Close

Recent Posts

ਪੰਜਾਬ

ਆਪ ਸਰਕਾਰ ਦੇ ਤਿੰਨ ਮੰਤਰੀਆਂ ਦੇ ਮਹਿਕਮਿਆਂ ਨੇ 150 ਏਕੜ ਪੰਚਾਇਤੀ ਜਮੀਨ ਚਹੇਤੇ ਮਾਇਨਿੰਗ ਮਾਫੀਆਂ ਨੂੰ ਸੌਂਪੀ-ਸੁਨੀਲ ਜਾਖੜ

ਆਪ ਸਰਕਾਰ ਦੇ ਤਿੰਨ ਮੰਤਰੀਆਂ ਦੇ ਮਹਿਕਮਿਆਂ ਨੇ 150 ਏਕੜ ਪੰਚਾਇਤੀ ਜਮੀਨ ਚਹੇਤੇ ਮਾਇਨਿੰਗ ਮਾਫੀਆਂ ਨੂੰ ਸੌਂਪੀ-ਸੁਨੀਲ ਜਾਖੜ
  • PublishedNovember 25, 2026

-ਪੰਜਾਬ ਦੇ ਸ਼ਰੋਤਾਂ ਤੇ ਖਜਾਨੇ ਦੀ ਲੁੱਟ ਕਰਨ ਲਈ ਮਾਨ ਸਰਕਾਰ ਨੇ ਪੰਚਾਇਤੀ ਰਾਜ ਕਾਨੂੰਨ ਦੀ ਮੂਲ ਭਾਵਨਾ ਦੇ ਉਲਟ ਜਾ ਕੇ ਕਾਨੂੰਨ ਵਿਚ ਸੋਧ ਤੱਕ ਕੀਤੀ


-ਪੰਚਾਇਤੀ ਜ਼ਮੀਨਾਂ ਅਤੇ ਸਰਹੱਦੀ ਖੇਤਰਾਂ ਵਿੱਚ ਮਾਈਨਿੰਗ ਦੇ ਮਾਮਲੇ ਪੰਜਾਬ ਦੀ ਸੁਰੱਖਿਆ ਨਾਲ ਜੁੜੇ ਗੰਭੀਰ ਸਵਾਲ ਖੜ੍ਹੇ ਕਰਦੇ ਹਨ


‘ਆਪ’ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਸਬੰਧੀ ਨਿਯਮਾਂ ਵਿੱਚ ਕੀਤੀਆਂ ਤਬਦੀਲੀਆਂ ਦੀ ਜਾਂਚ ਹੋਣੀ ਚਾਹੀਦੀ ਹੈ; ਕਰੀਬ 150 ਏਕੜ ਜ਼ਮੀਨ ਨਾਲ ਸਬੰਧਤ ਦਸਤਾਵੇਜ਼ੀ ਸਬੂਤ ਹੋਣ ਦਾ ਦਾਅਵਾ


-ਘਪਲੇ ਵਿਚ ਸ਼ਾਮਿਲ ਹਰੇਕ ਵਿਅਕਤੀ ਨੂੰ ਕਾਨੂੰਨ ਸਾਹਮਣੇ ਜਵਾਬਦੇਹ ਬਣਾਇਆ ਜਾਵੇਗਾ

ਚੰਡੀਗੜ੍ਹ, 25 ਨਵੰਬਰ ( ਦੀ ਪੰਜਾਬ ਵਾਇਰ)- ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪੰਚਾਇਤੀ ਰਾਜ ਕਾਨੂੰਨ ਦੀ ਮੂਲ ਭਾਵਨਾ ਨੂੰ ਦਰਕਿਨਾਰ ਕਰਦਿਆਂ ਕਾਨੂੰਨ ਵਿਚ ਸੋਧ ਕਰਕੇ ਆਪਣੇ ਤਿੰਨ ਮੰਤਰੀਆਂ ਦੇ ਵਿਭਾਗਾਂ ਦੀ ਮਿਲੀਭੁਗਤ ਨਾਲ ਪੂਰੀ ਤਰਾਂ ਗੈਰਕਾਨੂੰਨੀ ਤਰੀਕਾ ਅਪਨਾਉਂਦਿਆਂ 150 ਏਕੜ ਪੰਚਾਇਤੀ ਜਮੀਨ ਮਾਇਨਿੰਗ ਮਾਫੀਆ ਨੂੰ ਸੋਂਪ ਦਿੱਤੀ ਹੈ।

ਅੱਜ ਇੱਥੇ ਮਾਇਨਿੰਗ ਮਾਫੀਆ ਰਾਹੀਂ ਪੰਜਾਬ ਦੇ ਸ਼ਰੋਤਾਂ ਤੇ ਖਜਾਨੇ ਦੀ ਆਪ ਪਾਰਟੀ ਦੇ ਦਿੱਲੀ ਤੋਂ ਆਏ ਧਾੜਵੀਆਂ ਵੱਲੋਂ ਕੀਤੀ ਜਾ ਰਹੀ ਲੁੱਟ ਦੀ ਲੜੀ ਦੀ ਪਹਿਲੀ ਕੜੀ ਦੀ ਪ੍ਰੈਸ ਕਾਨਫਰੰਸ ਵਿਚ ਸੁਨੀਲ ਜਾਖੜ ਨੇ ਤੱਥਾਂ ਸਹਿਤ ਆਪ ਦੀ ਕੱਟੜ ਬੇਈਮਾਨ ਸਰਕਾਰ ਦੇ ਭ੍ਰਿਸ਼ਟਾਚਾਰ ਦੀ ਪੋਲ ਖੋਲੀ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ ਪੰਜਾਬ ਦੇ ਕੁਦਰਤੀ ਸ਼ਰੋਤਾ ਅਤੇ ਖਜਾਨੇ ਦੀ ਹੀ ਲੁੱਟ ਨਹੀਂ ਸਗੋਂ ਵਾਤਾਵਰਨ ਤੇ ਚੌਗਿਰਦੇ ਨਾਲ ਜੁੜਿਆ ਹੋਇਆ ਇਹ ਗੰਭੀਰ ਮੁੱਦਾ ਹੈ।
ਸੁਨੀਲ ਜਾਖੜ ਨੇ ਦੱਸਿਆ ਕਿ ਇਕ ਪਾਸੇ ਤਾਂ ਈਡੀ ਪਠਾਨਕੋਟ ਜ਼ਿਲ੍ਹੇ ਵਿਚ ਆਪ ਸਰਕਾਰ ਵੱਲੋਂ ਆਪਣੇ ਚਹੇਤੇ ਮਾਇਨਿੰਗ ਮਾਫੀਆਂ ਨੂੰ 92 ਏਕੜ ਪੰਚਾਇਤੀ ਜਮੀਨ ਤਬਦੀਲ ਕਰਨ ਦੀ ਜਾਂਚ ਕਰ ਰਹੀ ਹੈ ਅਤੇ ਇਸ ਮਾਮਲੇ ਵਿਚ ਮਾਨਯੋਗ ਕੋਰਟ ਨੇ ਵੀ ਟਿੱਪਣੀ ਕੀਤੀ ਹੈ ਕਿ ਕੌਮਾਂਤਰੀ ਸਰਹੱਤ ਦੇ ਜੰਗਲਾਤ ਵਿਭਾਗ ਦੀ ਇਸ ਜਮੀਨ ਤੇ ਹੋ ਰਹੀ ਮਾਇਨਿੰਗ ਸਰੱਹਦ ਪਾਰੋਂ ਨਸ਼ੇ, ਹਥਿਆਰਾਂ, ਆਂਤਕਵਾਦੀਆਂ ਆਦਿ ਦੀ ਤਸਕਰੀ ਲਈ ਖਤਰਾ ਬਣ ਕੇ ਦੇਸ਼ ਦੀ ਕੌਮੀ ਸੁਰੱਖਿਆ ਨੂੰ ਦਾਅ ਤੇ ਲਗਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇੱਥੇ ਬੜੇ ਹੈਰਾਨੀਜਨਕ ਤਰੀਕੇ ਨਾਲ ਵਣ ਵਿਭਾਗ ਵੱਲੋਂ ਸੁਰੱਖਿਅਤ ਐਲਾਣੀ ਰੱਖ ਦੇ ਖੇਤਰ ਵਿਚ ਵੀ ਮਾਇਨਿੰਗ ਹੋ ਰਹੀ ਹੈ ਜਦ ਕਿ ਰੱਖ ਦੇ ਤਾਂ ਇਕ ਕਿਲੋਮੀਟਰ ਦੂਰ ਤੱਕ ਵੀ ਮਾਇਨਿੰਗ ਦੀ ਮਨਾਹੀ ਹੁੰਦੀ ਹੈ।

ਇਸੇ ਮਾਮਲੇ ਵਿਚ ਅਗਲੇ ਪੜਾਅ ਦੀ ਗੱਲ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਆਪ ਦੀ ਭ੍ਰਿਸ਼ਟ ਸਰਕਾਰ ਨੇ ਪੰਚਾਇਤੀ ਜਮੀਨਾਂ ਹਥਿਆਉਣ ਤੇ ਫਿਰ ਆਪਣੇ ਚਹੇਤੇ ਮਾਇਨਿੰਗ ਮਾਫੀਆ ਨੂੰ ਦੇ ਕੇ ਇਸਤੋਂ ਲੁੱਟ ਕਰਨ ਲਈ ਪੰਚਾਇਤੀ ਰਾਜ ਕਾਨੂੰਨ ਦੀ ਬੇਸਿਕ ਸਟਰਕਚਰ (ਮੂਲ ਭਾਵਨਾ ) ਨਾਲ ਖਿਲਵਾੜ ਕਰਦਿਆਂ ਇਸ ਵਿਚ 2025 ਬਦਲਾਅ ਕੀਤਾ। ਜਾਖੜ ਨੇ ਦੋਸ਼ ਲਾਇਆ ਕਿ ਇਨ੍ਹਾਂ ਤਬਦੀਲੀਆਂ ਰਾਹੀਂ ਪੰਚਾਇਤ ਦੇ ਮਤੇ ਅਤੇ ਡਿਪਟੀ ਕਮਿਸ਼ਨਰ ਦੀ ਪ੍ਰਵਾਨਗੀ ਦੇ ਆਧਾਰ ‘ਤੇ ਜ਼ਮੀਨ ਦੇਣ ਦਾ ਰਾਹ ਖੋਲ੍ਹਿਆ ਗਿਆ, ਜਦਕਿ ਉਨ੍ਹਾਂ ਅਨੁਸਾਰ ਇਸ ਨਾਲ ਜ਼ਮੀਨ ਦੀ ਨਿਲਾਮੀ ਅਤੇ ਹੋਰ ਲਾਜ਼ਮੀ ਕਾਨੂੰਨੀ ਪ੍ਰਕਿਰਿਆਵਾਂ ਦੀ ਮਹੱਤਤਾ ਖ਼ਤਮ ਨਹੀਂ ਹੁੰਦੀ। ਉਨ੍ਹਾਂ ਨੇ ਕਿਹਾ ਕਿ ਪੰਚਾਇਤੀ ਜਮੀਨ ਨੂੰ ਪਹਿਲਾਂ ਮਾਫੀਆ ਨੂੰ ਦੇਣਾਂ ਸੰਭਵ ਨਹੀਂ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੇ ਬਦਲਾਅ ਕਰ ਦਿੱਤਾ ਕਿ ਪੰਚਾਇਤ ਦੇ ਮਤੇ ਤੋਂ ਬਾਅਦ ਇਹ ਜਮੀਨ ਮਾਫੀਆ ਨੁੰ ਦਿੱਤੀ ਜਾ ਸਕਦੀ ਹੈ।

ਸੁਨੀਲ ਜਾਖੜ ਨੇ ਕਿਹਾ ਕਿ ਇਸ ਤਰਾਂ ਆਪਣੀ ਲੁੱਟ ਨੂੰ ਕਾਨੂੰਨੀ ਜਾਮਾ ਪਹਿਣਾ ਕੇ ਮਾਨ ਸਰਕਾਰ ਨੇ ਹੁਣ ਤੱਕ ਪਠਾਨਕੋਟ ਜ਼ਿਲ੍ਹੇ ਵਿਚ ਹੀ (ਪਹਿਲਾਂ ਦਿੱਤੀ 92 ਏਕੜ ਤੋਂ ਵੱਖਰੀ) 150 ਏਕੜ ਹੋਰ ਪੰਚਾਇਤੀ ਜਮੀਨ ਪੰਚਾਇਤਾਂ ਤੋਂ ਖੋਹ ਕੇ ਮਾਇਨਿੰਗ ਮਾਫੀਆ ਨੂੰ ਦੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਲਈ ਸੋਧੇ ਕਾਨੂੰਨ ਦੀ ਵੀ ਉਲੰਘਣਾ ਕਰਦਿਆਂ ਨਾ ਤਾਂ ਪੰਚਾਇਤਾਂ ਦੇ ਆਮ ਇਜਲਾਸ ਹੋਏ ਤੇ ਨਾ ਹੀ ਖੂਲੀ ਬੋਲੀ ਰਾਹੀਂ ਜਮੀਨ ਠੇਕੇ ਤੇ ਦਿੱਤੀ ਗਈ ਸਗੋਂ ਸਾਰੇ ਨਿਯਮ ਦਰਕਿਨਾਰ ਇਹ ਜਮੀਨਾਂ ਆਪਣੇ ਚਹੇਤਿਆਂ ਨੂੰ ਦੇ ਦਿੱਤੀਆਂ ਗਈਆਂ। ਜਾਖੜ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਸਿਰਫ਼ ਬਿਆਨਬਾਜ਼ੀ ਨਹੀਂ ਕਰ ਰਹੇ, ਸਗੋਂ ਉਨ੍ਹਾਂ ਕੋਲ ਸਬੰਧਤ ਜ਼ਮੀਨਾਂ ਦੇ ਖਸਰਾ ਨੰਬਰਾਂ, ਮਾਲਕੀ ਰਿਕਾਰਡ, ਲੈਟਰ ਆਫ ਇੰਟੈਂਟ ਅਤੇ ਹੋਰ ਦਸਤਾਵੇਜ਼ਾਂ ਸਮੇਤ ਜਾਣਕਾਰੀ ਮੌਜੂਦ ਹੈ।

ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਨੇ ਦਸਤਾਵੇਜ਼ ਅਤੇ ਨਕਸ਼ੇ ਪੇਸ਼ ਕਰਦਿਆਂ ਦਾਅਵਾ ਕੀਤਾ ਇਸ ਸਾਰੇ ਘਪਲੇ ਵਿਚ ਪੰਜਾਬ ਦੇ ਤਿੰਨ ਵਿਭਾਗਾਂ ਪੰਚਾਇਤੀ ਰਾਜ ਵਿਭਾਗ (ਗਲਤ ਤਰੀਕੇ ਨਾਲ ਕਾਨੂੰਨ ਵਿਚ ਸੋਧ ਤੇ ਬਿਨ੍ਹਾਂ ਆਮ ਇਜਲਾਸ ਤੇ ਖੂਲੀ ਬੋਲੀ ਦੇ ਜਮੀਨ ਦੇਣਾ), ਮਾਇਨਿੰਗ ਵਿਭਾਗ (ਗੈਰ ਕਾਨੂੰਨੀ ਮਾਇਨਿੰਗ) ਅਤੇ ਜੰਗਲਾਤ ਵਿਭਾਗ (ਸੁਰੱਖਿਅਤ ਐਲਾਣੇ ਖੇਤਰਾਂ ਵਿਚ ਮਾਇਨਿੰਗ) ਦੇ ਮੰਤਰੀਆਂ ਦੀ ਸਮੂਲੀਅਤ ਹੈ ਅਤੇ ਇਹ ਘਪਲਾ ਵੱਡੀ ਜਾਂਚ ਦੀ ਮੰਗ ਕਰਦਾ ਹੈ।

ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਆਪਣੀ ਜਿੰਮੇਵਾਰੀ ਸਮਝਦਿਆਂ ਆਪ ਸਰਕਾਰ ਦੇ ਅਜਿਹੇ ਸਾਰੇ ਘਪਲਿਆਂ ਨੂੰ ਨਾ ਕੇਵਲ ਪੰਜਾਬ ਦੇ ਲੋਕਾਂ ਦੀ ਕਚਿਹੀਰੀ ਵਿਚ ਜਨਤਕ ਕਰ ਰਹੀ ਹੈ ਸਗੋਂ ਚਾਰਜਸ਼ੀਟ ਵੀ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਸਰਕਾਰ ਬਣਨ ਤੋਂ ਬਾਅਦ ਇੰਨ੍ਹਾਂ ਦੋਸ਼ੀਆਂ ਨੂੰ ਕਾਨੂੰਨ ਅੱਗੇ ਜਵਾਬਦੇਹ ਬਣਾਇਆ ਜਾ ਸਕੇ।

Written By
The Punjab Wire