ਯੂ.ਪੀ. ਦੀ ਯੋਗੀ ਸਰਕਾਰ ਨੇ ਬੇਇੰਤਹਾ ਜੁਲਮ ਵਿਰੁੱਧ ਆਵਾਜ਼ ਦਬਾਉਣ ਲਈ ਜਮਹੂਰੀ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗਿਆ-ਕਾਂਗਰਸੀ ਨੇਤਾ

ਪੀੜਤ ਪਰਿਵਾਰ ਨੂੰ ਮਿਲਣ ਜਾ ਰਹੇ ਰਾਹੁਲ ਗਾਂਧੀ ਨਾਲ ਕੀਤੀ ਗਈ ਬਦਸਲੂਕੀ ਦੀ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਸਖਤ ਨਿਖੇਧੀ

ਚੰਡੀਗੜ੍ਹ, 1 ਅਕਤੂਬਰ।ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ ਅਗਵਾਈ ਵਾਲੀ ਯੋਗੀ ਸਰਕਾਰ ਵੱਲੋਂ ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਪਿਅੰਕਾ ਗਾਂਧੀ ਨੂੰ ਬਲਾਤਕਾਰ ਪੀੜਤ ਲੜਕੀ ਦੇ ਪਰਿਵਾਰ ਨੂੰ ਨਾ ਮਿਲਣ ਦੇਣ ਅਤੇ ਰਾਹੁਲ ਗਾਂਧੀ ਨਾਲ ਕੀਤੀ ਗਈ ਵਧੀਕੀ ਦੀ ਕਰੜੀ ਨਿੰਦਾ ਕਰਦਿਆਂ ਪੰਜਾਬ ਦੇ ਕਾਂਗਰਸੀ ਨੇਤਾਵਾਂ ਨੇ ਇਸ ਨੂੰ ਜਮਹੂਰੀ ਕਦਰਾਂ-ਕੀਮਤਾਂ ਦਾ ਘਾਣ ਕਰਨ ਵਾਲਾ ਦਮਨਕਾਰੀ ਕਦਮ ਕਰਾਰ ਦਿੱਤਾ ਹੈ।

ਕੈਬਨਿਟ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ, ਅਰੁਣਾ ਚੌਧਰੀ, ਗੁਰਪ੍ਰੀਤ ਸਿੰਘ ਕਾਂਗੜ, ਬਲਬੀਰ ਸਿੰਘ ਸਿੱਧੂ ਤੇ ਭਾਰਤ ਭੂਸ਼ਣ ਆਸ਼ੂ ਅਤੇ ਵਿਧਾਇਕਾਂ ਦਰਸ਼ਨ ਸਿੰਘ ਬਰਾੜ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਫਤਹਿਜੰਗ ਸਿੰਘ ਬਾਜਵਾ, ਬਰਿੰਦਰਮੀਤ ਸਿੰਘ ਪਾਹੜਾ, ਕੁਲਬੀਰ ਸਿੰਘ ਜ਼ੀਰਾ, ਪ੍ਰੀਤਮ ਸਿੰਘ ਕੋਟਭਾਈ, ਕੁਲਦੀਪ ਸਿੰਘ ਵੈਦ, ਸੰਜੀਵ ਤਲਵਾੜ, ਬਲਵਿੰਦਰ ਸਿੰਘ ਲਾਡੀ ਤੇ ਦਵਿੰਦਰ ਸਿੰਘ ਘੁਬਾਇਆ ਨੇ ਕਿਹਾ ਕਿ ਹਾਥਰਸ ਦੀ ਗਰੀਬ ਧੀ ਨਾਲ ਜਬਰ ਜਨਾਹ ਦੇ ਵਾਪਰੇ ਦਰਦਨਾਕ ਹਾਦਸੇ ਨਾਲ ਜਿੱਥੇ ਪੂਰਾ ਮੁਲਕ ਸਦਮੇ ਵਿੱਚ ਹੈ, ਉਥੇ ਹੀ ਯੂ.ਪੀ. ਸਰਕਾਰ ਵੱਲੋਂ ਇਸ ਘਟਨਾ ਨੂੰ ਦਬਾਉਣ ਲਈ ਸਾਰੇ ਕਾਨੂੰਨ ਛਿੱਕੇ ਟੰਗ ਦਿੱਤੇ ਜਿਸ ਨਾਲ ਲੋਕਾਂ ਵਿੱਚ ਸਖ਼ਤ ਰੋਸ ਪਾਇਆ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਬਲਾਤਕਾਰ ਦਾ ਸ਼ਿਕਾਰ ਗਰੀਬ ਲੜਕੀ ਨਾਲ ਹੋਏ ਬੇਇੰਤਹਾ ਜੁਲਮ ਦੇ ਰੋਸ ਵਜੋਂ ਰਾਹੁਲ ਗਾਂਧੀ ਅੱਜ ਪੀੜਤ ਪਰਿਵਾਰ ਨੂੰ ਮਿਲਣ ਜਾ ਰਹੇ ਸਨ ਪਰ ਇਸ ਦਰਦਨਾਕ ਘਟਨਾ ਉਤੇ ਪਰਦਾ ਪਾਉਣ ਲਈ ਯੂ.ਪੀ. ਸਰਕਾਰ ਨੇ ਵਿਰੋਧੀਆਂ ਨੂੰ ਚੁੱਪ ਕਰਵਾਉਣ ਦੇ ਕੋਝੇ ਯਤਨ ਕਰਦਿਆਂ ਸ੍ਰੀ ਗਾਂਧੀ ਨਾਲ ਮਾੜਾ ਸਲੂਕ ਕੀਤਾ ਜਿਸ ਨਾਲ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦਾ ਅਸਲ ਚਿਹਰਾ ਨੰਗਾ ਹੋ ਗਿਆ।

ਕਾਂਗਰਸੀ ਨੇਤਾਵਾਂ ਨੇ ਕਿਹਾ ਕਿ ਰਾਹੁਲ ਗਾਂਧੀ ਨਾਲ ਕੀਤੀ ਗਈ ਵਧੀਕੀ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰੇ ਉਤੇ ਹੋਈ ਹੈ ਜੋ ਮੁਲਕ ਵਿੱਚ ਔਰਤਾਂ ਵਿੱਚ ਪਾਈ ਜਾ ਰਹੀ ਅਸੁਰੱਖਿਆ ਦੀ ਭਾਵਨਾ ਕਾਰਨ ਬੁਖਲਾਈ ਹੋਈ ਹੈ ਜਿਸ ਕਰਕੇ ਧੀਆਂ ਦੀ ਆਵਾਜ਼ ਬਣਨ ਲਈ ਰਾਹੁਲ ਗਾਂਧੀ ਭਾਜਪਾ ਦੀਆਂ ਅੱਖਾਂ ਰੜਕਦਾ ਹੈ।

ਯੂ.ਪੀ. ਦੀ ਭਾਜਪਾ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਾਂਗਰਸੀ ਨੇਤਾਵਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਅਜਿਹੀਆਂ ਧੱਕੇਸ਼ਾਹੀਆਂ ਨਾਲ ਚੁੱਪ ਕਰਕੇ ਬੈਠਣ ਵਾਲੀ ਨਹੀਂ ਹੈ। ਉਹਨਾਂ ਕਿਹਾ ਕਿ ਸਚਾਈ ਨੂੰ ਨਾ ਲੁਕੋਇਆ ਜਾ ਸਕਦਾ ਹੈ ਅਤੇ ਨਾ ਹੀ ਦਬਾਇਆ ਜਾ ਸਕਦਾ ਹੈ ਜਿਸ ਕਰਕੇ ਭਾਜਪਾ ਸਰਕਾਰ ਨੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ।

ਕਿਸਾਨਾਂ ਨੂੰ ਤਬਾਹ ਕਰ ਦੇਣ ਵਾਲੇ ਮੋਦੀ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਮੁਲਕ ਵਿਚ ਕਿਸਾਨਾਂ ਵਿਚ ਫੈਲੇ ਰੋਸ ਅਤੇ ਇਹਨਾਂ ਕਾਨੂੰਨਾਂ ਖਿਲਾਫ ਰਾਹੁਲ ਗਾਂਧੀ ਦੇ 3 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਤਿੰਨ ਦਿਨਾ ਪੰਜਾਬ ਦੌਰੇ ਤੋਂ ਬੁਖਲਾਈ ਮੋਦੀ ਸਰਕਾਰ ਹਰ ਢੰਗ ਨਾਲ ਰਾਹੁਲ ਗਾਂਧੀ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦਾ ਹੈ ਤਾਂ ਕਿ ਕਿਸਾਨਾਂ ਦੀਆਂ ਜਿੰਦਗੀਆਂ ਆਪਣੇ ਕਾਰੋਪੇਰਟ ਮਿੱਤਰਾਂ ਦੇ ਹਵਾਲੇ ਕਰ ਸਕੇ।
——

error: Content is protected !!