ਅਗਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪਵਿੱਤਰ ਨਗਰੀ ਤਲਵੰਡੀ ਸਾਬੋ ਨੂੰ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਂਗੂ ਵਿਕਸਤ ਕਰੇਗੀ ਅਤੇ ਇਸਨੂੰ ਸਿੱਖਿਆ ਕੇਂਦਰ ਬਣਾਏਗੀ: ਸੁਖਬੀਰ ਸਿੰਘ ਬਾਦਲ
ਆਪ ਦੇ ਮੰਤਰੀਆਂ ਤੇ ਆਗੂਆਂ ਵੱਲੋਂ ਅਫਸਰਾਂ ਤੇ ਉਦਮੀਆਂ ਨੂੰ ਡਰਾਉਣ ਲਈ ਗੈਂਗਸਟਰਾਂ ਦੀ ਵਰਤੋਂ ਕਰਨ ਦੀ ਕੀਤੀ ਨਿਖੇਧੀ
ਅਕਾਲੀ ਦਲ ਦੀਆਂ ਪੰਜਾਬ ਬਚਾਓ ਰੈਲੀਆਂ, ਜਿਸਦਾ ਪਹਿਲਾ ਪੜਾਅ ਅੱਜ ਮੁਕੰਮਲ ਹੋਇਆ, ਨੂੰ ਲਾਮਿਸਾਲ ਹੁੰਗਾਰਾ ਦੇਣ ’ਤੇ ਪੰਜਾਬੀਆਂ ਦਾ ਕੀਤਾ ਧੰਨਵਾਦ
ਤਲਵੰਡੀ ਸਾਬੋ/ ਚੰਡੀਗੜ੍ਹ, 11 ਅਪ੍ਰੈਲ 2026 (ਦੀ ਪੰਜਾਬ ਵਾਇਰ)। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਪਵਿੱਤਰ ਨਗਰੀ ਤਲਵੰਡੀ ਸਾਬੋ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਤਰਜ਼ ’ਤੇ ਵਿਕਸਤ ਕਰੇਗੀ ਅਤੇ ਇਸਨੂੰ ਇਕ ਸਿੱਖਿਆ ਕੇਂਦਰ ਬਣਾਏਗੀ ਜੋ ਕਿ ਇਸਦੀ ’ਗੁਰੂ ਕੀ ਕਾਸ਼ੀ’ ਦੀ ਪਛਾਣ ਹੋਵੇਗੀ।
ਅੱਜ ਇਥੇ ਪੰਜਾਬ ਬਚਾਓ ਰੈਲੀ ਦੇ ਹਿੱਸੇ ਵਜੋਂ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਦੇ ਨਾਲ ਮਿਲ ਕੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਅਗਲੇ ਨੂੰ ਪਿਛਲੀ ਕਾਂਗਰਸ ਤੇ ਮੌਜੂਦਾ ਆਮ ਆਦਮੀ ਪਾਰਟੀ (ਆਪ) ਸਰਕਾਰਾਂ ਨੇ ਨਜ਼ਰ ਅੰਦਾਜ਼ ਕੀਤਾ। ਉਹਨਾਂ ਕਿਹਾਕਿ ਇਕ ਵਾਰ ਸਾਡੀ ਸਰਕਾਰ ਬਣਨ ’ਤੇ ਅਸੀਂ ਇਸ ਇਤਿਹਾਸਕ ਅਸਥਾਨ ਦਾ ਮੂੰਹ ਮੁਹਾਂਦਰਾ ਬਦਲ ਦਿਆਂਗੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਤਲਵੰਡੀ ਸਾਬੋ ਦੇ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਤਲਵੰਡੀ ਸਾਬੋ ਹਲਕੇ ਤੋਂ ਰਵੀ ਪ੍ਰੀਤ ਨੂੰ ਐਮ ਐਲ ਏ ਚੁਣਨ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਪੰਜਾਬ ਨੂੰ ਬਰਬਾਦ ਕਰਨ ਲਈ ਇਸਦੀ ਅਗਵਾਈ ਕਰ ਰਹੀ ਹੈ ਅਤੇ ਕਿਹਾ ਕਿ ਆਪ ਸਰਕਾਰ ਦੇ ਦੌਰ ਵਿਚ ਵਪਾਰ ਅਤੇ ਉਦਯੋਗ ਦੇ ਨਾਲ-ਨਾਲ ਆਮ ਆਦਮੀ ਦਾ ਆਤਮ ਵਿਸ਼ਵਾਸ ਕਮਜ਼ੋਰ ਪਿਆ ਹੈ ਕਿਉਂਕਿ ਆਪ ਦੇ ਮੰਤਰੀ ਅਫਸਰਾਂ ਤੇ ਉਦਮੀਆਂ ਨੂੰ ਧਮਕਾਉਣ ਵਾਸਤੇ ਗੈਂਗਸਟਰਾਂ ਦੀ ਵਰਤੋਂ ਕਰ ਰਹੇ ਹਨ। ਉਹਨਾਂ ਕਿਹਾ ਕਿ ਪਹਿਲਾਂ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਕ ਕਾਬਲ ਅਫਸਰ ਨੂੰ ਖੁਦਕੁਸ਼ੀ ਵਾਸਤੇ ਮਜਬੂਰ ਕੀਤਾ ਹੁਣ ਇਕ ਹੋਰ ਮੰਤਰੀ ਹਰਦੀਪ ਸਿੰਘ ਮੁੰਡੀਆਂ ਉਦਮੀ ਨੂੰ ਧਮਕਾਉਣ ਵਾਸਤੇ ਸ਼ਰ੍ਹੇਆਮ ਗੈਂਗਸਟਰ ਦੀ ਵਰਤੋਂ ਕਰ ਰਿਹਾ ਹੈ।
ਸਰਦਾਰ ਬਾਦਲ ਨੇ ਸਪਸ਼ਟ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਕਿਸੇ ਨੂੰ ਵੀ ਨਹੀਂ ਬਖਸ਼ੇਗੀ। ਉਹਨਾਂ ਕਿਹਾ ਕਿ ਭਾਵੇਂ ਮੁੰਡੀਆਂ ਹੋਵੇ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਜੋ ਗ੍ਰਹਿ ਮੰਤਰੀ ਹੈ ਜਿਸਨੇ ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਆਸਾਮ ਦੀ ਜੇਲ੍ਹ ਤੋਂ ਪੰਜਾਬ ਵਿਚ ਤਬਾਦਲਾ ਕਰਵਾ ਕੇ ਤਰਨ ਤਾਰਨ ਜ਼ਿਮਨੀ ਚੋਣ ਵਿਚ ਉਸਦੀ ਵਰਤੋਂ ਕੀਤੀ, ਸਾਰੇ ਆਪ ਆਗੂਆਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ।
ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬ ਬਚਾਓ ਰੈਲੀਆਂ, ਜਿਹਨਾਂ ਦਾ ਪਹਿਲਾ ਪੜਾਅ ਅੱਜ ਪੂਰਾ ਹੋਇਆ, ਨੂੰ ਲਾਮਿਸਾਲ ਹੁੰਗਾਰਾ ਦੇਣ ’ਤੇ ਪੰਜਾਬੀਆਂ ਦਾ ਧੰਨਵਾਦ ਕੀਤਾ। ਅਕਾਲੀ ਦਲ ਨੇ ਪਹਿਲੇ ਪੜਾਅ ਤਹਿਤ 40 ਰੈਲੀਆਂ ਕੀਤੀਆਂ ਹਨ। ਉਹਨਾਂ ਨੇ ਪੰਜਾਬੀਆਂ ਨੂੰ ਚੌਕਸ ਕੀਤਾ ਕਿ ਉਹ ਕੇਂਦਰੀ ਏਜੰਸੀਆਂ ਤੋਂ ਸੁਚੇਤ ਰਹਿਣ ਜੋ ਕਿ ਅਖੌਤੀ ਪੰਥਕ ਆਗੂਆਂ ਨੂੰ ਪੰਜਾਬ ਦੀ ਰਾਜਨੀਤੀ ਵਿਚ ਵਰਤ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਯਤਨਸ਼ੀਲ ਹੋ ਸਕਦੀਆਂ ਹਨ।
ਪੰਜਾਬ ਲਈ ਆਪਣੀ ਸੋਚ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸਰਕਾਰੀ ਨੌਕਰੀਆਂ ਸਿਰਫ ਪੰਜਾਬੀਆਂ ਨੂੰ ਹੀ ਦਿੱਤੀਆਂ ਜਾਣਗੀਆਂ ਜਦੋਂ ਆਪ ਸਰਕਾਰ ਨੇ ਅਜਿਹੀਆਂ ਨੌਕਰੀਆਂ ਬਾਹਰਲਿਆਂ ਨੂੰ ਦਿੱਤੀਆਂ ਹਨ। ਉਹਨਾਂ ਇਹ ਵੀ ਐਲਾਨ ਕੀਤਾ ਕਿ ਨੌਜਵਾਨਾਂ ਨੂੰ ਵਿਆਜ਼ ਮੁਕਤ 10 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ ਅਤੇ ਪਸ਼ੂ ਪਾਲਣ ਦੇ ਫਾਰਮ ਹਾਊਸ ਬਣਾਉਣ ’ਤੇ 75 ਫੀਸਦੀ ਸਬਸਿਡੀ ਦਿੱਤੀ ਜਾਵੇਗੀ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਅਗਲੀ ਅਕਾਲੀ ਦਲ ਦੀ ਸਰਕਾਰ ਵਿਸ਼ਵ ਸਕਿੱਲ ਯੂਨੀਵਰਸਿਟੀ ਦੀ ਸਥਾਪਨਾ ਕਰੇਗੀ ਜੋ ਹਰ ਸਾਲ ਇਕ ਲੱਖ ਨੌਜਵਾਨਾਂ ਨੂੰ ਸਿੱਖਲਾਈ ਦੇਵੇਗੀ ਅਤੇ ਇਸਦੇ ਸੈਂਟਰ ਹਰ ਜ਼ਿਲ੍ਹੇ ਵਿਚ ਹੋਣਗੇ।
ਉਹਨਾਂ ਕਿਹਾ ਕਿ ਅਕਾਲੀ ਦਲ ਸਰਕਾਰ ਆਟਾ ਦਾਲ ਸਕੀਮ ਦਾ ਵਿਸਥਾਰ ਕਰੇਗੀ ਅਤੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ ਅਤੇ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 1 ਲੱਖ ਰੁਪਏ ਕੀਤੀ ਜਾਵੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਰਾਜਸਥਾਨ ਨਹਿਰ ਬੰਦ ਕੀਤੀ ਜਾਵੇਗੀ।
ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਕਿਵੇਂ ਆਪ ਸਰਕਾਰ ਨੇ ਆਪ ਸਰਕਾਰ ਨੇ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਤੋਂ ਇਨਕਾਰ ਕਰ ਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ।
ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਉਦਮੀ ਮਲਕੀਤ ਸਿੰਘ ਨਾਲ ਇਕਜੁੱਟਤਾ ਪ੍ਰਗਟ ਕੀਤੀ ਜਿਹਨਾਂ ਨੂੰ ਮੰਤਰੀ ਹਰਦੀਪ ਮੁੰਡੀਆਂ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਗਿਆ, ਧਮਕਾਇਆ ਗਿਆ ਤੇ ਗਾਲ੍ਹਾਂ ਵੀ ਕੱਢੀਆਂ ਗਈਆਂ। ਉਹਨਾਂ ਨੇ ਪੀੜਤ ਪਰਿਵਾਰ ਨਾਲ ਇਕਜੁੱਟਤਾ ਪ੍ਰਗਟ ਕੀਤੀ ਤੇ ਕਿਹਾ ਕਿ ਅਕਾਲੀ ਦਲ ਪਰਿਵਾਰ ਲਈ ਨਿਆਂ ਹਾਸਲ ਕਰਨ ਵਾਸਤੇ ਲੜਾਈ ਲੜੇਗਾ।
ਇਸ ਮੌਕੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਜਨਮੇਜਾ ਸਿੰਘ ਸੇਖੋਂ ਅਤੇ ਸਿਕੰਦਰ ਸਿੰਘ ਮਲੂਕਾ ਨੇ ਵੀ ਸੰਬੋਧਨ ਕੀਤਾ।