸ ਦੇ ਐੱਸ.ਪੀ., ਲੋਕ ਨਿਰਮਾਣ ਵਿਭਾਗ ਦੇ ਐੱਸ.ਈ. ਰਾਜੀਵ ਸੈਣੀ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਅੰਮ੍ਰਿਤਸਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਪਰ ਬਲੈਕ ਸਪਾਟਸ ਦਾ ਨਿਰੀਖਣ ਕਰਦਿਆਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਪ੍ਰੋਜੈਕਟ ਡਾਇਰੈਕਟਰ ਸ੍ਰੀ ਸੁਨੀਲ ਯਾਦਵ ਨੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੂੰ ਭਰੋਸਾ ਦਿੱਤਾ ਕਿ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਬਟਾਲਾ, ਧਾਰੀਵਾਲ, ਗੁਰਦਾਸਪੁਰ ਅਤੇ ਦੀਨਾਨਗਰ ਦੇ ਐਂਟਰੀ ਪੁਆਇੰਟਾਂ ਦਾ ਇਸ ਢੰਗ ਨਾਲ ਰੀ-ਡਿਜ਼ਾਇਨ ਕੀਤਾ ਜਾਵੇਗਾ ਕਿ ਇਥੇ ਦੁਬਾਰਾ ਕੋਈ ਸੜਕ ਹਾਦਸਾ ਨਾ ਵਾਪਰੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬਹੁਤ ਜਲਦ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਸ੍ਰੀ ਯਾਦਵ ਨੇ ਸ. ਚੀਮਾ ਨੂੰ ਦੱਸਿਆ ਕਿ ਜਿਨ੍ਹਾਂ ਚਿਰ ਰੀ-ਡਿਜ਼ਾਇਨ ਦਾ ਕੰਮ ਮੁਕੰਮਲ ਨਹੀਂ ਹੁੰਦਾ ਓਨਾਂ ਚਿਰ ਸੜਕ ਦੇ ਕਿਨਾਰਿਆਂ ’ਤੇ ਰਾਹਗੀਰਾਂ ਨੂੰ ਸਾਵਧਾਨ ਕਰਦੇ ਸਾਈਨ ਬੋਰਡ, ਸੜਕ ਉੱਪਰ ਰੋਡ ਸੇਫਟੀ ਸਾਈਨ ਬੋਰਡ ਲਗਾਉਣ ਦੇ ਨਾਲ ਸੜਕ ਵਿਚਲੇ ਡਿਵਾਈਡਰ ਵਿਚ ਉੱਘੇ ਘਾਹ-ਬੂਟੀ ਨੂੰ ਖਤਮ ਕਰਨ ਅਤੇ ਸੜਕ ਕਿਨਾਰੇ ਉੱਘੇ ਰੁੱਖ ਜੋ ਰਾਹਗੀਰਾਂ ਨੂੰ ਓਹਲਾ ਕਰਦੇ ਹਨ ਉਨ੍ਹਾਂ ਦੀ ਕਟਾਈ ਕੀਤੀ ਜਾਵੇਗੀ।
ਇਸ ਮੌਕੇ ਹਾਜ਼ਰ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ ਨਿਰਦੇਸ਼ ਵੀ ਦਿੱਤੇ ਅਤੇ ਨਾਲ ਹੀ ਡੀ.ਸੀ. ਗੁਰਦਾਸਪੁਰ ਨਾਲ ਟੈਲੀ-ਕਾਨਫਰੰਸ ਕੀਤੀ। ਸ. ਚੀਮਾ ਨੇ ਕਿਹਾ ਕਿ ਰੀ-ਡਿਜ਼ਾਇਨਿੰਗ ਦੇ ਕੰਮ ਦਾ ਰੀਵਿਊ ਕਰਨ ਲਈ ਹਰ ਹਫ਼ਤੇ ਨੈਸ਼ਨਲ ਹਾਈਵੇ ਅਥਾਰਟੀ ਅਤੇ ਸਬੰਧਤ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇ ਤਾਂ ਜੋ ਜਲਦੀ ਨਾਲ ਇਨ੍ਹਾਂ ਬਲੈਕ ਸਪਾਟ ਨੂੰ ਖਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਮਸਲਾ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ ਅਤੇ ਇਸ ਵਿੱਚ ਕੋਈ ਢਿੱਲ-ਮੱਠ ਜਾਂ ਅਣਗਿਹਲੀ ਨਾ ਵਰਤੀ ਜਾਵੇ। ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੇ ਸ. ਚੀਮਾ ਨੂੰ ਭਰੋਸਾ ਦਿੱਤਾ ਕਿ ਇਸ ਉੱਪਰ ਤੁਰੰਤ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਨੈਸ਼ਨਲ ਹਾਈਵੇ ਉੱਪਰ ਹੋ ਰਹੇ ਸੜਕ ਹਾਦਸਿਆਂ ਦਾ ਗੰਭੀਰ ਨੋਟਿਸ ਲਿਆ ਸੀ ਅਤੇ ਇਨ੍ਹਾਂ ਦੁਰਘਟਨਾਵਾਂ ਨੂੰ ਰੋਕਣ ਲਈ ਉਨ੍ਹਾਂ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਦਿੱਲੀ ਸਥਿਤ ਉੱਚ ਅਧਿਕਾਰੀਆਂ ਅਤੇ ਭਾਰਤੀ ਟਰਾਂਸਪੋਰਟ ਮੰਤਰਾਲੇ ਕੋਲ ਮੁੱਦਾ ਚੁੱਕਿਆ ਸੀ, ਜਿਸ ਉੱਪਰ ਕਾਰਵਾਈ ਕਰਦਿਆਂ ਅੱਜ ਨੈਸ਼ਨਲ ਹਾਈਵੇ ਅਥਾਰਟੀ ਦੇ ਉੱਚ ਅਧਿਕਾਰੀਆਂ ਵਲੋਂ ਬਟਾਲਾ ਦਾ ਦੌਰਾ ਕਰਕੇ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਓਧਰ ਬਟਾਲਾ ਸਮੇਤ ਜ਼ਿਲ੍ਹਾ ਗੁਰਦਾਸਪੁਰ ਦੇ ਵਾਸੀਆਂ ਨੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਵਲੋਂ ਇਸ ਮਸਲੇ ਦਾ ਹੱਲ ਕਰਾਉਣ ਲਈ ਕੀਤੇ ਜਾ ਰਹੇ ਯਤਨਾ ਦੀ ਸਰਾਹਨਾ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸ. ਚੀਮਾ ਦੇ ਯਤਨਾ ਸਦਕਾ ਇਨ੍ਹਾਂ ਥਾਵਾਂ ਉੱਪਰ ਹੁੰਦੇ ਸੜਕ ਹਾਦਸਿਆਂ ਨੂੰ ਰੋਕ ਲੱਗੇਗੀ ਅਤੇ ਕਈ ਕੀਮਤੀ ਜਾਨਾ ਦਾ ਨੁਕਸਾਨ ਹੋਣੋ ਬਚ ਜਾਵੇਗਾ।