25 ਡਿਸਪੈਂਸਰੀਆਂ ਦੀਆਂ ਇਮਾਰਤਾਂ ਬਣਨਗੀਆਂ ਨਵੀਆਂ ਅਤੇ 66 ਇਮਾਰਤਾਂ ਦੀ ਹੋਵੇਗੀ ਮੁਰੰਮਤ
ਬਟਾਲਾ, 6 ਜੁਲਾਈ – ਜ਼ਿਲ੍ਹਾ ਪ੍ਰੀਸਦ ਗੁਰਦਾਸਪੁਰ ਦੇ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਨੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਅਧੀਨ ਚੱਲ ਰਹੀਆਂ 91 ਡਿਸਪੈਂਸਰੀਆਂ ਦੀ ਕਾਇਆ ਕਲਪ ਕਰਨ ਦਾ ਫੈਸਲਾ ਕੀਤਾ ਹੈ। ਜ਼ਿਲ੍ਹਾ ਪ੍ਰੀਸ਼ਦ ਦੀਆਂ 91 ਡਿਸਪੈਂਸਰੀਆਂ ਵਿਚੋਂ 25 ਡਿਸਪੈਂਸਰੀਆਂ ਦੀ ਇਮਾਰਤ ਨਵੀਂ ਬਣਾਈ ਜਾਵੇਗੀ ਜਦਕਿ 66 ਡਿਸਪੈਂਸਰੀਆਂ ਦੀਆਂ ਇਮਾਰਤਾਂ ਦੀ ਮੁਰੰਮਤ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੇ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਨੇ ਦੱਸਿਆ ਕਿ ਪੇਂਡੂ ਵਿਕਾਸ ਵਿਭਾਗ ਜਿਥੇ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ ਉਥੇ ਵਿਭਾਗ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਅਧੀਨ ਚੱਲ ਰਹੀਆਂ ਡਿਸਪੈਂਸਰੀਆਂ ਦੀ ਦਸ਼ਾ ਸੁਧਾਰਨ ਦਾ ਫੈਸਲਾ ਵੀ ਲਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਅਧੀਨ ਕੁੱਲ 91 ਸਬਸਿਡਰੀ ਹੈਲਥ ਸੈਂਟਰ (ਡਿਸਪੈਂਸਰੀਆਂ) ਚੱਲ ਰਹੇ ਹਨ ਜਿਨ੍ਹਾਂ ਦੀਆਂ ਇਮਾਰਤਾਂ ਦੀ ਹਾਲਤ ਖਸਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ 91 ਡਿਸਪੈਂਸਰੀਆਂ ਵਿਚੋਂ 25 ਡਿਸਪੈਂਸਰੀਆਂ ਦੀਆਂ ਇਮਾਰਤਾਂ ਨਵੀਆਂ ਬਣਾਈਆਂ ਜਾਣਗੀਆਂ ਅਤੇ ਹਰੇਕ ਡਿਸਪੈਂਸਰੀ ਦੀ ਇਮਾਰਤ ਉੱਪਰ 20 ਤੋਂ 25 ਲੱਖ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 66 ਡਿਸਪੈਂਸਰੀਆਂ ਦੀਆਂ ਇਮਾਰਤਾਂ ਦੀ ਮੁਰੰਮਤ ਕੀਤੀ ਜਾਵੇਗੀ ਅਤੇ ਇੱਕ ਡਿਸਪੈਂਸਰੀ ਦੀ ਰਿਪੇਅਰ ਉੱਪਰ 5 ਤੋਂ 13 ਲੱਖ ਰੁਪਏ ਖਰਚਾ ਆਉਣ ਦਾ ਅਨੁਮਾਨ ਹੈ।
ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਨੇ ਕਿਹਾ ਕਿ ਡਿਸਪੈਂਸਰੀਆਂ ਦੀ ਕਾਇਆ ਕਲਪ ਕਰਨ ਦਾ ਇਹ ਪ੍ਰੋਜੈਕਟ ਜਲਦੀ ਹੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰ ਦੀਆਂ ਇਨ੍ਹਾਂ ਡਿਸਪੈਂਸਰੀਆਂ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਹੋਣ ਨਾਲ ਇਹ ਹੋਰ ਵੀ ਬੇਹਤਰ ਢੰਗ ਨਾਲ ਲੋਕਾਂ ਨੂੰ ਸਿਹਤ ਸੇਵਾਵਾਂ ਦੇ ਸਕਣਗੀਆਂ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਦੀਆਂ ਡਿਸਪੈਂਸਰੀਆਂ ਵਲੋਂ ਕੋਰੋਨਾ ਮਹਾਮਾਰੀ ਨੂੰ ਠੱਲ ਪਾਉਣ ਵਿੱਚ ਮੋਹਰੀ ਰੋਲ ਨਿਭਾਇਆ ਜਾ ਰਿਹਾ ਹੈ ਜਿਸ ਲਈ ਉਹ ਵਿਭਾਗ ਦੇ ਸਿਹਤ ਅਮਲੇ ਦੇ ਧੰਨਵਾਦੀ ਹਨ।