ਭਲਕੇ ਵੀਡੀਓ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਨੂੰ ਪੰਜਾਬ ਵਿੱਚ ਸਪਲਾਈ ਵਧਾਉਣ ਲਈ ਹੋਰਨਾਂ ਸੂਬਿਆਂ ਨੂੰ ਨਿਰਦੇਸ਼ ਦੇਣ ਲਈ ਅਪੀਲ ਕੀਤੀ ਜਾਵੇਗੀ
ਵਧ ਕੇਸ ਮੌਤ ਦਰ ਵਾਲੇ 13 ਜ਼ਿਲ੍ਹਿਆਂ ਵਿੱਚ ਸਹੂਲਤਾਂ ‘ਚ ਵਾਧੇ ਲਈ ਸਿਹਤ ਤੇ ਮੈਡੀਕਲ ਖੋਜ ਵਿਭਾਗਾਂ ਨੂੰ ਵੀ ਨਿਰਦੇਸ਼ ਜਾਰੀ
ਚੰਡੀਗੜ੍ਹ, 22 ਸਤੰਬਰ – ਸੂਬੇ ਅੰਦਰ ਕੋਵਿਡ ਕੇਸਾਂ ‘ਚ ਹੋ ਰਹੇ ਵਾਧੇ ਅਤੇ ਆਉਂਦੇ ਹਫਤਿਆਂ ਦੌਰਾਨ ਕੋਵਿਡ ਮਾਮਲੇ ਹੋਰ ਵਧਣ ਦੇ ਸੰਕੇਤਾਂ ਨੂੰ ਵਿਚਾਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਵਧੇਰੇ ਕੇਸ ਮੌਤ ਦਰ (ਸੀ.ਐਫ.ਆਰ) ਵਾਲੇ 13 ਜ਼ਿਲ੍ਹਿਆਂ ਵਿੱਚ ਸਹੂਲਤਾਂ ਵਧਾਉਣ ਅਤੇ ਆਕਸੀਜਨ ਦੀ ਕਮੀ ਨਾ ਆਉਣ ਨੂੰ ਯਕੀਨੀ ਬਣਾਉਣ ਲਈ ਸੂਬੇ ਦੇ ਅੰਦਰੋਂ ਅਤੇ ਬਾਹਰੋਂ ਮੈਡੀਕਲ ਆਕਸੀਜਨ ਸਪਲਾਈ ਵਧਾਉਣ ਦੇ ਆਦੇਸ਼ ਦਿੱਤੇ ਗਏ ਹਨ।
ਭਾਵੇਂ ਕੇਸ ਮੌਤ ਦਰ (ਸੀ.ਐਫ.ਆਰ) ਮੌਜੂਦਾ ਸਮੇਂ 2.89 ਫੀਸਦ ਹੈ ਅਤੇ ਤੇਜ਼ੀ ਨਾਲ ਥੱਲੇ ਆ ਰਹੀ ਹੈ ਪਰ ਹਾਲੇ ਕੌਮੀ ਔਸਤ ਨਾਲੋਂ ਵਧ ਹੈ ਅਤੇ 13 ਜ਼ਿਲ੍ਹਿਆਂ ਵਿੱਚੋਂ ਇਹ ਅੰਕੜੇ ਸਭ ਤੋਂ ਵਧੇਰੇ ਆ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਸੀ.ਐਫ.ਆਰ. ਦਰ ਵਾਲੇ 9 ਜ਼ਿਲ੍ਹਿਆਂ ਵਿੱਚ ਨਿੱਜੀ ਤੇ ਸਰਕਾਰੀ ਖੇਤਰਾਂ ਵਿੱਚ ਤੀਜੇ ਦਰਜੇ ਦੀਆਂ ਇਲਾਜ ਸਹੂਲਤਾਂ ਵਧਾਉਣ ਦੀ ਫੌਰੀ ਜ਼ਰੂਰਤ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਕਪੂਰਥਲਾ, ਫਤਿਹਗੜ੍ਹ ਸਾਹਿਬ, ਸੰਗਰੂਰ, ਤਰਨ ਤਾਰਨ, ਹੁਸ਼ਿਆਰਪੁਰ, ਰੋਪੜ, ਮੋਗਾ, ਐਸ.ਬੀ.ਐਸ ਨਗਰ ਅਤੇ ਫਿਰੋਜ਼ਪੁਰ ਸ਼ਾਮਲ ਹਨ। ਜ਼ਿਆਦਾਤਰ ਮੌਤਾਂ ਹਸਪਤਾਲਾਂ ਵਿੱਚ ਹੋ ਰਹੀਆਂ ਹਨ ਜਿਨ੍ਹਾਂ ਵਿੱਚੋਂ ਲਗਭਗ ਅੱਧੀਆਂ ਪ੍ਰਾਈਵੇਟ ਟਰਸ਼ਰੀ ਕੇਅਰ ਹਸਪਤਾਲਾਂ ਵਿੱਚੋਂ ਰਿਪੋਰਟ ਹੋ ਰਹੀਆਂ ਹਨ।
ਸੂਬੇ ਵਿੱਚ ਉੱਚੀ ਮੌਤ ਦਰ ‘ਤੇ ਚਿੰਤਾ ਜ਼ਾਹਿਰ ਕਰਦਿਆਂ ਡਾ. ਕੇ.ਕੇ.ਤਲਵਾੜ ਵੱਲੋਂ ਪੂਰੇ ਸੂਬੇ ਵਿੱਚ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਨੂੰ ਯਕੀਨੀ ਬਣਾਉਣ ਲਈ ਜ਼ੋਰ ਦਿੱਤਾ ਗਿਆ ਕਿਉਂਜੋ ਵੱਖ-ਵੱਖ ਜ਼ਿਲ੍ਹਿਆਂ ਵਿੱਚ ਢੁਕਵੇਂ ਮਨੁੱਖੀ ਸਰੋਤ ਅਤੇ ਸਹੂਲਤਾਂ ਲੋੜੀਂਦੀਆਂ ਹਨ।
ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਾਲ ਭਲਕੇ ਹੋਣ ਵਾਲੀ ਵਰਚੁਅਲ ਕਾਨਫਰੰਸ ਦੌਰਾਨ ਹੋਰਨਾਂ ਸੂਬਿਆਂ ਵਿੱਚੋਂ ਆਕਸੀਜਨ ਸਪਲਾਈ ਨੂੰ ਵਧਾਉਣ ਦੇ ਮਸਲੇ ਨੂੰ ਉਠਾਉਣਗੇ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਅਪੀਲ ਕਰਨਗੇ ਕਿ ਉਹ ਇਨ੍ਹਾਂ ਸੂਬਿਆਂ (ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ) ਲਈ ਜ਼ਰੂਰੀ ਹਦਾਇਤਾਂ ਜਾਰੀ ਕਰਨ ਕਿਉਂਜੋ ਇਹ ਸੂਬੇ ਪੰਜਾਬ ਲਈ ਮੈਡੀਕਲ ਆਕਸੀਜਨ ਸਪਲਾਈ ਦੇ ਮੌਜੂਦਾ ਸਮੇਂ ਮੁੱਖ ਸਰੋਤ ਹਨ।
ਕੋਵਿਡ ਮਰੀਜ਼ਾਂ ਨੂੰ ਟਰਸ਼ਰੀ ਇਲਾਜ ਮਹੱਈਆ ਕਰਵਾ ਰਹੇ ਪਟਿਆਲਾ, ਅੰਮ੍ਰਿਤਸਰ ਤੇ ਫਰੀਦਕੋਟ ਵਿਚਲੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਵਿੱਚ 14 ਫੀਸਦ ਮੌਤ ਦਰ ਹੋਣ ਦੀਆਂ ਰਿਪੋਰਟਾਂ ਦੇ ਦਰਮਿਆਨ ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਜਾਨਾਂ ਬਚਾਉਣ ਲਈ ਪੰਜਾਬ ਵਿੱਚ ਢੁਕਵੀਂ ਆਕਸੀਜਨ ਸਪਲਾਈ ਹੋਵੇ। ਉਨ੍ਹਾਂ ਵਿਭਾਗਾਂ ਨੂੰ ਇਨ੍ਹਾਂ ਸਰਕਾਰੀ ਮੈਡੀਕਲ ਕਾਲਜਾਂ ਵਿਚ ਮੌਤ ਦਰ ਜਲਦ ਤੋਂ ਜਲਦ 10 ਫੀਸਦ ਤੋਂ ਥੱਲੇ ਲਿਆਉਣ ਲਈ ਹੋਰ ਯਤਨ ਕਰਨ ਖਾਤਰ ਆਖਿਆ।
ਕੋਵਿਡ ਸਥਿਤੀ ਦੇ ਜਾਇਜ਼ੇ ਸਬੰਧੀ ਮੀਟਿੰਗ ਦੌਰਾਨ ਸੂਬੇ ਦੇ ਉੱਚ ਅਧਿਕਾਰੀਆਂ ਤੇ ਸਿਹਤ ਮਾਹਿਰਾਂ ਵੱਲੋਂ ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਇਨ੍ਹਾਂ ਤਿੰਨਾਂ ਸਰਕਾਰੀ ਮੈਡੀਕਲ ਕਾਲਜਾਂ ਦੀ ਕੁੱਲ 283 ਆਈ.ਸੀ.ਯੂ ਸਮਰੱਥਾ ਵਿਚੋਂ ਮੌਜੂਦਾ ਸਮੇਂ 212 ਵਰਤੋਂ ਹਨ। ਮੁੱਖ ਮੰਤਰੀ ਨੂੰ ਮੈਡੀਕਲ ਸਿੱਖਿਆ ਦੇ ਸਕੱਤਰ ਡੀ.ਕੇ.ਤਿਵਾੜੀ ਵੱਲੋਂ ਦੱਸਿਆ ਗਿਆ ਕਿ ਮੌਜੂਦਾ ਸਮੇਂ ਸੂਬੇ ਵਿੱਚ ਆਕਸੀਜਨ ਦੀ ਘਾਟ ਨਹੀਂ ਹੈ ਅਤੇ ਜੇਕਰ 100 ਫੀਸਦ ਆਈ.ਸੀ.ਯੂ ਵਰਤੋਂ ਵਿੱਚ ਆਉਂਦੇ ਹਨ ਤਾਂ ਹੋਰ ਸਪਲਾਈ ਦੀ ਜ਼ਰੂਰਤ ਪਵੇਗੀ। ਉਨ੍ਹਾਂ ਦੱਸਿਆ ਕਿ ਹਿਮਾਚਲ, ਹਰਿਆਣਾ ਅਤੇ ਉਤਰਾਖੰਡ ਦੇ ਤਿੰਨ ਯੂਨਿਟਾਂ ਵਿੱਚੋਂ ਢੁੱਕਵੀਂ ਸਪਲਾਈ ਲਈ ਨੋਡਲ ਅਧਿਕਾਰੀ ਨਿਗਰਾਨੀ ਰੱਖ ਰਹੇ ਹਨ।
ਕੈਬਨਿਟ ਮੰਤਰੀ ਬਲਬੀਰ ਸਿੱਧੂ ਅਤੇ ਓ.ਪੀ.ਸੋਨੀ ਨੇ ਜ਼ੋਰ ਦਿੱਤਾ ਕਿ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਆਕਸੀਜਨ ਉਦਯੋਗਾਂ ਪਾਸੋਂ ਲੈ ਲਈ ਜਾਵੇ ਜਦੋਂਕਿ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਹੁਣ ਤੱਕ ਪੰਜਾਬ ਵਿੱਚ ਉਦਯੋਗਿਕ ਆਕਸੀਜਨ ਯੂਨਿਟਾਂ ਨੂੰ ਮੈਡੀਕਲ ਆਕਸੀਜਨ ਦੇ ਉਤਪਾਦਨ ਲਈ 10 ਲਾਇਸੰਸ ਜਾਰੀ ਕੀਤੇ ਜਾ ਚੁੱਕੇ ਹਨ ਜੋ ਕਿ 14 ਮੈਡੀਕਲ ਆਕਸੀਜਨ ਰੀਪੈਕੇਜਿੰਗ ਲਾਇਸੰਸਾਂ ਤੋਂ ਵੱਖਰੇ ਹਨ। ਉਨ੍ਹਾਂ ਕਿਹਾ ਕਿ ਰੁੜਕੇਲਾ ਤੋਂ ਆਕਸੀਜਨ ਹਾਸਿਲ ਕਰਨ ਲਈ ਵੀ ਯਤਨ ਚੱਲ ਰਹੇ ਹਨ।
ਸਿਹਤ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ 20 ਸਤੰਬਰ ਤੱਕ ਪੰਜਾਬ ਦਾ ਕੁੱਲ ਪਾਜ਼ੇਟੀਵਿਟੀ ਰੇਟ 6.15 ਫੀਸਦ ਹੈ ਜੋ ਕਿ 8.48 ਦੀ ਕੌਮੀ ਔਸਤ ਫੀਸਦ ਨਾਲੋਂ ਘੱਟ ਹੈ।———