ਮਹਾਂਕਵੀ ਭਾਈ ਸੰਤੋਖ ਸਿੰਘ ਯਾਦਗਾਰੀ ਅਵਾਰਡ ਬੀਬਾ ਬਲਵੰਤ ਨੂੰ
ਗੁਰਦਾਸਪੁਰ, 13 ਸਤੰਬਰ 2025 ( ਮਨਨ ਸੈਣੀ)। ਇਸ ਸਾਲ ਦਾ ਮਹਾਂਕਵੀ ਭਾਈ ਸੰਤੋਖ ਸਿੰਘ ਯਾਦਗਾਰੀ ਅਵਾਰਡ ਗੁਰਦਾਸਪੁਰ ਨਾਲ ਸਬੰਧਿਤ ਪ੍ਰਸਿੱਧ ਕਵੀ ਬੀਬਾ ਬਲਵੰਤ ਨੂੰ ਦਿੱਤਾ ਜਾ ਰਿਹਾ ਹੈ । ਮਹਾਂਕਵੀ ਭਾਈ ਸੰਤੋਖ ਸਿੰਘ ਯਾਦਗਾਰੀ ਕਮੇਟੀ (ਰਜਿ) ਜਲੰਧਰ ਦੇ ਪ੍ਰਧਾਨ ਕੁਲਦੀਪ ਸਿੰਘ ਬੇਦੀ ਨੇ ਦੱਸਿਆ ਕਿ ਪ੍ਰੈੱਸ ਕਲੱਬ, ਜਲੰਧਰ ਵਿੱਚ 21 ਸਤੰਬਰ ਨੂੰ ਸਵੇਰੇ 11.30 ਵਜੇ ਹੋਣ ਵਾਲੇ ਇਸ ਸਮਾਗਮ ਦੀ ਪ੍ਰਧਾਨਗੀ ਕਹਾਣੀਕਾਰ ਕਰਨਲ ਜਸਬੀਰ ਭੁੱਲਰ ਕਰਨਗੇ । ਬੀਬਾ ਬਲਵੰਤ ਦੀ ਕਵਿਤਾ ਬਾਰੇ ਡਾ ਰਵਿੰਦਰ ਅਤੇ ਡਾ ਨਵਰੂਪ ਕੌਰ ਸੰਬੋਧਨ ਕਰਨਗੇ ।
ਦੱਸਣਯੋਗ ਹੈ ਕਿ ਬੀਬਾ ਬਲਵੰਤ ਮੰਨੇ ਪਰਮੰਨੇ ਕਵੀ ਹੋਣ ਦੇ ਨਾਲ-ਨਾਲ ਨਾਟਕ, ਫ਼ਿਲਮਾਂ, ਚਿੱਤਰਕਾਰੀ ਅਤੇ ਫ਼ੋਟੋਗਰਾਫੀ ਖੇਤਰ ਵਿੱਚ ਵੀ ਨਾਮਣਾ ਖੱਟ ਚੁੱਕੇ ਹਨ । ਉਨ੍ਹਾਂ ਦੀਆਂ ਕਵਿਤਾਵਾਂ ਦੀਆਂ 8 ਕਿਤਾਬਾਂ ਦਾ ਲੋਕ ਅਰਪਣ ਹੋ ਚੁੱਕਿਆ ਹੈ ਜਿਨ੍ਹਾਂ ਵਿੱਚੋਂ 2 ਦਾ ਅਨੁਵਾਦ ਅੰਗਰੇਜ਼ੀ ਅਤੇ ਇੱਕ ਦਾ ਅਨੁਵਾਦ ਹਿੰਦੀ ਵਿੱਚ ਹੋਇਆ ਹੈ । ਲਹਿੰਦੇ ਪੰਜਾਬ ਵਿੱਚ ਲੋਕ ਉਨ੍ਹਾਂ ਦੇ ਅਨੇਕ ਪ੍ਰਸੰਸਕ ਹਨ ਅਤੇ ਉਨ੍ਹਾਂ ਦੀ ਸ਼ਾਇਰੀ ਦੀ ਚਾਰ ਸੌ ਸਫ਼ਿਆਂ ਦੀ ਪੁਸਤਕ “ਸਹਿਜ ਸੁਖਨ” ਦਾ ਸ਼ਾਹਮੁਖੀ ਲਿਪੀ ਵਿੱਚ ਵੀ ਛਪ ਚੁੱਕੀ ਹੈ ।