ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਅਰਬਨ ਅਸਟੇਟ-2 ਗੁਰਦਾਸਪੁਰ ਦੇ ਵਿਕਾਸ ਕਾਰਜਾਂ ਦਾ ਰੱਖਿਆ ਗਿਆ ਨੀਂਹ ਪੱਥਰ
ਕਾਲੋਨੀ ਦਾ ਮੁੱਖ ਗੇਟ ਤੇ ਬਾਊਂਡਰੀ ਦੀਵਾਰ ਤੇ 65 ਲੱਖ ਰੁਪਏ ਅਤੇ ਸੜਕਾ ਦੇ ਨਿਰਮਾਣ ਕਾਰਜਾਂ ਤੇ 459 ਲੱਖ ਰੁਪਏ ਖਰਚ ਕੀਤੇ ਜਾਣਗੇ
ਗੁਰਦਾਸਪੁਰ, 23 ਸਤੰਬਰ (ਮੰਨਨ ਸੈਣੀ )। ਸ. ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਵਲੋਂ ਅਰਬਨ ਅਸਟੇਟ-2 ਗੁਰਦਾਸਪੁਰ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਸ੍ਰੀ ਵਾਸੂਦੇਵ ਐਕਸੀਅਨ (ਇਲੈਕਟ੍ਰੀਕਲ), ਸ. ਚਰਨਜੀਤ ਸਿੰਘ ਐਕਸੀਅਨ (ਸਿਵਲ), ਦਵਿੰਦਰ ਸੈਣੀ ਐਸ.ਡੀ.ਓ (ਸਿਵਲ), ਗੁਰਜੇਪਾਲ ਸਿੰਘ ਐਸ.ਡੀ.ਓ (ਹਾਰਟੀਕਲਚਰ), ਪੰਕਜ ਪਾਬੋਰੀਆ ਜੀਏ ਤੇ ਦਾਨਿਸ਼ ਜੇਈ ਆਦਿ ਮੋਜੂਦ ਸਨ।
ਇਸ ਮੌਕੇ ਗੱਲਬਾਤ ਦੌਰਾਨ ਵਿਧਾਇਕ ਪਾਹੜਾ ਨੇ ਦੱਸਿਆ ਕਿ ਅੰਮ੍ਰਿਤਸਰ ਵਿਕਾਸ ਅਥਾਰਟੀ ਵਲੋਂ ਅਰਬਨ ਅਸਟੇਟ-2 ਨੇੜੇ ਮੈਰੀਟੋਰੀਅਸ ਸਕੂਲ, ਗੁਰਦਾਸਪੁਰ ਵਿਖੇ ਲੋਕਾਂ ਨੂੰ ਸ਼ਾਨਦਾਰ ਰਿਹਾਇਸ਼ ਲਈ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ। ਉਨਾਂ ਕਾਲੋਨੀ ਦੇ ਮੁੱਖ ਗੇਟ ਤੇ ਬਾਊਂਡਰੀ ਦੀਵਾਰ, ਜੋ 65 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਜਾਣੀ ਹੈ, ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ ਇਥੇ ਸੜਕਾਂ ਆਦਿ ਬਣਾਉਣ ਲਈ 459 ਲੱਖ ਰੁਪਏ ਖਰਚ ਕੀਤੇ ਜਾਣਗੇ। ਵਾਟਰ ਸਪਲਾਈ ਅਤੇ ਹਾਰਟੀਕਲਚਰ ਆਦਿ ਦੇ ਵਿਕਾਸ ਕੰਮ ਕਰਵਾਏ ਜਾਣਗੇ।
ਵਿਧਾਇਕ ਪਾਹੜਾ ਨੇ ਦੱਸਿਆ ਕਿ ਸੂਬਾ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਦੇ ਨਾਲ ਵਿਕਾਸ ਕੰਮ ਵੀ ਲਗਾਤਾਰ ਕਰਵਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨਾਂ ਦੁਹਰਾਇਆ ਕਿ ਹਲਕੇ ਗੁਰਦਾਸਪੁਰ ਦੇ ਲੋਕਾਂ ਦੇ ਸਰਪਬੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਨਹੀਂ ਰਹਿਣ ਦਿੱਤੀ ਜਾਵੇਗੀ ਤੇ ਹਲਕੇ ਦੇ ਚਹੁਪੱਖੀ ਵਿਕਾਸ ਲਈ ਉਹ ਵਚਨਬੱਧ ਹਨ।