Close

Recent Posts

ਪੰਜਾਬ

ਪੰਜਾਬ ਰਾਜ ਅੰਤਰ ਯੂਨੀਵਰਸਿਟੀ ਯੁਵਕ ਫੈਸਟੀਵਲ 30 ਨਵੰਬਰ ਤੋਂ ਅੰਮ੍ਰਿਤਸਰ ‘ਚ: ਚੇਅਰਮੈਨ ਪਰਮਿੰਦਰ ਸਿੰਘ ਗੋਲਡੀ

ਪੰਜਾਬ ਰਾਜ ਅੰਤਰ ਯੂਨੀਵਰਸਿਟੀ ਯੁਵਕ ਫੈਸਟੀਵਲ 30 ਨਵੰਬਰ ਤੋਂ ਅੰਮ੍ਰਿਤਸਰ ‘ਚ: ਚੇਅਰਮੈਨ ਪਰਮਿੰਦਰ ਸਿੰਘ ਗੋਲਡੀ
  • PublishedNovember 29, 2025

-ਪਹਿਲੀ ਵਾਰ ਵਿਰਾਸਤੀ ਗੱਤਕੇ ਨੂੰ ਵੀ ਕੀਤਾ ਚਾਰ ਰੋਜ਼ਾ ਮੁਕਾਬਲਿਆਂ ‘ਚ ਸ਼ਾਮਲ

ਚੰਡੀਗੜ੍ਹ, 29 ਨਵੰਬਰ 2025 (ਦੀ ਪੰਜਾਬ ਵਾਇਰ)– ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਅੰਤਰ-ਯੂਨੀਵਰਸਿਟੀ ਯੁਵਕ ਮੇਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ 30 ਨਵੰਬਰ ਤੋਂ 3 ਦਸੰਬਰ ਤੱਕ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਰਾਜ ਭਰ ਦੀਆਂ 32 ਯੂਨੀਵਰਸਿਟੀਆਂ ਤੋਂ 2500 ਤੋਂ ਵੱਧ ਵਿਦਿਆਰਥੀ ਸੱਭਿਆਚਾਰਕ, ਕਲਾਤਮਕ, ਗਾਇਨ, ਡਾਂਸ ਆਦਿ ਵਰਗਾਂ ਦੇ ਜੋਸ਼ੀਲੇ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਿਖਾਉਣਗੇ।

ਪੰਜਾਬ ਯੁਵਕ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨੇ ਇਹ ਜਾਣਕਾਰੀ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਯੁਵਕ ਸੇਵਾਵਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਕੁਲਵਿੰਦਰ ਸਿੰਘ ਅਤੇ ਬੋਰਡ ਦੇ ਮੈਂਬਰ ਸੰਜੀਵ ਚੌਧਰੀ ਅਤੇ ਨਵਲਦੀਪ ਸਿੰਘ ਵੀ ਹਾਜ਼ਰ ਸਨ।

ਉਨ੍ਹਾਂ ਦੱਸਿਆ ਕਿ ਇਸ ਯੂਥ ਫੈਸਟੀਵਲ ਵਿੱਚ ਵੱਖ-ਵੱਖ ਤਰ੍ਹਾਂ ਦੀਆਂ 51 ਸੱਭਿਆਚਾਰਕ, ਸੰਗੀਤਕ ਅਤੇ ਕਲਾਤਮਕ ਸਰਗਰਮੀਆਂ ਸ਼ਾਮਲ ਕੀਤੀਆਂ ਗਈਆਂ ਹਨ ਅਤੇ ਇਸ ਰਾਜ ਪੱਧਰ ਦੇ ਫੈਸਟੀਵਲ ਵਿੱਚ ਪਹਿਲੀ ਵਾਰ ਸਿੱਖ ਜੰਗਜੂ ਕਲਾ ਗੱਤਕਾ ਵੀ ਸ਼ਾਮਲ ਕੀਤਾ ਗਿਆ ਹੈ। ਇੱਥੇ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਗੱਤਕਾ ਟੀਮਾਂ ਆਪਣੀ ਜੰਗਜੂ ਕਲਾ ਦੇ ਜੌਹਰ ਦਾ ਪ੍ਰਦਰਸ਼ਨ ਕਰਨਗੀਆਂ ਜਿਸ ਨਾਲ ਇਸ ਸਾਲਾਨਾ ਮੇਲੇ ਵਿੱਚ ਇੱਕ ਸ਼ਾਨਦਾਰ ਨਵਾਂ ਅਧਿਆਏ ਜੁੜ ਗਿਆ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਲਈ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕੀਤੇ ਹਨ। ਇਸ ਤੋਂ ਇਲਾਵਾ ਖੇਡ ਰੁਚੀਆਂ ਪੈਦਾ ਕਰਨ ਲਈ ਪੰਜਾਬ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਜਾ ਰਹੀਆਂ ਹਨ।

ਚੇਅਰਮੈਨ ਗੋਲਡੀ ਨੇ ਕਿਹਾ ਕਿ ਇਸ ਸਲਾਨਾ ਫੈਸਟੀਵਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਆਪਸੀ ਤਾਲਮੇਲ ਨੂੰ ਵਧਾਉਂਦੇ ਹੋਏ ਰਾਜ ਦੀ ਕਲਾਤਮਕ, ਸੰਗੀਤਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣਾ, ਪ੍ਰਫੁੱਲਤ ਕਰਨਾ ਅਤੇ ਨਵੀਂ ਪੀੜ੍ਹੀ ਨੂੰ ਇਤਿਹਾਸਕ ਅਤੇ ਮਾਣਮੱਤੀ ਵਿਰਾਸਤ ਨਾਲ ਜੋੜਨਾ ਹੈ। ਡਿਪਟੀ ਡਾਇਰੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਇਸ ਮੇਲੇ ਦੌਰਾਨ ਰਾਜ ਦੀਆਂ ਸਰਕਾਰੀ ਅਤੇ ਨਿੱਜੀ ਯੂਨੀਵਰਸਿਟੀਆਂ ਦੇ 2500 ਤੋਂ ਵੱਧ ਵਿਦਿਆਰਥੀ ਵੱਖ-ਵੱਖ ਸਾਹਿਤਕ, ਸੱਭਿਆਚਾਰਕ, ਥੀਏਟਰ, ਸੰਗੀਤ, ਨਾਚ ਅਤੇ ਲਲਿਤ ਕਲਾਵਾਂ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ।

Written By
The Punjab Wire