ਗੁਰਦਾਸਪੁਰ, 3 ਅਕਤੁਬਰ (ਮੰਨਨ ਸੈਣੀ) । ਪੰਜਾਬੀ ਦੀ ਪ੍ਰਸਿੱਧ ਸਾਹਿਤਕਾਰ ਡਾ. ਸਰਬਜੀਤ ਕੌਰ ਸੋਹਲ ਦੀ ਹੁਣ ਤੱਕ ਦੀ ਕਾਵਿ ਯਾਤਰਾ ਉੱਪਰ ਅਧਾਰਿਤ ਨਾਮਵਰ ਗਲਪਕਾਰ ਦੇਸ ਰਾਜ ਕਾਲੀ ਵੱਲੋਂ ਸੰਪਾਦਿਤ ਪੁਸਤਕ ਬਰਖਿਲਾਫ਼ ਬਜ਼ਾਤੇ-ਖ਼ੁਦ ਨੂੰ ਅੱਜ ਗੁਰਦਾਸਪੁਰ ਵਿਖੇ ਰਿਲੀਜ਼ ਕੀਤਾ ਗਿਆ। ਜ਼ਿਕਰਯੋਗ ਹੈ ਕਿ ਡਾ. ਸਰਬਜੀਤ ਕੌਰ ਸੋਹਲ ਪੰਜਾਬ ਸਾਹਿਤ ਅਕੈਡਮੀ ਦੀ ਪ੍ਰਧਾਨ, ਪ੍ਰਿੰਸੀਪਲ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਐਸਐਸਪੀ ਗੁਰਦਾਸਪੁਰ ਡਾ. ਰਜਿੰਦਰ ਸਿੰਘ ਸੋਹਲ ਦੀ ਧਰਮ ਪਤਨੀ ਹਨ।
ਉਹਨਾਂ ਦੀ ਵੱਡ ਆਕਾਰੀ ਪੁਸਤਕ ਦੀ ਘੁੰਡ ਚੁਕਾਈ ਮੌਕੇ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਕੀਤਾ ਗਿਆ ਜਿਸ ਵਿਚ ਚੋਣਵੇਂ ਤੇ ਉੱਘੇ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਗਲਪਕਾਰ ਦੇਸ ਰਾਜ ਕਾਲੀ ਤੋਂ ਇਲਾਵਾ ਪ੍ਰਸਿੱਧ ਸਾਹਿਤਕਾਰ ਬੀਬਾ ਬਲਵੰਤ, ਨਾਮਵਰ ਗ਼ਜ਼ਲਗੋ ਸੁਲੱਖਣ ਸਰਹੱਦੀ, ਪ੍ਰਿੰਸੀਪਲ ਤੇਜਿੰਦਰ ਕੌਰ ਸ਼ਾਹੀ, ਸਿਮਰਤ ਸੁਮੇਰਾ, ਮੱਖਣ ਸਿੰਘ ਕੋਹਾੜ, ਐਡਵੋਕੇਟ ਰਣਬੀਰ ਆਕਾਸ਼, ਸਤਿੰਦਰ ਕੌਰ ਕਾਹਲੋਂ, ਰਣਜੀਤ ਕੌਰ ਬਾਜਵਾ, ਜੈਸਮੀਨ ਆਦਿ ਮੌਜੂਦ ਸਨ।
ਇਸ ਮੌਕੇ ਡਾ. ਸਰਬਜੀਤ ਕੌਰ ਸੋਹਲ ਦੀ ਕਾਵਿ ਯਾਤਰਾ ਦਾ ਉਲੇਖ ਕਰਦਿਆਂ ਦੇਸ ਰਾਜ ਕਾਲੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਡਾ. ਸੋਹਲ ਦੀ ਕਾਵਿ ਯਾਤਰਾ ਨੂੰ ਇਕ ਪੁਸਤਕ ਵਿਚ ਸੰਪਾਦਿਤ ਕਰਨਾ ਕਾਫੀ ਚੁਣੌਤੀਪੂਰਨ ਕੰਮ ਰਿਹਾ। ਉਹਨਾਂ ਨੇ ਪੰਜਾਬੀ ਸਾਹਿਤ ਦੀ ਝੋਲੀ ਵਿਚ ਆਪਣੇ 6 ਕਾਵਿ ਸੰਗ੍ਰਹਿ, 3 ਆਲੋਚਨਾਤਮਕ ਪੁਸਤਕਾਂ, 4 ਸੰਪਾਦਿਤ ਪੁਸਤਕਾਂ ਦਾ ਖਜ਼ਾਨਾ ਪਾਇਆ ਹੈ। ਇਸਤੋਂ ਇਲਾਵਾ 9 ਪੁਸਤਕਾਂ ਦਾ ਪੰਜਾਬੀ ਅਨੁਵਾਦ ਕੀਤਾ ਹੈ। ਡਾ. ਸੋਹਲ ਨੇ ਅੱਜ ਸਾਹਿਤਕ ਸੱਥ ਵਿਚ ਆਪਣਾ ਖ਼ਾਸ ਮੁਕਾਮ ਬਣਾ ਲਿਆ ਹੈ। ਦੇਸ ਰਾਜ ਕਾਲੀ ਨੇ ਹੋਰ ਕਿਹਾ ਕਿ ਸਰਬਜੀਤ ਸੋਹਲ ਦੀ ਕਵਿਤਾ ਕਿਸੇ ਦੇ ਬਰਖਿਲਾਫ਼ ਨਹੀਂ ਹੈ ਪਰ ਪਾਠਕ ਜਦੋਂ ਉਸਨੂੰ ਪੜ੍ਹਦਾ ਹੈ ਤਾਂ ਉਹ ਚਾਹੇ ਨਰ ਹੋਵੇ ਜਾਂ ਮਦੀਨ, ਖ਼ੁਦ ਦੇ ਹੀ ਬਰਖਿਲਾਫ਼ ਸੋਚਣ ਲੱਗਦਾ ਹੈ। ਇਹ ਬਹੁਤ ਸਹਿਜ ਭਾਅ ਹੀ ਘਟਿਤ ਹੁੰਦਾ ਹੈ। ਨਾਰੀ ਕਾਵਿ ਚ ਡਾ. ਸਰਬਜੀਤ ਕੌਰ ਸੋਹਲ ਦੀ ਕਵਿਤਾ ਵਿੱਥ ਉੱਤੇ ਇਸ ਕਰਕੇ ਵੀ ਖੜੀ ਹੈ ਕਿਓਂਕਿ ਉਹ ਔਰਤ ਮਨ ਦੇ ਉਦਰੇਵੇਂ ਦੀ ਕਵਿਤਾ ਨਹੀਂ, ਬਲਕਿ ਪਿੱਤਰੀ ਸੱਤਾ ਦੇ ਦਾਬੇ ਨੂੰ ਵੰਗਾਰਦੀ ਕਵਿਤਾ ਹੈ।
ਇਸ ਮੌਕੇ ਬੀਬਾ ਬਲਵੰਤ ਨੇ ਕਿਹਾ ਡਾ. ਸੋਹਲ ਦੀ ਹਰ ਕਿਤਾਬ ਪਹਿਲੀ ਕਿਤਾਬ ਨਾਲੋਂ ਵਖਰੇਵਾਂਪਣ ਅਤੇ ਨਿਖ਼ਾਰ ਲੈ ਕੇ ਆਈ। ਉਹਨਾਂ ਦੀ ਕਵਿਤਾ ਵਿਚ ਚੇਤਨਾ ਦਾ ਵਿਕਾਸ ਨਜ਼ਰ ਆਉਂਦਾ ਹੈ। ਸੁਲੱਖਣ ਸਰਹੱਦੀ ਨੇ ਕਿਹਾ ਕਿ ਔਰਤ ਦੀ ਗੱਲ ਬਹੁਤ ਘੱਟ ਸੁਣੀ ਜਾਂਦੀ ਹੈ ਪਰ ਡਾ. ਸੋਹਲ ਵਰਗੀ ਕਵਿੱਤਰੀ ਜਦੋਂ ਕਵਿਤਾ ਕਹਿੰਦੀ ਹੈ ਤਾਂ ਮਾਣ ਮਹਿਸੂਸ ਹੁੰਦਾ ਹੈ। ਔਰਤ ਬੇਹਤਰ ਢੰਗ ਨਾਲ ਸੰਵੇਦਨਾ ਨੂੰ ਸ਼ਬਦਾਂ ਵਿਚ ਢਾਲ ਸਕਦੀ ਹੈ। ਡਾ. ਸੋਹਲ ਦੀ ਖ਼ਾਸ ਗੱਲ ਇਹ ਵੀ ਹੈ ਕਿ ਉਹ ਹਮੇਸ਼ਾ ਦਲੇਰੀ ਨਾਲ ਲਿਖਦੇ ਹਨ। ਮੱਖਣ ਕੋਹਾੜ ਨੇ ਕਿਹਾ ਕਿ ਔਰਤ ਜ਼ਿਆਦਾ ਸੰਵੇਦਨਸ਼ੀਲ ਹੁੰਦੀ ਹੈ ਪਰ ਉਸਨੂੰ ਪ੍ਰਗਟਾਵਾ ਕਰਨ ਦਾ ਮੌਕਾ ਨਹੀਂ ਮਿਲਦਾ। ਸਰਬਜੀਤ ਕੌਰ ਸੋਹਲ ਨੂੰ ਇਹ ਮੌਕਾ ਮਿਲਿਆ ਅਤੇ ਉਹਨਾਂ ਖੂਬਸੂਰਤ ਸਿਰਜਣਾ ਕੀਤੀ। ਸਿਮਰਤ ਸੁਮੇਰਾ ਨੇ ਕਿਹਾ ਕਿ ਸਰਬਜੀਤ ਸੋਹਲ ਬੇਬਾਕ, ਸਹਿਜਤਾ ਅਤੇ ਚੇਤਨਤਾ ਨਾਲ ਆਪਣੀ ਗੱਲ ਕਹਿੰਦੇ ਹਨ। ਉਹਨਾਂ ਦੀ ਕਵਿਤਾ ਸਿੱਧੀ ਪਰ ਵਿਸਫੋਟਕ ਹੁੰਦੀ ਹੈ।
ਡਾ. ਸਰਬਜੀਤ ਕੌਰ ਸੋਹਲ ਨੇ ਕਿਹਾ ਕਿ ਉਹਨਾਂ ਨੂੰ ਲਿਖਣ ਦਾ ਸ਼ੌਕ ਸੀ ਪਰ ਇਸ ਸ਼ੌਕ ਨੂੰ ਨਿਖਾਰਣ ਅਤੇ ਉਚਾਈ ਪ੍ਰਦਾਨ ਕਰਨ ਵਿਚ ਉਹਨਾਂ ਦੇ ਪਤੀ ਡਾ. ਰਜਿੰਦਰ ਸਿੰਘ ਸੋਹਲ ਦਾ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਦੇ ਉਤਸ਼ਾਹ ਦੇ ਨਾਲ ਨਾਲ ਪੁਲਿਸ ਦੇ ਕੰਮਕਾਜ ਨੂੰ ਨੇੜਿਓਂ ਦੇਖਿਆ। ਇਹੋ ਕਾਰਨ ਹੈ ਕਿ ਸਮਾਜਿਕ ਅਪਰਾਧ, ਔਰਤ ਦੀ ਮਾਨਸਿਕਤਾ ਉਹਨਾ ਦੀਆਂ ਕਹਾਣੀਆਂ ਦਾ ਵਿਸ਼ਾ ਵਸਤੂ ਬਣਦੇ ਹਨ। ਅੰਤ ਵਿਚ ਐਸ ਐਸ ਪੀ ਡਾ.ਰਜਿੰਦਰ ਸਿੰਘ ਸੋਹਲ ਨੇ ਧੰਨਵਾਦੀ ਸ਼ਬਦ ਕਹੇ।