ਪ੍ਰਧਾਨ ਮੰਤਰੀ ਨੂੰ ਕਿਸਾਨਾਂ ਵਿਰੋਧੀ ਅੜੀਅਲ ਵਤੀਰਾ ਛੱਡਣ ਦੀ ਅਪੀਲ ਕਰਦਿਆਂ ਪੰਜਾਬ ਸਰਕਾਰ ਵੱਲੋਂ ਚੁੱਕੇ ਕਦਮ ਦੀ ਕੀਤੀ ਸ਼ਲਾਘਾ
ਬਟਾਲਾ, 27 ਅਕਤੂਬਰ ( ਮੰਨਨ ਸੈਣੀ )-ਭਾਰਤੀ ਕਿਸਾਨ ਯੂਨੀਅਨ ਮਾਨ ਦੀ ਜਿਲ੍ਹਾ ਗੁਰਦਾਸਪੁਰ ਦੀ ਮੀਟਿੰਗ ਜਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਅਤੇ ਸ਼ੂਗਰ ਮਿਲ ਬਟਾਲਾ ਦੇ ਚੇਅਰਮੈਨ ਸੁਖਵਿੰਦਰ ਸਿੰਘ ਕਾਹਲੋ ਦੀ ਪ੍ਰਧਾਨਗੀ ਵਿੱਚ ਬਟਾਲਾ ਵਿਖੇ ਹੋਈ। ਮੀਟਿੰਗ ਵਿਚ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਭੁਪਿੰਦਰ ਸਿੰਘ ਮਾਨ ਸਾਬਕਾ ਐਮ.ਪੀ ਅਤੇ ਗੁਰਬਚਨ ਸਿੰਘ ਬਾਜਵਾ ਸੁਬਾਈ ਜਨਰਲ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।
ਇਸ ਮੀਟਿੰਗ ਵਿਚ ਕਿਸਾਨ ਆਗੂਆਂ ਨੇ ਮੌਜੂਦਾ ਸਥਿਤੀ ਬਾਰੇ ਵਿਚਾਰਾਂ ਕਰਦਿਆਂ ਜਿੱਥੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਪ੍ਰਤੀ ਅੜੀਅਲ ਵਤੀਰੇ ਦੀ ਨਿੰਦਾ ਕੀਤੀ ਉੱਥੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਅਤੇ ਸਮੁੱਚੇ ਪੰਜਾਬ ਦੇ ਹੱਕ ਵਿਚ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ ਅਤੇ ਸਾਰੀਆਂ ਸਿਆਸੀ ਧਿਰਾਂ ਅਤੇ ਸਮਾਜਿਕ ਜੱਥੇਬੰਦੀਆਂ ਨੂੰ ਵੀ ਕਿਸਾਨਾਂ ਦੀ ਹਮਾਇਤ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਵੱਖ-ਵੱਖ ਕਿਸਾਨ ਆਗੂਆਂ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਪਿਛਲੇ ਲੰਮੇ ਸਮੇਂ ਤੋਂ ਬੁਰੀ ਤਰਾਂ ਤਬਾਹ ਹੋਈ ਹੈ ਜਿਸ ਕਰਕੇ ਪੰਜਾਬ ਨੇ ਬਹੁਤ ਸੰਤਾਪ ਭੋਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਿਰਫ ਵੋਟ ਬੈਂਕ ਨਾਂ ਸਮਝਿਆ ਜਾਵੇ ਅਤੇ ਕਿਸਾਨੀ ਵੀ ਆਪਣੇ ਆਪ ਨੂੰ ਨਿੱਕੇ-ਨਿੱਕੇ ਸਵਾਰਥਾਂ ਕਰਕੇ ਸਿਰਫ ਵੋਟਾਂ ਪਾਉਣ ਤੱਕ ਹੀ ਸੀਮਤ ਨਾਂ ਰਹੇ।
ਯੂਨੀਅਨ ਆਗੂਆਂ ਨੇ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਪੰਜਾਬ ਦੇ ਕਿਸਾਨਾਂ ਦਾ ਹੋਰ ਇਮਤਿਹਾਨ ਨਾਂ ਲੈਣ । ਅਤੇ ਨਾ ਹੀ ਕਿਸਾਨਾਂ ਦੇ ਸਵੈ ਮਾਣ ਬਾਰੇ ਟਿੱਪਣੀਆਂ ਕਰਕੇ ਉਨ੍ਹਾਂ ਦੇ ਸਵੈ ਮਾਣ ਨੂੰ ਸੱਟ ਮਾਰਨ। ਕਿਸਾਨਾਂ ਨੂੰ ਅਜ਼ਾਦੀ ਦੇਣ ਦੀ ਬਿਲਕੁਲ ਝੂਠੀ ਫਲਾਉਹਣੀ ਦੇਣ ਦੀ ਕਹੀ ਗੱਲ ਬਾਰੇ ਬੀ ਕੇ ਯੂ ਨੇ ਕਿਹਾ ਕਿ ਮੋਦੀ ਦੇ ਇਹਨਾਂ ਕਾਨੂੰਨਾਂ ਨੇ ਕਿਸਾਨਾਂ ਦੀ ਗੁਲਾਮੀ ਹੋਰ ਵਧਾ ਦਿੱਤੀ ਹੈ। ਇਸ ਕਰਕੇ ਅਜਿਹੇ ਕਿਸਾਨ ਵਿਰੋਧੀ ਕਾਨੂੰਨ ਤੁਰੰਤ ਵਾਪਿਸ ਹੋਣੇ ਚਾਹੀਦੇ ਹਨ। ਵੇਲਾ ਰਹਿੰਦਿਆਂ ਮੋਦੀ ਨੂੰ ਕਿਸਾਨਾਂ ਦੀ ਤਰਾਸਦੀ ਨੂੰ ਸਮਝ ਜਾਣਾ ਚਾਹੀਦਾ ਹੈ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕੇਵਲ ਸਿੰਘ ਪ੍ਰਧਾਨ ਜਿਲ੍ਹਾ ਪਠਾਨਕੋਟ, ਜ਼ਿਲਾ ਗੁਰਦਾਸਪੁਰ ਦੇ ਜਨਰਲ ਸਕੱਤਰ ਸੁਰਜੀਤ ਸਿੰਘ ਸੋਢੀ, ਬਲਰਾਜ ਸਿੰਘ ਜੈਤੋ ਸਰਜਾ, ਮੀਤ ਪ੍ਰਧਾਨ ਬਲਦੇਵ ਸਿੰਘ ਦਬੁਰਜੀ, ਪਰਮਜੀਤ ਸਿੰਘ ਮੱਲ੍ਹੀ ਬਲਾਕ ਪ੍ਰਧਾਨ ਬਟਾਲਾ, ਬਲਵਿੰਦਰ ਸਿੰਘ ਭੁੱਲਰ ਸੰਮਤੀ ਮੈਂਬਰ, ਗੁਰਮੀਤ ਸਿੰਘ ਕੋਟਲੀ ਫੱਸੀ, ਗੁਰਪਾਲ ਸਿੰਘ ਸਿੱਧੂ, ਦਵਿੰਦਰ ਸਿੰਘ ਬਾਜਵਾ, ਗੁਰਦੀਪ ਸਿੰਘ ਮੁਸਤਫ਼ਾਬਾਦ, ਰਘਬੀਰ ਸਿੰਘ ਸ਼ੇਰਪੁਰ, ਹਰਦਿਆਲ ਸਿੰਘ, ਬਲਵਿੰਦਰ ਸਿੰਘ ਸ਼ੇਰਪੁਰ, ਅਵਤਾਰ ਸਿੰਘ ਮਮਰਾਵਾਂ, ਜਸਮੇਲ ਸਿੰਘ, ਲਖਵਿੰਦਰ ਸਿੰਘ ਅਤੇ ਜਤਿੰਦਰ ਸਿੰਘ ਤਲਵੰਡੀ ਝੁੰਗਲਾਂ, ਹਰਦਿਆਲ ਸਿੰਘ ਸ਼ਾਹ ਲੌਂਗੋਵਾਲ, ਪਵਨ ਕੁਮਾਰ ਨੰਬਰਦਾਰ ਨਾਨਕ ਚੱਕ, ਹਰਪ੍ਰਤਾਪ ਸਿੰਘ ਦੀਪੇਵਾਲ, ਦਲਬੀਰ ਸਿੰਘ, ਸਰਦੂਲ ਸਿੰਘ ਕੋਟਲਾ ਸ਼ਾਹੀਆ, ਕੁਲਵੰਤ ਸਿੰਘ, ਲਖਬੀਰ ਸਿੰਘ ਸਰਪੰਚ ਕੋਟਲਾ ਸ਼ਾਹੀਆ, ਪਲਵਿੰਦਰ ਸਿੰਘ ਭੁੱਲਰ, ਸੰਪੂਰਨ ਸਿੰਘ ਮਸਾਣੀਆਂ, ਕਸ਼ਮੀਰ ਸਿੰਘ ਫੌਜੀ, ਸਾਈਂ ਦਾਸ ਆਦਿ ਸ਼ਾਮਿਲ ਹੋਏ।