ਵਿਧਾਇਕਾਂ ਸਮੇਤ ਰੱਖਣਗੇ ਭਾਜਪਾ ਵਿੱਚ ਗਏ ਸਾਂਸਦਾਂ ਦੀ ਰੀਕਾਲ ਦਾ ਮਾਮਲਾ
ਚੰਡੀਗੜ੍ਹ, 25 ਅਪ੍ਰੈਲ 2026 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਸ਼ਟਰਪਤੀ ਭਾਰਤ ਤੋਂ ਮੁਲਾਕਾਤ ਦਾ ਸਮਾਂ ਮੰਗਿਆ ਹੈ। ਉਹ ਪੰਜਾਬ ਦੇ ਵਿਧਾਇਕਾਂ ਦੇ ਵਫ਼ਦ ਸਮੇਤ ਰਾਸ਼ਟਰਪਤੀ ਨੂੰ ਮਿਲਣਗੇ ਅਤੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਪੰਜਾਬ ਦੇ ਰਾਜ ਸਭਾ ਮੈਂਬਰਾਂ ਨੂੰ ਰੀਕਾਲ (Recall) ਕਰਨ ਸੰਬੰਧੀ ਆਪਣਾ ਪੱਖ ਰੱਖਣਗੇ।
ਇਹ ਕਦਮ ਉਸ ਵੱਡੇ ਸਿਆਸੀ ਝਟਕੇ ਤੋਂ ਬਾਅਦ ਚੁੱਕਿਆ ਗਿਆ ਹੈ ਜਦੋਂ ‘ਆਪ’ ਦੇ 10 ਰਾਜ ਸਭਾ ਮੈਂਬਰਾਂ ਵਿੱਚੋਂ ਸੱਤ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤੀ। ਰਾਘਵ ਚੱਢਾ, ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਨੇ ਪ੍ਰੈੱਸ ਕਾਨਫ਼ਰੰਸ ਕਰਕੇ ‘ਆਪ’ ਨਾਲੋਂ ਨਾਤਾ ਤੋੜਨ ਦਾ ਐਲਾਨ ਕੀਤਾ ਤੇ ਭਾਜਪਾ ਵਿੱਚ ਸ਼ਾਮਲ ਹੋ ਗਏ। ਹੁਣ ਪੰਜਾਬ ‘ਚੋਂ ‘ਆਪ’ ਦੇ ਸੱਤ ਸੰਸਦ ਮੈਂਬਰਾਂ ‘ਚੋਂ ਸਿਰਫ਼ ਇੱਕ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਹੀ ਪਾਰਟੀ ਕੋਲ ਬਚੇ ਹਨ।
ਮੁੱਖ ਮੰਤਰੀ ਮਾਨ, ਜੋ ਵਿਦੇਸ਼ ਦੌਰੇ ਵਿੱਚੋਂ ਵਾਪਸ ਆਏ ਸਨ, ਨੇ ਇਸ ਦਲ-ਬਦਲੀ ਨੂੰ ‘ਅਪਰੇਸ਼ਨ ਲੋਟਸ’ ਕਰਾਰ ਦਿੱਤਾ ਅਤੇ ਭਾਜਪਾ ‘ਤੇ ਦੋਸ਼ ਲਾਇਆ ਕਿ ਪੰਜਾਬ ਵਿੱਚ ਕੋਈ ਆਧਾਰ ਨਾ ਹੋਣ ਕਰਕੇ ਭਾਜਪਾ ਕੇਂਦਰੀ ਏਜੰਸੀਆਂ ਦੀ ਵਰਤੋਂ ਰਾਹੀਂ ‘ਆਪ’ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਛੱਡਣ ਵਾਲੇ ਸੰਸਦ ਮੈਂਬਰਾਂ ਨੂੰ ਪੰਜਾਬ ਦੇ ਗੱਦਾਰ ਦੱਸਦਿਆਂ ਕਿਹਾ ਕਿ ਪੰਜਾਬ ਦੇ ਲੋਕ ਇਸ ਧੋਖੇਬਾਜ਼ੀ ਲਈ ਸਬਕ ਸਿਖਾਉਣਗੇ।
ਰਾਜਨੀਤਿਕ ਮਾਹਿਰਾਂ ਅਨੁਸਾਰ ਸੱਤ ਦਲ-ਬਦਲੂਆਂ ਵਿੱਚੋਂ ਕਿਸੇ ਦਾ ਵੀ ਪੰਜਾਬ ਵਿੱਚ ਕੋਈ ਚੋਣਾਵੀ ਆਧਾਰ ਨਹੀਂ ਹੈ, ਅਤੇ ‘ਆਪ’ ਦੀ ਅਗਲੀ ਚੁਣੌਤੀ ਆਪਣੇ 94 ਵਿਧਾਇਕਾਂ ਅਤੇ ਤਿੰਨ ਲੋਕ ਸਭਾ ਮੈਂਬਰਾਂ ਨੂੰ ਇਕੱਠੇ ਰੱਖਣ ਦੀ ਹੋਵੇਗੀ।