ਗੁਰਦਾਸਪੁਰ, 12 ਅਗਸਤ 2025 (ਮੰਨਨ ਸੈਣੀ)। ਗੁਰਦਾਸਪੁਰ ਪੁਲਿਸ ਨੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਾਰਡਰ ਰੇਂਜ, ਅੰਮ੍ਰਿਤਸਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਅਮਲ ਕਰਦਿਆਂ ਅਪਰਾਧੀ ਅਨਸਰਾਂ ਵਿਰੁੱਧ ਸਖਤ ਕਾਰਵਾਈ ਜਾਰੀ ਰੱਖੀ ਹੋਈ ਹੈ।
ਇਸ ਸੰਬੰਧੀ ਸੀਨੀਅਰ ਕਪਤਾਨ ਪੁਲਿਸ (ਐਸਐਸਪੀ) ਸ੍ਰੀ ਆਦਿੱਤਯ, ਆਈ.ਪੀ.ਐਸ. ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਅਗਸਤ 2025 ਨੂੰ ਸਵੇਰੇ 9 ਵਜੇ ਦੇ ਕਰੀਬ ਵਡਾਲਾ ਬਾਂਗਰ ਸਥਿਤ ਇਕ ਮੈਡੀਕਲ ਸਟੋਰ ‘ਤੇ ਅਣਪਛਾਤੇ ਵਿਅਕਤੀਆਂ ਨੇ ਦੋ ਹਵਾਈ ਫਾਇਰ ਕੀਤੇ ਸਨ। ਇਸ ਸਬੰਧੀ ਥਾਣਾ ਕਲਾਨੌਰ ਵਿਖੇ ਮੁਕੱਦਮਾ ਨੰਬਰ 108, ਮਿਤੀ 11.08.2025, ਜੁਰਮ 125, 308(2), 351(3), 324(4) ਬੀ.ਐਨ.ਐਸ. ਅਤੇ 25-54-59 ਅਸਲਾ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ।
ਐਸਐਸਪੀ ਨੇ ਦੱਸਿਆ ਕਿ ਐਸਪੀ (ਇੰਨਵੈਸਟੀਗੇਸ਼ਨ) ਅਤੇ ਡੀਐਸਪੀ, ਕਲਾਨੌਰ ਦੀ ਨਿਗਰਾਨੀ ਹੇਠ ਸਪੈਸ਼ਲ ਬਰਾਂਚ, ਸੀ.ਆਈ.ਏ. ਸਟਾਫ ਅਤੇ ਥਾਣਾ ਕਲਾਨੌਰ ਦੀਆਂ ਵੱਖ-ਵੱਖ ਟੀਮਾਂ ਨੇ ਟੈਕਨੀਕਲ ਅਤੇ ਖੁਫੀਆ ਸੂਤਰਾਂ ਦੀ ਮਦਦ ਨਾਲ ਤਫਤੀਸ਼ ਸ਼ੁਰੂ ਕੀਤੀ। ਜਿਸ ਦੇ ਸਿੱਟੇ ਵਜੋ ਮਹਿਜ਼ 18 ਘੰਟਿਆਂ ਦੇ ਅੰਦਰ-ਅੰਦਰ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਨ੍ਹਾਂ ਕੋਲੋਂ ਵਾਰਦਾਤ ਵਿੱਚ ਵਰਤੇ ਗਏ ਦੋ ਪਿਸਤੌਲ (ਇਕ 32 ਬੋਰ ਅਤੇ ਇਕ 30 ਬੋਰ), ਮੈਗਜ਼ੀਨ ਸਮੇਤ 8 ਰੋਂਦ ਬਰਾਮਦ ਕੀਤੇ ਗਏ।
ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਉਸੇ ਦਿਨ ਅੱਡਾ ਦਾਲਮ (ਪੁਲਿਸ ਜ਼ਿਲ੍ਹਾ ਬਟਾਲਾ) ਸਥਿਤ ਇਕ ਮੈਡੀਕਲ ਸਟੋਰ ਦੇ ਮਾਲਕ ਨੂੰ ਮਾਰਨ ਦੀ ਨੀਅਤ ਨਾਲ ਗੋਲੀਆਂ ਮਾਰੀਆਂ ਸਨ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਇਸ ਸਬੰਧੀ ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਵੱਖਰਾ ਮੁਕੱਦਮਾ ਦਰਜ ਕੀਤਾ ਗਿਆ ਹੈ।
ਗ੍ਰਿਫਤਾਰ ਦੋਸ਼ੀਆਂ ਦਾ ਵੇਰਵਾ:
- ਸਰਬਜੀਤ ਸਿੰਘ ਉਰਫ ਸਾਬੀ, ਪੁੱਤਰ ਸੁੱਚਾ ਸਿੰਘ, ਵਾਸੀ ਪੱਬਾਂਰਾਲੀ, ਥਾਣਾ ਡੇਰਾ ਬਾਬਾ ਨਾਨਕ।
- ਲਵਪ੍ਰੀਤ ਸਿੰਘ ਉਰਫ ਲਵ, ਪੁੱਤਰ ਹਰਦੇਵ ਸਿੰਘ, ਵਾਸੀ ਰੋਡ ਖੈਹਿਰਾ, ਥਾਣਾ ਕਿਲ੍ਹਾ ਲਾਲ ਸਿੰਘ।
ਬਰਾਮਦਗੀ:
- ਇਕ 32 ਬੋਰ ਪਿਸਤੌਲ ਸਮੇਤ ਮੈਗਜ਼ੀਨ ਅਤੇ 5 ਰੋਂਦ।
- ਇਕ 30 ਬੋਰ ਪਿਸਤੌਲ ਸਮੇਤ ਮੈਗਜ਼ੀਨ ਅਤੇ 3 ਰੋਂਦ।
ਐਸਐਸਪੀ ਨੇ ਦੱਸਿਆ ਕਿ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਬੈਕਵਰਡ ਲਿੰਕਜ਼ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਗੁਰਦਾਸਪੁਰ ਪੁਲਿਸ ਨੇ ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਹੋਈ ਹੈ ਅਤੇ ਅਪਰਾਧੀ ਅਨਸਰਾਂ ਨੂੰ ਕਾਬੂ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।ਮੁਕੱਦਮੇ ਦੀ ਤਫਤੀਸ਼ ਜਾਰੀ ਹੈ।