ਪੰਜਾਬ ਮੁੱਖ ਖ਼ਬਰ

ਪੰਜਾਬ ਸਰਕਾਰ ਐਨ.ਆਰ.ਆਈ. ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਮਹੀਨੇ ਵਿੱਚ ਦੋ ਮਿਲਣੀਆਂ ਕਰੇਗੀ: ਡਾ. ਰਵਜੋਤ ਸਿੰਘ

ਪੰਜਾਬ ਸਰਕਾਰ ਐਨ.ਆਰ.ਆਈ. ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਮਹੀਨੇ ਵਿੱਚ ਦੋ ਮਿਲਣੀਆਂ ਕਰੇਗੀ: ਡਾ. ਰਵਜੋਤ ਸਿੰਘ
  • PublishedApril 24, 2026

ਹਰ ਮਹੀਨੇ ਦੇ ਦੂਜੇ ਬੁੱਧਵਾਰ ਨੂੰ ਆਨਲਾਈਨ ਮਿਲਣੀ ਅਤੇ ਮਹੀਨੇ ‘ਚ ਇੱਕ ਵਾਰ ਡਵੀਜ਼ਨ ਅਨੁਸਾਰ ਹੋਵੇਗੀ ਮਿਲਣੀ

ਚੰਡੀਗੜ੍ਹ, 24 ਅਪ੍ਰੈਲ 2026 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਨੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਤੁਰੰਤ ਅਤੇ ਪ੍ਰਭਾਵਸ਼ਾਲੀ ਹੱਲ ਲਈ ਮਹੱਤਵਪੂਰਨ ਕਦਮ ਚੁੱਕਦੇ ਹੋਏ ਮਹੀਨੇ ਵਿੱਚ ਦੋ ਐਨ.ਆਰ.ਆਈ. ਮਿਲਣੀਆਂ ਕਰਨ ਦਾ ਫ਼ੈਸਲਾ ਕੀਤਾ ਹੈ।

ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਇਹ ਜਾਣਕਾਰੀ ਦਿੰਦਿਆਂ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਹਰ ਮਹੀਨੇ ਦੇ ਦੂਜੇ ਬੁੱਧਵਾਰ ਨੂੰ ਆਨਲਾਈਨ ਮਿਲਣੀ ਕਰਵਾਈ ਜਾਵੇਗੀ, ਜਦਕਿ ਮਹੀਨੇ ਵਿੱਚ ਇੱਕ ਵਾਰ ਡਵੀਜ਼ਨ ਅਨੁਸਾਰ ਭੌਤਿਕ/ਫਿਜ਼ੀਕਲ ਮਿਲਣੀ ਹੋਵੇਗੀ।

ਐਨ.ਆਰ.ਆਈ. ਮੰਤਰੀ ਨੇ ਦੱਸਿਆ ਕਿ ਇਹ ਮਿਲਣੀਆਂ ਮਾਲਵਾ-1, ਮਾਲਵਾ-2, ਮਾਝਾ ਅਤੇ ਦੁਆਬਾ ਡਵੀਜ਼ਨਾਂ ਅਨੁਸਾਰ ਆਯੋਜਿਤ ਕੀਤੀਆਂ ਜਾਣਗੀਆਂ, ਤਾਂ ਜੋ ਹਰ ਖੇਤਰ ਦੇ ਐਨ.ਆਰ.ਆਈ. ਪੰਜਾਬੀਆਂ ਨੂੰ ਆਪਣੀਆਂ ਸਮੱਸਿਆਵਾਂ ਦਰਜ ਕਰਵਾਉਣ ਅਤੇ ਉਨ੍ਹਾਂ ਦਾ ਹੱਲ ਕਰਨ ਦੀ ਲਈ ਸੁਵਿਧਾ ਪ੍ਰਾਪਤ ਹੋ ਸਕੇ।

ਉਨ੍ਹਾਂ ਦੱਸਿਆ ਕਿ ਆਨਲਾਈਨ ਮਿਲਣੀ ਲਈ ਦਰਖਾਸਤਾਂ ਹਰ ਮਹੀਨੇ ਨਿਰਧਾਰਤ ਮਿਤੀ ਤੋਂ ਤਿੰਨ ਦਿਨ ਪਹਿਲਾਂ ਤੱਕ ਸਵੀਕਾਰ ਕੀਤੀਆਂ ਜਾਣਗੀਆਂ ਅਤੇ ਮਿਲਣੀ ਵਾਲੇ ਦਿਨ ਉਨ੍ਹਾਂ ਦਾ ਨਿਪਟਾਰਾ ਕੀਤਾ ਜਾਵੇਗਾ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਉਪਰਾਲੇ ਦਾ ਮੁੱਖ ਉਦੇਸ਼ ਐਨ.ਆਰ.ਆਈ. ਪੰਜਾਬੀਆਂ ਨਾਲ ਸਿੱਧਾ ਸੰਪਰਕ ਕਾਇਮ ਕਰਨਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨਾ ਹੈ।

ਇਸ ਮੌਕੇ ਐਨ.ਆਰ.ਆਈ. ਮਾਮਲਿਆਂ ਦੇ ਸਕੱਤਰ ਵੀ.ਐਨ. ਜਾਡੇ, ਜਲੰਧਰ ਦੇ ਡਵੀਜ਼ਨਲ ਕਮਿਸ਼ਨਰ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਸ਼੍ਰੀ ਰਾਮਵੀਰ, ਸਪੈਸ਼ਲ ਸਕੱਤਰ ਐਨ.ਆਰ.ਆਈ. ਮਾਮਲੇ ਮਿਸਿਜ਼ ਅਮਨਦੀਪ ਕੌਰ, ਏਡੀਜੀਪੀ ਐਨ.ਆਰ.ਆਈ. ਮਾਮਲੇ ਸ਼੍ਰੀ ਆਰ.ਕੇ. ਜੈਸਵਾਲ ਅਤੇ ਏਆਈਜੀ ਸ਼੍ਰੀ ਅਜਿੰਦਰ ਸਿੰਘ ਵੀ ਹਾਜ਼ਰ ਸਨ।

Written By
The Punjab Wire