ਖੇਤੀ ਵਿਰੋਧੀ ਕਾਲਾ ਕਾਨੂੰਨਾਂ ਨੂੰ ਹੁਣ ਰਾਜ ਸਭਾ ‘ਚ ਰੋਕਣ ਦਾ ਮੌਕਾ-ਭਗਵੰਤ ਮਾਨ
ਕਿਹਾ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਕਾਲੇ ਦਿਵਸ ਵਜੋਂ ਮਨਾਇਆ ਕਰੇਗਾ ਅੰਨਦਾਤਾ
ਨਿਰਾ ਡਰਾਮਾ ਹੈ ਬਾਦਲਾਂ ਦਾ ਯੂ-ਟਰਨ ਅਤੇ ਹਰਸਿਮਰਤ ਦਾ ਅਸਤੀਫ਼ਾ, ਭਾਜਪਾ ਦੇ ਹੱਥ ਹੈ ਕੈਪਟਨ ਦੀ ਦੁਖਦੀ ਰਗ
ਨਵੀਂ ਦਿੱਲੀ/ਚੰਡੀਗੜ੍ਹ, 18 ਸਤੰਬਰ । ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੇਸ਼ ਦੇ ਸਾਰੇ ਰਾਜ ਸਭਾ ਸੰਸਦ ਮੈਂਬਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਮੋਦੀ ਸਰਕਾਰ ਵੱਲੋਂ ਬਹੁਮਤ ਦੀ ਤਾਨਾਸ਼ਾਹੀ ਨਾਲ ਲੋਕ ਸਭਾ ‘ਚ ਪਾਸ ਕੀਤੇ ਖੇਤੀ ਵਿਰੋਧੀ ਬਿਲਾਂ ਨੂੰ ਰਾਜ ਸਭਾ ‘ਚ ਹਰਗਿਜ਼ ਪਾਸ ਨਾ ਹੋਣ ਦੇਣ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਖ਼ਾਸ ਕਰਕੇ ਹਰਸਿਮਰਤ ਕੌਰ ਬਾਦਲ ਨੂੰ ਖ਼ੂਬ ਖਰੀਆਂ-ਖਰੀਆਂ ਸੁਣਾਈਆਂ।
ਇੱਥੇ ਪਾਰਟੀ ਹੈੱਡਕੁਆਟਰ ‘ਚ ਮੀਡੀਆ ਦੇ ਰੂਬਰੂ ਹੋਏ ਭਗਵੰਤ ਮਾਨ ਨੇ ਕਿਹਾ ਕਿ 17 ਸਤੰਬਰ ਨੂੰ ਦੇਸ਼ ਖ਼ਾਸ ਕਰਕੇ ਅੰਨਦਾਤਾ ਹਮੇਸ਼ਾ ‘ਕਾਲੇ ਦਿਵਸ’ ਵਜੋਂ ਮਨਾਇਆ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਜਨਮ ਦਿਨ (17 ਸਤੰਬਰ) ਮੌਕੇ ਜਿਸ ਤਾਨਾਸ਼ਾਹੀ ਤਰੀਕੇ ਨਾਲ ਲੋਕ ਸਭਾ ‘ਚ ਖੇਤੀ ਵਿਰੋਧੀ ਬਿਲ ਪਾਸ ਕਰਕੇ ਦੇਸ਼ ਖ਼ਾਸ ਕਰਕੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਅਤੇ ਖੇਤੀਬਾੜੀ ‘ਤੇ ਨਿਰਭਰ ਆੜ੍ਹਤੀਆਂ, ਮੁਨੀਮਾਂ, ਮਜ਼ਦੂਰਾਂ-ਪੱਲੇਦਾਰਾਂ ਅਤੇ ਟਰਾਂਸਪੋਰਟਰਾਂ ਦੀ ਬਰਬਾਦੀ ਕਰਕੇ ਪੂੰਜੀਪਤੀ ਕਾਰਪੋਰੇਟ ਘਰਾਣਿਆਂ ਨੂੰ ਤੋਹਫ਼ਾ ਦਿੱਤਾ ਹੈ, ਇਸ ਦਿਨ ਨੂੰ ਹਮੇਸ਼ਾ ਕਾਲੇ ਦਿਨ ਵਜੋਂ ਯਾਦ ਕੀਤਾ ਜਾਵੇਗਾ, ਕਿਉਂਕਿ ਮੋਦੀ ਦੇ ਇਹ ਕਾਲੇ ਕਾਨੂੰਨ ਖੇਤਾਂ ਦੇ ਰਾਜੇ ਕਿਸਾਨ ਨੂੰ ਭਿਖਾਰੀ ਬਣਾ ਦੇਣਗੇ। ਕਿਸਾਨ ਮਾਲਕ ਬਣ ਕੇ ਵੀ ਮਾਲਕ ਨਹੀਂ ਰਹਿਣਗੇ।
ਭਗਵੰਤ ਮਾਨ ਦੇਸ਼ ਦੇ ਸਾਰੇ ਰਾਜ ਸਭਾ ਸੰਸਦ ਮੈਂਬਰਾਂ ਨੂੰ ਪਾਰਟੀਬਾਜ਼ੀ ਅਤੇ ਵਿਪ ਦੀ ਪ੍ਰਵਾਹ ਕੀਤੇ ਬਿਨਾ ਇਨ੍ਹਾਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਰਾਜ ਸਭਾ ਦੇ ਪਟਲ ‘ਤੇ ਪਟਕਨੀ ਦੇਣ ਦੀ ਅਪੀਲ ਕੀਤੀ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਤਿੰਨੋਂ ਰਾਜ ਸਭਾ ਮੈਂਬਰ ਰਾਜ ਸਭਾ ਦੇ ਪਟਲ ‘ਤੇ ਲਾਲ ਬਟਨ ਦਬਾ ਕੇ ਇਨ੍ਹਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰਨਗੇ। ਭਗਵੰਤ ਮਾਨ ਨੇ ਖੇਤੀ ਵਿਰੋਧੀ ਆਰਡੀਨੈਂਸਾਂ ਉੱਤੇ ਬਾਦਲ ਪਰਿਵਾਰ ਦੇ ਯੂ-ਟਰਨ ਅਤੇ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਨੂੰ ਹੁਣ ਬੇਮਾਨਾ ਅਤੇ ਨਿਰਾ ਡਰਾਮਾ ਕਰਾਰ ਦਿੱਤਾ।
ਮਾਨ ਮੁਤਾਬਿਕ,ਹਰਸਿਮਰਤ ਕੌਰ ਬਾਦਲ ਦਾ ਅਸਤੀਫ਼ਾ ਲੰਘੇ ਸੱਪ ਦੀ ਲਕੀਰ ਕੁੱਟਣ ਵਾਂਗ ਹੈ। ਜਦ ਲੋਕਾਂ ਨੇ ਪਿੰਡਾਂ ‘ਚ ਨਾ ਵੜਨ ਦੇਣ ਦੇ ਬੋਰਡ ਲਗਾ ਦਿੱਤੇ ਤਾਂ ਅਚਾਨਕ ਯੂ-ਟਰਨ ਲੈ ਲਿਆ ਗਿਆ।ਜੇ ਹਰਸਿਮਰਤ ਕੌਰ ਬਾਦਲ ਕੈਬਨਿਟ ‘ਚ ਹੀ ਤਿੱਖਾ ਵਿਰੋਧ ਅਤੇ ਵਾਕਆਊਟ ਕਰਦੇ ਅਤੇ ਬਾਦਲ ਦਲ ਵੀ ਕਿਸਾਨ ਜਥੇਬੰਦੀਆਂ ਅਤੇ ਆਮ ਆਦਮੀ ਪਾਰਟੀ ਨਾਲ ਸੜਕਾਂ ‘ਤੇ ਉੱਤਰਦਾ ਤਾਂ ਇਨ੍ਹਾਂ ਘਾਤਕ ਆਰਡੀਨੈਂਸਾਂ ਨੂੰ ਲੋਕ ਸਭਾ ‘ਚ ਪੇਸ਼ ਹੋਣ ਤੋਂ ਰੋਕਿਆ ਜਾ ਸਕਦਾ ਸੀ। ਬਾਦਲ ਪਰਿਵਾਰ ਹੁਣ ਬੇਸ਼ੱਕ ਜਿੰਨੇ ਮਰਜ਼ੀ ਡਰਾਮੇ ਕਰ ਲਵੇ ਅਤੇ ਮਾਫ਼ੀਆ ਮੰਗਦੇ ਫਿਰਨ ਪਰੰਤੂ ਪੰਜਾਬ ਦੇ ਲੋਕਾਂ ਇਨ੍ਹਾਂ ਵੱਲੋਂ ਕੁਰਸੀ ਲਈ ਕੀਤੇ ਗੁਨਾਹਾਂ ਦੀ ਕਦੇ ਮੁਆਫ਼ੀ ਨਹੀਂ ਦੇਣਗੇ।”
ਭਗਵੰਤ ਮਾਨ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲੋਂ ਵੀ ਸਪਸ਼ਟੀਕਰਨ ਮੰਗਿਆ ਕਿ ਉਨ੍ਹਾਂ ਨੇ ਅੰਦਰ ਖਾਤੇ ਆਰਡੀਨੈਂਸਾਂ ਨੂੰ ਸਹਿਮਤੀ ਕਿਉਂ ਦਿੱਤੀ?
ਭਗਵੰਤ ਮਾਨ ਨੇ ਤੰਜ ਕੱਸਿਆ ਕਿ ਰਾਜਾ ਅਮਰਿੰਦਰ ਸਿੰਘ ਦੀ ਇੱਕ ਦੁਖਦੀ ਰਗ ਭਾਜਪਾ (ਮੋਦੀ-ਸਰਕਾਰ) ਦੇ ਹੱਥ ‘ਚ ਹੈ ਅਤੇ ਉਹ ਬਾਂਹ ਮਰੋੜ ਕੇ ਅਮਰਿੰਦਰ ਸਿੰਘ ਦੀ ਸਹਿਮਤੀ ਲੈ ਲੈਂਦੇ ਹਨ, ਬੇਸ਼ੱਕ ਉਹ ਕਿੰਨੀ ਵੀ ਪੰਜਾਬ ਵਿਰੋਧੀ ਕਿਉਂ ਨਾ ਹੋਵੇ।