Close

Recent Posts

ਗੁਰਦਾਸਪੁਰ ਪੰਜਾਬ

ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਅੰਤਰਰਾਸ਼ਟਰੀ ਯੁਵਕ ਦਿਵਸ ਮਨਾਇਆ

ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਅੰਤਰਰਾਸ਼ਟਰੀ ਯੁਵਕ ਦਿਵਸ ਮਨਾਇਆ
  • PublishedAugust 12, 2025

ਸਮਾਗਮ ਦੌਰਾਨ ਵਿਦਿਆਰਥੀਆਂ ਦੇ ਭਾਸ਼ਣ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

ਗੁਰਦਾਸਪੁਰ, 12 ਅਗਸਤ 2025 (ਮੰਨਨ ਸੈਣੀ )। ਸਰਕਾਰੀ ਕਾਲਜ ਗੁਰਦਾਸਪੁਰ ਦੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਦੀ ਅਗਵਾਈ ਹੇਠ ਅੱਜ ਕਾਲਜ ਵਿੱਚ ਅੰਤਰਰਾਸ਼ਟਰੀ ਯੁਵਕ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਕਰਵਾਏ ਵਿਸ਼ੇਸ਼ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ ਤੇ ਡਾ. ਰਿਸ਼ੀ ਰਾਜ ਸ਼ਰਮਾ ਸ਼ਾਮਲ ਹੋਏ।

ਇਸ ਮੌਕੇ ਆਪਣੇ ਸੰਬੋਧਨ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਦੇਸ਼ ਦਾ ਸਰਮਾਇਆ ਤੇ ਸ਼ਕਤੀ ਹੁੰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਐਨਰਜੀ ਨੂੰ ਸਹੀ ਪਾਸੇ ਵੱਲ ਲਗਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਨੌਜਵਾਨੀ ਦਾ ਸਮਾਂ ਮਨੁੱਖੀ ਜੀਵਨ ਉਹ ਸੁਨਹਿਰੀ ਸਮਾਂ ਹੁੰਦਾ ਹੈ ਜਦੋਂ ਅਸੀਂ ਆਪਣੇ ਕਾਮਯਾਬ ਜੀਵਨ ਦੀ ਬੁਨਿਆਦ ਰੱਖਦੇ ਹਾਂ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੇ ਮਾੜੀ ਸੰਗਤ ਤੋਂ ਬੱਚ ਕੇ ਪੜ੍ਹਾਈ ਵੱਲ ਅਤੇ ਆਪਣੇ ਆਪ ਨੂੰ ਹੁਨਰਮੰਦ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਨੌਜਵਾਨ ਆਪਣੇ ਸਮੇਂ ਦਾ ਸਹੀ ਉਪਯੋਗ ਕਰਨ। ਉਨ੍ਹਾਂ ਨੇ ਵਿਦਿਆਰਥੀਆਂ ਦੇ ਕਾਮਯਾਬ ਤੇ ਸੁਨਹਿਰੇ ਭਵਿੱਖ ਦੀ ਕਾਮਨਾ ਵੀ ਕੀਤੀ।

ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਚੰਗੇ ਕੰਮ ਕਰਨ ਅਤੇ ਅਗਾਂਹ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰੀ ਕਾਲਜ ਗੁਰਦਾਸਪੁਰ ਨੌਜਵਾਨਾਂ ਦੇ ਸੁਪਨਿਆਂ ਨੂੰ ਖੰਭ ਲਗਾਉਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ ਅਤੇ ਜ਼ਿਲ੍ਹੇ ਦੀ ਇਹ ਪ੍ਰਮੁੱਖ ਸਿੱਖਿਆ ਸੰਸਥਾ ਹਮੇਸ਼ਾਂ ਹੀ ਆਪਣੀ ਨੌਜਵਾਨੀ ਨੂੰ ਸਹੀ ਦਿਸ਼ਾ ਦੇਣ ਦੇ ਉਪਰਾਲੇ ਕਰਦੀ ਰਹਿੰਦੀ ਹੈ। ਇਸ ਮੌਕੇ ਉਨ੍ਹਾਂ ਮੁੱਖ ਮਹਿਮਾਨ ਵਧੀਕ ਡਿਪਟੀ ਕਮਿਸ਼ਨਰ ਨੂੰ ਸਨਮਾਨਿਤ ਵੀ ਕੀਤਾ।

ਸਮਾਗਮ ਦੌਰਾਨ ਡਾ. ਰਿਸ਼ੀ ਰਾਜ ਸ਼ਰਮਾ ਨੇ ਵਿਦਿਆਰਥੀਆਂ ਨਾਲ ਇਸ ਦਿਵਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਸ ਦਿਵਸ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਨੌਜਵਾਨ ਪੀੜੀ ਨੂੰ ਆਪਣੀ ਤਾਕਤ ਦਾ ਸਹੀ ਇਸਤੇਮਾਲ ਕਰਨ ਲਈ ਪ੍ਰੇਰਿਆ।

ਇਸ ਪ੍ਰੋਗਰਾਮ ਦੇ ਦੌਰਾਨ ਵਿਦਿਆਰਥੀਆਂ ਵੱਲੋਂ ਭਾਸ਼ਣ ਮੁਕਾਬਲੇ ਅਤੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ ਜਿਸ ਵਿਚ ਜੱਜ ਦੀ ਭੂਮਿਕਾ ਪ੍ਰੋ. ਹਰਮੀਤ ਕੌਰ, ਪ੍ਰੋ. ਤਰਨਬੀਰ ਕੌਰ, ਪ੍ਰੋ. ਸ਼ਰੂਤੀ, ਪ੍ਰੋ. ਅੰਧਲੀਪ ਅਤੇ ਪ੍ਰੋ. ਸੁਗੰਧੀ ਮਹਾਜਨ ਨੇ ਨਿਭਾਈ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਸੀਮਾ ਮਹਾਜਨ ਨੇ ਨਿਭਾਈ। ਭਾਸ਼ਣ ਮੁਕਾਬਲਿਆਂ ਵਿਚ ਸੁਨੇਹਾ, ਦੀਵਾਂਸ਼ ਅਤੇ ਰਿਧਮ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਪੋਸਟਰ ਮੇਕਿੰਗ ਵਿਚ ਵੈਦਹੀ, ਸੰਦੀਪ ਸਿੰਘ ਅਤੇ ਸੁਨੇਹਾ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ।ਅੰਤ ਵਿਚ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਨੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਅਤੇ ਅਜਿਹੇ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

Written By
The Punjab Wire