Close

Recent Posts

CORONA ਪੰਜਾਬ ਮੁੱਖ ਖ਼ਬਰ

ਪੰਜਾਬ ਦੇ ਤਿੰਨ ਸਰਕਾਰੀ ਮੈਡੀਕਲ ਕਾਲਜ ਕੋਵਾਕਸਿਨ ਦੇ ਤੀਜੇ ਪੜਾਅ ਦੇ ਟਰਾਇਲ ‘ਚ 15 ਅਕਤੂਬਰ ਤੋਂ ਲੈਣਗੇ ਹਿੱਸਾ

ਪੰਜਾਬ ਦੇ ਤਿੰਨ ਸਰਕਾਰੀ ਮੈਡੀਕਲ ਕਾਲਜ ਕੋਵਾਕਸਿਨ ਦੇ ਤੀਜੇ ਪੜਾਅ ਦੇ ਟਰਾਇਲ ‘ਚ 15 ਅਕਤੂਬਰ ਤੋਂ ਲੈਣਗੇ ਹਿੱਸਾ
  • PublishedSeptember 22, 2020

ਮੁੱਖ ਮੰਤਰੀ ਵੱਲੋਂ ਸੁਰੱਖਿਆ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਅਤੇ ਭਾਗੀਦਾਰਾਂ ਦੀ ਪੂਰਨ ਸਹਿਮਤੀ ਲੈਣ ਦੀ ਹਦਾਇਤ

ਚੰਡੀਗੜ੍ਹ, 22 ਸਤੰਬਰ-ਕੋਵਿਡ ਮਹਾਂਮਾਰੀ ਵਿਰੁੱਧ ਭਾਰਤ ਬਾਇਓਟੈਕ ਲਿਮਟਿਡ ਵੱਲੋਂ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ.) ਦੇ ਸਹਿਯੋਗ ਨਾਲ ਪਰਖ ਅਧੀਨ ਕੋਵਾਕਸਿਨ ਦੇ ਤੀਜੇ ਪੜਾਅ ਵਿੱਚ ਪੰਜਾਬ ਦੇ ਤਿੰਨ ਸਰਕਾਰੀ ਮੈਡੀਕਲ ਕਾਲਜ ਇਸ ਦੇ ਟਰਾਇਲ ਵਿੱਚ ਹਿੱਸਾ ਲੈਣਗੇ। ਇਹ ਟਰਾਇਲ 15 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੇ ਹਨ।

ਇਹ ਜਾਣਕਾਰੀ ਇਕ ਸਰਕਾਰੀ ਬੁਲਾਰੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਵਰਚੁਅਲ ਕੋਵਿਡ ਸਮੀਖਿਆ ਮੀਟਿੰਗ ਉਪਰੰਤ ਦਿੱਤੀ।
ਮੁੱਖ ਮੰਤਰੀ ਨੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਨੂੰ ਟਰਾਇਲ ਦੌਰਾਨ ਪੂਰੀ ਦੇਖਭਾਲ ਅਤੇ ਸੁਰੱਖਿਆ ਸਾਵਾਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ, ਜਿਸ ਲਈ ਭਾਗੀਦਾਰਾਂ ਦੀ ਸਹਿਮਤੀ ਲਾਜ਼ਮੀ ਹੋਵੇਗੀ। ਉਹਨਾਂ ਨੇ ਇਹ ਯਕੀਨੀ ਬਣਾਉਣ ਲਈ ਸਖ਼ਤ ਨਿਰਦੇਸ ਜਾਰੀ ਕੀਤੇ ਹਨ ਕਿ ਗਰੀਬ ਵਿਅਕਤੀਆਂ ਨੂੰ ਉਹਨਾਂ ਦੀ ਸਹਿਮਤੀ, ਗਿਆਨ ਅਤੇ ਸੰਭਾਵਿਤ ਨਤੀਜਿਆਂ ਅਤੇ ਖਤਰਿਆਂ ਤੋਂ ਜਾਣੂ ਕਰਵਾਏ ਬਿਨਾਂ ਟਰਾਇਲ ਵਿੱਚ ਸ਼ਾਮਲ ਨਾ ਕੀਤਾ ਜਾਵੇ।
ਭਾਰਤ ਬਾਇਓਟੈਕ ਲਿਮਟਿਡ, ਜਿਸ ਨੇ ਕੁਝ ਦਿਨ ਪਹਿਲਾਂ ਸੂਬਾ ਸਰਕਾਰ ਕੋਲ ਪਹੁੰਚ ਕੀਤੀ ਸੀ, ਨੇ ਟਰਾਇਲ ਵਿਚ ਹਿੱਸਾ ਲੈਣ ਵਾਲਿਆਂ ਲਈ ਕਿਸੇ ਵੀ ਮਾੜੀ ਘਟਨਾ/ਪ੍ਰਭਾਵ ਜਾਂ ਮੌਤ ਦੇ ਮਾਮਲੇ ਵਿਚ 75 ਲੱਖ ਰੁਪਏ ਦਾ ਬੀਮਾ ਕਵਰ ਦੇਣ ਦਾ ਐਲਾਨ ਕੀਤਾ ਹੈ। ਟੀਕੇ ਦੇ ਸੰਭਾਵਿਤ ਮਾੜੇ ਪ੍ਰਭਾਵਾਂ ਵਿਚ ਬੁਖਾਰ, ਇੰਟਰਾਮਸਕੂਲਰ ਟੀਕੇ ਦੀ ਜਗ੍ਹਾ ‘ਤੇ ਦਰਦ ਅਤੇ ਬੇਚੈਨੀ ਸ਼ਾਮਲ ਹੋ ਸਕਦੇ ਹਨ।

ਟਰਾਇਲ ਵਿੱਚ ਭਾਗ ਲੈਣ ਵਾਲਿਆਂ ਨੂੰ (0 ਅਤੇ 28 ਦਿਨ) ਮਨੁੱਖੀ ਟਰਾਇਲ ਦੇ ਤੀਜੇ ਪੜਾਅ ਦੇ ਹਿੱਸੇ ਵਜੋਂ ਅਕਿਰਿਆਸ਼ੀਲ ਵਾਇਰਸ ਟੀਕੇ ਦੀਆਂ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ।

Written By
The Punjab Wire