ਕੋਰੋਨਾ ਦੀ ਸ਼ਿਕਾਰ ਹੋਈ ਸਫਾਈ ਕਰਮਚਾਰਨ ਦੇ ਪਰਿਵਾਰ ਨੂੰ 15 ਦਿਨਾਂ ਵਿੱਚ 50 ਲੱਖ ਰੁਪਏ ਮੁਆਵਜਾ ਦੇਣ ਦੀਆਂ ਹਦਾਇਤਾਂ
ਬਟਾਲਾ, 17 ਨਵੰਬਰ – ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਗੇਜਾ ਰਾਮ ਨੇ ਨਗਰ ਨਿਗਮ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ ਦੀਆਂ ਨਗਰ ਕੌਂਸਲਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਕੱਚੇ ਕਰਮਚਾਰੀਆਂ ਨੂੰ ਕਾਨੂੰਨ ਅਨੁਸਾਰ ਬਣਦੀ ਤਨਖਾਹ ਉਨ੍ਹਾਂ ਦੇ ਖਾਤਿਆਂ ਵਿੱਚ ਆਨ-ਲਾਈਨ ਦਿੱਤੀ ਜਾਵੇ ਅਤੇ ਜੇਕਰ ਕਿਸੇ ਅਧਿਕਾਰੀ ਨੇ ਇਸ ਪ੍ਰਤੀ ਕੋਈ ਕੁਤਾਹੀ ਜਾਂ ਲਾਪਰਵਾਹੀ ਵਰਤੀ ਤਾਂ ਕਮਿਸ਼ਨ ਵਲੋਂ ਉਸ ਅਧਿਕਾਰੀ ਵਿਰੋਧ ਕਾਨੂੰਨੀ ਕਾਰਵਾਈ ਦਾ ਰਾਹ ਅਖਤਿਆਰ ਕੀਤਾ ਜਾਵੇਗਾ। ਚੇਅਰਮੈਨ ਸ੍ਰੀ ਗੇਜਾ ਰਾਮ ਅੱਜ ਬਟਾਲਾ ਨਗਰ ਨਿਗਮ ਵਿਖੇ ਸਫ਼ਾਈ ਕਰਮਚਾਰੀਆਂ ਦੀਆਂ ਮੁਸ਼ਕਲਾਂ ਸੁਣ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਵਾਈਸ ਚੇਅਰਮੈਨ ਸ. ਰਾਮ ਸਿੰਘ, ਕਮਿਸ਼ਨ ਦੇ ਮੈਂਬਰ ਸ. ਇੰਦਰਜੀਤ ਸਿੰਘ, ਮੈਂਬਰ ਸ੍ਰੀ ਪ੍ਰੇਮ ਮਸੀਹ ਅਤੇ ਕਮਿਸ਼ਨਰ ਨਗਰ ਨਿਗਮ ਬਟਾਲਾ ਸ. ਬਲਵਿੰਦਰ ਸਿੰਘ ਵੀ ਹਾਜ਼ਰ ਸਨ।
ਚੇਅਰਮੈਨ ਸ੍ਰੀ ਗੇਜਾ ਰਾਮ ਨੇ ਅਧਿਕਾਰੀਆਂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਕਿਸੇ ਵੀ ਸਫਾਈ ਕਰਮੀ ਦਾ ਸੋਸ਼ਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕਿਰਤ ਕਾਨੂੰਨਾਂ ਤਹਿਤ ਸਫ਼ਾਈ ਕਰਮੀਆਂ ਨੂੰ ਬਣਦਾ ਮਿਹਨਤਾਨਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਜਿਨ੍ਹਾਂ ਠੇਕੇਦਾਰਾਂ ਦੇ ਆਉਟ ਸੋਰਸ ਪ੍ਰਣਾਲੀ ਤਹਿਤ ਰੱਖੇ ਕੱਚੇ ਸਫਾਈ ਕਰਮਚਾਰੀਆਂ ਦੇ ਪੀ.ਪੀ.ਐੱਫ ਫੰਡਾਂ ਵਿੱਚ ਹੇਰ-ਫੇਰ ਕੀਤਾ ਹੈ ਉਨ੍ਹਾਂ ਖਿਲਾਫ ਧੋਖਾਧੜੀ ਦਾ ਪਰਚਾ ਕਰਨ ਦੀ ਕਮਿਸ਼ਨ ਵਲੋਂ ਸ਼ਿਫ਼ਾਰਸ਼ ਕੀਤੀ ਜਾਵੇਗੀ। ਬਟਾਲਾ ਦੀ ਸਫ਼ਾਈ ਕਰਮਚਾਰਨ ਜੀਤਾ ਰਾਣੀ ਜਿਸਦੀ ਕੋਰੋਨਾ ਵਾਇਰਸ ਕਾਰਨ ਆਨ-ਡਿਊਟੀ ਮੌਤ ਹੋ ਗਈ ਸੀ ਅਤੇ 100 ਦਿਨਾਂ ਤੋਂ ਵੱਧ ਦਾ ਸਮਾਂ ਬੀਤਣ ਦੇ ਬਾਵਜੂਦ ਵੀ ਉਸਦੇ ਵਾਰਸਾਂ ਨੂੰ ਕੋਰੋਨਾ ਪੀੜ੍ਹਤਾਂ ਲਈ ਐਲਾਨੀ 50 ਲੱਖ ਰੁਪਏ ਦੀ ਰਾਸ਼ੀ ਨਾ ਮਿਲਣ ਦਾ ਗੰਭੀਰ ਨੋਟਿਸ ਲੈਂਦਿਆਂ ਚੇਅਰਮੈਨ ਸ੍ਰੀ ਗੇਜਾ ਰਾਮ ਨੇ ਕਮਿਸ਼ਨਰ ਨਗਰ ਨਿਗਮ ਨੂੰ ਹਦਾਇਤ ਕੀਤੀ ਕਿ ਅਗਲੇ 15 ਦਿਨਾਂ ਵਿੱਚ ਪੀੜ੍ਹਤ ਪਰਿਵਾਰ ਨੂੰ 50 ਲੱਖ ਰੁਪਏ ਦੀ ਮੁਆਵਜਾ ਰਾਸ਼ੀ ਦਿੱਤੀ ਜਾਵੇ ਨਹੀਂ ਤਾਂ ਕਮਿਸ਼ਨ ਇਸ ਉੱਪਰ ਆਪਣੇ ਵਲੋਂ ਕਾਨੂੰਨੀ ਰਾਹ ਅਖਤਿਆਰ ਕਰੇਗਾ।
ਬਟਾਲਾ ਨਗਰ ਨਿਗਮ ਵਿੱਚ ਸਫ਼ਾਈ ਵਿਵਸਥਾ ਦਾ ਜਾਇਜਾ ਲੈਣ ਮੌਕੇ ਉਨ੍ਹਾਂ ਕਮਿਸ਼ਨਰ ਨਗਰ ਨਿਗਮ ਨੂੰ ਹਦਾਇਤ ਕੀਤੀ ਕਿ ਬਟਾਲਾ ਸ਼ਹਿਰ ਵਿੱਚ ਹੋਰ ਸਫ਼ਾਈ ਸੇਵਕ ਰੱਖੇ ਜਾਣ ਤਾਂ ਜੋ ਸ਼ਹਿਰ ਦੀ ਸਫ਼ਾਈ ਵਧੀਆ ਢੰਗ ਨਾਲ ਹੋ ਸਕੇ। ਉਨ੍ਹਾਂ ਸ੍ਰੀ ਹਰਗੋਬਿੰਦਪੁਰ ਅਤੇ ਕਾਦੀਆਂ ਨਗਰ ਕੌਂਸਲਾਂ ਵਿੱਚ ਵੀ ਹੋਰ ਸਫ਼ਾਈ ਸੇਵਕ ਭਰਤੀ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਨਾਲ ਹੀ ਕਿਹਾ ਕਿ ਜਿਹੜੇ ਸਫ਼ਾਈ ਕਰਮਚਾਰੀ ਪੜ੍ਹੇ-ਲਿਖੇ ਹਨ ਉਨ੍ਹਾਂ ਨੂੰ ਸਰਕਾਰ ਦੇ ਨਿਯਮਾਂ ਅਨੁਸਾਰ ਤਰੱਕੀ ਦਿੱਤੀ ਜਾਵੇ।
ਕੁਝ ਸਫ਼ਾਈ ਕਰਮਚਾਰੀਆਂ ਵਲੋਂ ਜਦੋਂ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਗਈ ਕਿ ਉਨ੍ਹਾਂ ਨੂੰ ਤਹਿ ਰਾਸ਼ੀ ਤੋਂ ਘੱਟ ਤਨਖਾਹ ਦਿੱਤੀ ਜਾ ਰਹੀ ਹੈ ਤਾਂ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਚੇਅਰਮੈਨ ਸ੍ਰੀ ਗੇਜਾ ਰਾਮ ਨੇ ਕਿਹਾ ਕਿ ਇਸ ਸਬੰਧੀ ਵਿਸਥਾਰਤ ਰਿਪੋਰਟ ਉਨ੍ਹਾਂ ਨੂੰ ਪੇਸ਼ ਕੀਤੀ ਜਾਵੇ ਤਾਂ ਜੋ ਸਬੰਧਤ ਠੇਕੇਦਾਰਾਂ ਅਤੇ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਅਰੰਭੀ ਜਾ ਸਕੇ। ਉਨ੍ਹਾਂ ਕਿਹਾ ਕਿ ਸਫ਼ਾਈ ਕਰਮਚਾਰੀਆਂ ਦੇ ਹਿੱਤਾਂ ਦੀ ਰਾਖੀ ਲਈ ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਵਚਨਬੱਧ ਹੈ ਅਤੇ ਕਿਸੇ ਵੀ ਸਫਾਈ ਕਰਮੀ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਚੇਅਰਮੈਨ ਸ੍ਰੀ ਗੇਜਾ ਰਾਮ ਨੇ ਕਿਹਾ ਕਿ ਕਮਿਸ਼ਨ ਵਲੋਂ ਅਗਲੇ ਮਹੀਨੇ ਦਸੰਬਰ ਦੀ 4 ਤਾਰੀਕ ਨੂੰ ਬਟਾਲਾ ਵਿਖੇ ਦੁਬਾਰਾ ਮੀਟਿੰਗ ਕੀਤੀ ਜਾਵੇਗੀ।