ਪੰਜਾਬ

ਆਪ ਸਰਕਾਰ ਅਫਸਰਸ਼ਾਹੀ ਦਾ ਕਰ ਰਹੀ ਹੈ ਸਿਆਸੀਕਰਨ -ਸੁਨੀਲ ਜਾਖੜ

ਆਪ ਸਰਕਾਰ ਅਫਸਰਸ਼ਾਹੀ ਦਾ ਕਰ ਰਹੀ ਹੈ ਸਿਆਸੀਕਰਨ -ਸੁਨੀਲ ਜਾਖੜ
  • PublishedFebruary 16, 2026

ਮੁੱਖ ਸਕੱਤਰ ਅਤੇ ਡੀਜੀਪੀ ਦੀ ਰੈਲੀ ਵਿੱਚ ਹਾਜਰੀ ਤੇ ਚੁੱਕੇ ਸਵਾਲ

ਚੰਡੀਗੜ੍ਹ 16 ਫਰਵਰੀ 2026 (ਦੀ ਪੰਜਾਬ ਵਾਇਰ)– ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅਫਸਰਸ਼ਾਹੀ ਦਾ ਸਿਆਸੀਕਰਨ ਕਰ ਰਹੀ ਹੈ। ਉਹਨਾਂ ਨੇ ਮੁੱਖ ਸਕੱਤਰ ਅਤੇ ਡੀਜੀਪੀ ਦੀ ਆਪ ਪਾਰਟੀ ਦੀ ਮੋਗਾ ਵਿਖੇ ਕੀਤੀ ਗਈ ਰੈਲੀ ਵਿੱਚ ਹਾਜ਼ਰੀ ਤੇ ਸਵਾਲ ਚੁੱਕੇ ਹਨ।

ਇਸ ਸਬੰਧੀ ਇੱਕ ਸੋਸ਼ਲ ਮੀਡੀਆ ਸੁਨੇਹੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਟੈਗ ਕਰਦਿਆਂ ਸੁਨੀਲ ਜਾਖੜ ਨੇ ਲਿਖਿਆ ਹੈ ਕਿ “ਆਮ ਆਦਮੀ ਪਾਰਟੀ ਦੀ ਰੈਲੀ ਵਿੱਚ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਦੇਖ ਕੇ ਇਹ ਸਵਾਲ ਉੱਠਦਾ ਹੈ ਕਿ ਕੀ ਭਾਰਤ ਦੇ ‘ਸਟੀਂਲ ਫ੍ਰੇਮ’ ਬਿਊਰੋਕ੍ਰੈਟ ਹੁਣ ਰਾਜਨੀਤਿਕ ਮਨਮਰਜ਼ੀਆਂ ਅੱਗੇ ਝੁੱਕ ਰਹੇ ਹਨ? ਕੀ ਇਹ ਆਲ ਇੰਡੀਆ ਸਰਵਿਸ ਰੂਲਜ਼ ਦੀ ਸਪਸ਼ਟ ਉਲੰਘਣਾ ਨਹੀਂ ਹੈ?”

ਸੁਨੀਲ ਜਾਖੜ ਨੇ ਕਿਹਾ ਕਿ ਇਹ ਬੇਹਦ ਚਿੰਤਾਜਨਕ ਹੈ। ਉਹਨਾਂ ਆਖਿਆ ਕਿ ਲੋਕਤੰਤਰ ਵਿੱਚ ਅਫਸਰ ਸ਼ਾਹੀ ਨਿਰਪੱਖਤਾ ਨਾਲ ਕੰਮ ਕਰੇ ਇਹੀ ਤਵੱਜੋ ਕੀਤੀ ਜਾਂਦੀ ਹੈ ਪਰ ਜਾਪਦਾ ਹੈ ਕਿ ਲੋਕਤੰਤਰ ਦੇ ਸਟੀਲ ਫਰੇਮ ਨੌਕਰਸ਼ਾਹ ਹੁਣ ਆਪ ਦੀ ਮਨਮਰਜੀਆਂ ਅੱਗੇ ਸਰੰਡਰ ਕਰ ਗਏ ਹਨ । ਉਹਨਾਂ ਕਿਹਾ ਕਿ ਇਹ ਸੇਵਾ ਨਿਯਮਾਂ ਦਾ ਵੀ ਉਲੰਘਣ ਹੈ।

ਭਾਜਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਆਪ ਪਾਰਟੀ ਵੱਲੋਂ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਮੋਗਾ ਵਿਖੇ ਕੀਤੀ ਗਈ ਰੈਲੀ ਵਿੱਚ ਪਹਿਲਾਂ ਜਿੱਥੇ ਸਾਰੀ ਸਰਕਾਰੀ ਮਸ਼ੀਨਰੀ ਝੋਕ ਦਿੱਤੀ ਗਈ ਅਤੇ ਸਰਕਾਰੀ ਖਜ਼ਾਨੇ ਚੋਂ ਪੈਸਾ ਲੁੱਟਦੇ ਹੋਏ ਇਥੇ ਭੀੜ ਜਟਾਉਣ ਦੀ ਕੋਸ਼ਿਸ਼ ਕੀਤੀ ਗਈ ਉੱਥੇ ਹੀ ਇਸ ਰੈਲੀ ਵਿੱਚ ਡੀਜੀਪੀ ਅਤੇ ਮੁੱਖ ਸਕੱਤਰ ਨੂੰ ਲਿਆ ਕੇ ਆਪ ਸਰਕਾਰ ਨੇ ਪੂਰੀ ਤਰ੍ਹਾਂ ਗੈਰ ਇਖਲਾਕੀ ਕਾਰਜ ਕੀਤਾ ਹੈ।

Written By
The Punjab Wire