ਤਲਵੰਡੀ ਸਾਬੋ-ਭੁੱਚੋ ਮੰਡੀ ਪੱਟੀ ਨੂੰ ਟੈਕਸਟਾਈਲ ਤੇ ਸਪਿਨਿੰਗ ਹੱਬ ਵਿਚ ਬਦਲਿਆ ਜਾਵੇਗਾ: ਸੁਖਬੀਰ ਸਿੰਘ ਬਾਦਲ
ਬਠਿੰਡਾ ਵਿਖੇ ਫੂਡ ਪਾਰਕ ਬਣਾਇਆ ਜਾਵੇਗਾ ਅਤੇ ਉਦਮੀਆਂ ਵਾਸਤੇ ਟੈਕਸ ਫਰੀ ਕੀਤਾ ਜਾਵੇਗਾ
ਕਿਹਾ ਕਿ ਅਗਲੀ ਅਕਾਲੀ ਦਲ-ਭਾਜਪਾ ਸਰਕਾਰ ਐਨ ਓ ਸੀਜ਼ ਖ਼ਤਮ ਕਰੇਗੀ ਅਤੇ ਫੇਸਲੈਸ ਰਜਿਸਟਰੀ ਸਿਸਟਮ ਸ਼ੁਰੂ ਕਰੇਗੀ
ਭਰੋਸਾ ਦੁਆਇਆਕਿ ਸਾਰੀਆਂ ਗੈਰ ਕਾਨੂੰਨੀ ਕਲੌਨੀਆਂ ਨੂੰ ਜਿਵੇਂ ਹੈ ਜਿਥੇ ਹੈ, ਆਧਾਰ ’ਤੇ ਰੈਗੂਲਰ ਕੀਤਾ ਜਾਵੇਗਾ
ਸੀਨੀਅਰ ਭਾਜਪਾ ਆਗੂਆਂ ਨੇ ਤਲਵੰਡੀ ਸਾਬੋ, ਭੁੱਚੋ ਮੰਡੀ ਤੇ ਬਠਿੰਡਾ ਸਮਾਗਮਾਂ ਵਿਚ ਕੀਤੀ ਸ਼ਮੂਲੀਅਤ
ਬਠਿੰਡਾ, 25 ਨਵੰਬਰ 2026 ( ਦੀ ਪੰਜਾਬ ਵਾਇਰ)– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਤਲਵੰਡੀ ਸਾਬੋ-ਭੁੱਚੋ ਮੰਡੀ ਪੱਟੀ ਨੂੰ ਟੈਕਸਟਾਈਲ ਤੇ ਸਪਿਨਿੰਗ ਹੱਬ ਵਿਚ ਬਦਲਿਆ ਜਾਵੇਗਾ ਤੇ ਉਹਨਾਂ ਐਲਾਨ ਕੀਤਾ ਕਿ ਜਾਮਨਗਰ ਹਾਈਵੇ ਦਾ ਲਾਹਾ ਲੈਣ ਲਈ ਖਿੱਤੇ ਵਿਚ ਇੰਡਸਟਰੀਅਲ ਪਾਰਕ ਬਣਾਏ ਜਾਣਗੇ।
ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਸ਼ਹਿਰ ਦੇ ਨਾਲ-ਨਾਲ ਤਲਵੰਡੀ ਸਾਬੋ ਅਤੇ ਭੁੱਚੋ ਮੰਡੀ ਵਿਚ ਵਪਾਰੀਆਂ ਤੇ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ, ਨੇ ਇਹ ਵੀ ਐਲਾਨ ਕੀਤਾ ਕਿ ਪੰਜਾਬ ਵਿਚ ਸਾਰੇ ਨਵੇਂ ਉਦਯੋਗਾਂ ਨੂੰ 50 ਫੀਸਦੀ ਸੂਬਾਈ ਜੀ ਐਸ ਟੀ ਰਿਟੇਨ ਕਰਨ ਦਿੱਤਾ ਜਾਵੇਗਾ ਅਤੇ ਸਮੁੱਚੇ ਉਦਯੋਗਿਕ ਖੇਤਰ ਵਾਸਤੇ ਬਿਜਲੀ 5 ਰੁਪਏ ਪ੍ਰਤੀ ਯੂਨਿਟ ਦਿੱਤੀ ਜਾਵੇਗੀ।
ਵਪਾਰ ਤੇ ਉਦਯੋਗ ਦੇ ਆਗੂ ਨਾ ਸਿਰਫ ਤਿੰਨਾਂ ਗੱਲਬਾਤ ਦੇ ਦੌਰ ਦੌਰਾਨ ਉਤਸ਼ਾਹਿਤ ਸਨ ਬਲਕਿ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਭਰੋਸਾ ਦੁਆਇਆਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ-ਭਾਜਪਾ ਗਠਜੋੜ ਦੀ ਜਿੱਤ ਯਕੀਨੀ ਬਣਾਉਣਗੇ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂਆਂ ਨੇ ਤਿੰਨਾਂ ਥਾਵਾਂ ’ਤੇ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕੀਤੀ।
ਬਠਿੰਡਾ ਵਿਚ ਵਿਚ ਦੁਕਾਨਦਾਰਾਂ ਤੇ ਉਦਯੋਗਪਤੀਆਂ ਵੱਲੋਂ ਗੈਂਗਸਟਰਾਂ ਤੇ ਫਿਰੌਤੀਆਂ ਮੰਗਣ ਵਾਲਿਆਂ ਦੀ ਕੀਤੀ ਸ਼ਿਕਾਇਤ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਐਲਾਨ ਕੀਤਾ ਕਿ ਉਹ ਸੂਬੇ ਨੂੰ ਗੈਂਗਸਟਰ ਮੁਕਤ ਬਣਾਉਣਗੇ ਤੇ ਸੂਬੇ ਵਿਚ ਵਿਕਾਸ ਤੇ ਨਿਵੇਸ਼ ਵਾਸਤੇ ਢੁਕਵਾਂ ਮਾਹੌਲ ਪ੍ਰਦਾਨ ਕਰਨਗੇ।
ਉਹਨਾਂ ਨੇ ਵਾਅਦਾ ਕੀਤਾ ਕਿ ਸਾਰੇ ਵਪਾਰਕ ਘਰਾਣਿਆਂ ਨੂੰ ਬਿਜਲੀ 5 ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ ਦਿੱਤੀ ਜਾਵੇਗੀ ਅਤੇ ਸੂਬੇ ਵਿਚ ਸੌਰ ਊਰਜਾ ਦੇ ਉਤਪਾਦਨ ਨੂੰ ਇੰਡਸਟਰੀਅਲ ਥਾਵਾਂ ’ਤੇ ਉਤਸ਼ਾਹਿਤ ਕੀਤਾ ਜਾਵੇਗਾ ਤੇ ਉਹਨਾਂ ਤੋਂ ਵਾਧੂ ਬਿਜਲੀ ਖਰੀਦੀ ਵੀ ਜਾਵੇਗੀ।
ਵਪਾਰੀਆਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਬਠਿੰਡਾ ਵਿਚ ਫੂਡ ਪਾਰਕ ਸਥਾਪਿਤ ਕਰਨ ਅਤੇ ਇਸਨੂੰ ਉਦਮੀਆਂ ਵਾਸਤੇ ਟੈਕਸ ਮੁਕਤ ਕਰਨ ਦਾ ਵੀ ਵਾਅਦਾ ਕੀਤਾ।
ਇਕ ਹੋਰ ਵੱਡੇ ਫੈਸਲੇ ਵਿਚ ਸਰਦਾਰ ਬਾਦਲ ਨੇ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਦੇ ਰਵੀ ਕੁਮਾਰ ਨੂੰ ਭਰੋਸਾ ਦੁਆਇਆ ਕਿ ਅਗਲੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਪ੍ਰਾਪਰਟੀ ਦੀ ਖਰੀਦ ਤੇ ਵਿਕਰੀ ਵਾਸਤੇ ਐਨ ਓ ਸੀ ਦੀ ਲੋੜ ਨੂੰ ਖ਼ਤਮ ਕਰੇਗੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਪੈਸੇ ਦੀ ਲੁੱਟ ਕਰਨ ਵਾਸਤੇ ਇਹ ਸ਼ਰਤ ਲਾਗੂ ਕੀਤੀ ਸੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਸਾਰੀਆਂ ਗੈਰ ਕਾਨੂੰਨੀ ਕਲੌਨੀਆਂ ਨੂੰ ਜਿਵੇਂ ਹੈ ਜਿਥੇ ਹੈ ਆਧਾਰ ’ਤੇ ਰੈਗੂਲਰ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਅਸੀਂ ਫੇਸਲੈਸ ਰਜਿਸਟਰੀਆਂ ਸ਼ੁਰੂ ਕਰਾਂਗੇ ਜਿਸ ਵਿਚ ਤਹਿਸੀਲਦਾਰ ਦਾ ਕੋਈ ਦਖਲ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਰਜਿਸਟਰੀ ਤੇ ਇੰਤਕਾਲ ਮੌਕੇ ’ਤੇ ਹੀ ਕੀਤੇ ਜਾਣਗੇ ਤਾਂ ਜੋ ਖਰੀਦਦਾਰਾਂ ਨੂੰ ਮੁਸ਼ਕਿਲਾਂ ਨਾ ਝੱਲਣੀਆਂ ਪੈਣ।
ਰਾਮਾ ਮੰਡੀ ਵਿਖੇ ਵਪਾਰ ਮੰਡਲ ਦੇ ਪ੍ਰਧਾਨ ਨਰੇਂਦਰ ਕੁਮਾਰ ਗੋਇਲ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਦੱਸਿਆ ਕਿ ਰਿਫਾਇਨਰੀ ਵਾਸਤੇ ਨਿਸ਼ਚਿਤ ਕੀਤੇ ਇੰਡਸਟਰੀਅਲ ਏਰੀਆ ਨੂੰ ਵਿਕਸਤ ਨਹੀਂ ਕੀਤਾ ਗਿਆ। ਉਹਨਾਂ ਇਹ ਵੀ ਕਿਹਾ ਕਿ ਸਥਾਨਕ ਉਦਯੋਗਾਂ ਦੇ ਪ੍ਰੋਤਸਾਹਨ ਵਾਸਤੇ ਰਿਫਾਇਨਰੀ ਤੋਂ ਫੰਡਾਂ ਦੀ ਅਲਾਟਮੈਂਟ ਦੀ ਜ਼ਰੂਰਤ ਹੈ ਤੇ ਈ ਇਨਵੋਇਸ ਤੇ ਈ ਬਿੱਲ ਸੇਵਾਵਾਂ ਨੂੰ ਸਟ੍ਰੀਮਲਾਈਨ ਕਰਨ ਦੀ ਜ਼ਰੂਰਤ ਹੈ।
ਸਰਦਾਰ ਬਾਦਲ ਨੇ ਭਰੋਸਾ ਦੁਆਇਆਕਿ ਇਲਾਕੇ ਨੂੰ ਟੈਕਸਟਾਈਲ ਤੇ ਸਪਿਨਿੰਗ ਹੱਬ ਵਜੋਂ ਵਿਕਸਤ ਕੀਤਾ ਜਾਵੇਗਾ।
ਸ੍ਰੀ ਸੁਭਾਸ਼ ਗਰਗ ਰਾਮਾ ਮੰਡੀ ਆੜ੍ਹਤੀ ਐਸੋਸੀਏਸ਼ਨ ਨੇ ਆੜ੍ਹਤੀਆਂ ਦੀ ਕਮਿਸ਼ਨ ਵਧਾ ਕੇ 2.5 ਫੀਸਦੀ ਕਰਨ ਅਤੇ ਮੰਡੀ ਦੇ ਫੜ ਦੇ ਵਿਸਥਾਰ ਦੀ ਮੰਗ ਕੀਤੀ।ਭੁੱਚੋ ਮੰਡੀ ਵਿਖੇ ਸ੍ਰੀ ਸੁਨੀਲ ਬਬਲੀ ਨੇ ਵੀ ਇਹੀ ਵਿਚਾਰ ਰੱਖ ਤੇ ਮੰਗ ਕੀਤੀ ਕਿ ਨਵੀਂ ਮੰਡੀ ਵਿਚ ਆੜ੍ਹਤੀਆਂ ਨੂੰ ਦੁਕਾਨਾਂ ਅਲਾਟ ਕੀਤੀਆਂ ਜਾਣ।
ਸਰਦਾਰ ਬਾਦਲ ਨੇ ਭਰੋਸਾ ਦੁਆਇਆ ਕਿ ਅਗਲੀ ਅਕਾਲੀ ਦਲ-ਭਾਜਪਾ ਸਰਕਾਰ ਆੜ੍ਹਤੀਆਂ ਦੀ ਕਮਿਸ਼ਨ 2.5 ਫੀਸਦੀ ਕਰਨ ਦਾ ਮਾਮਲਾ ਕੇਂਦਰ ਸਰਕਾਰ ਕੋਲ ਚੁੱਕੇਗੀ।
ਭੁੱਚੋ ਮੰਡੀ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਗਮਦੂਰ ਸਿੰਘ ਮਾਨ ਨੇ ਕਿਹਾ ਕਿ ਭਾਵੇਂ ਝੋਨੇ ਵਿਚ ਨਮੀ ਦੀ ਮਾਤਰਾ ਵਧਾ ਕੇ 17 ਫੀਸਦੀ ਕੀਤੀ ਗਈ ਹੈ ਪਰ ਸ਼ੈਲਰ ਮਾਲਕਾਂ ਨੂੰ ਕੋਈ ਰਿਆਇਤ ਨਹੀਂ ਦਿੱਤੀ ਗਈ। ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਕਿਵੇਂ ਸਫਾਈ ਦੇ ਚਾਰਜਿਜ਼ ਖ਼ਤਮ ਕਰ ਦਿੱਤੇ ਗਏ ਹਨ। ਰਾਮਾ ਮੰਡੀ ਵਿਖੇ ਸ਼ੈਲਰ ਐਸੋਸੀਏਸ਼ਨ ਦੇ ਸ੍ਰੀ ਸੁਭਾਸ਼ ਨੇ ਸ਼ੈਲਰ ਨਾ ਚੱਲਣ ਵੇਲੇ ਉਹਨਾਂ ’ਤੇ ਥੋਪੇ ਜਾਂਦੇ ਬਿਜਲੀ ਚਾਰਜਿਜ਼ ਨਾ ਵਸੂਲਣ ਦੀ ਮੰਗ ਕੀਤੀ।
ਸਬਜ਼ੀ ਮੰਡੀ ਰਾਮਾ ਮੰਡੀ ਦੇ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਨਵੀਂ ਸਬਜ਼ੀ ਮੰਡੀ ਵਿਚ ਅਧਿਕਾਰੀ ਉਹਨਾਂ ਨੂੰ ਦੁਕਾਨਾਂ ਦੀ ਤਿੰਨ ਗੁਣਾ ਕੀਮਤ ਦੇਣ ਲਈ ਮਜਬੂਰ ਕਰ ਰਹੇ ਹਨ। ਭੁੱਚੋ ਮੰਡੀ ਵਿਖੇ ਇਸੇ ਐਸੋਸੀਏਸ਼ਨ ਦੇ ਸੰਜੀਵ ਕੁਮਾਰ ਨੇ ਸਬਜ਼ੀ ਮੰਡੀ ਵਿਚ ਹੋਰ ਦੁਕਾਨਾਂ ਬਣਾਉਣ ਦੀ ਮੰਗ ਕੀਤੀ।
ਪੈਸਟੀਸਾਈਡ ਐਸੋਸੀਏਸ਼ਨ ਦੇ ਸੰਦੀਪ ਨੇ ਦੱਸਿਆ ਕਿ ਕਿਵੇਂ ਪਹਿਲਾਂ ਖੇਤੀਬਾੜੀ ਉਤਪਾਦਾਂ ’ਤੇ ਪਹਿਲਾਂ ਟੈਕਸ ਨਹੀਂ ਲੱਗਦਾ ਸੀ ਤੇ ਹੁਣ ਦਵਾਈਆਂ ’ਤੇ 18 ਫੀਸਦੀ ਟੈਕਸ ਲੱਗਦਾ ਹੈ। ਉਹਨਾਂ ਇਹ ਵੀ ਕਿਹਾ ਕਿ ਜੇਕਰ ਸੈਂਪਲ ਫੇਲ੍ਹ ਹੁੰਦਾ ਹੈ ਤਾਂ ਇਸ ਵਾਸਤੇ ਦਵਾਈ ਵਿਕਰੇਤਾ ਨੂੰ ਜ਼ਿੰਮੇਵਾਰ ਠਹਿਰਾ ਕੇ ਗ੍ਰਿਫਤਾਰ ਨਹੀਂ ਕੀਤਾ ਜਾਣਾ ਚਾਹੀਦਾ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਜੇਕਰ ਸੀਲਬੰਦ ਥੈਲਿਆਂ ਦਾ ਸੈਂਪਲ ਫੇਲ੍ਹ ਹੁੰਦਾ ਹੈ ਤਾਂ ਫਿਰ ਸਿਰਫ ਉਤਪਾਦਨਕਰਤਾ ਨੂੰ ਜ਼ੁਰਮਾਨਾ ਲਾਇਆ ਜਾਵੇਗਾ। ਉਹਨਾਂ ਨੇ ਰੇਸ਼ਮ ਸਿੰਘ ਖੁਰਮੀ ਜਵੈਲਰ ਐਸੋਸੀਏਸ਼ਨ ਨੂੰ ਇਹ ਵੀ ਭਰੋਸਾ ਦੁਆਇਆ ਕਿ ਐਸੋਸੀਏਸ਼ਨ ਦੇ ਕਿਸੇ ਵੀ ਮੈਂਬਰ ਖਿਲਾਫ ਉਹਨਾਂ ਨਾਲ ਸਲਾਹ ਮਸ਼ਵਰਾ ਕੀਤੇ ਬਗੈਰ ਕੋਈ ਕਾਰਵਾਈ ਨਹੀਂ ਹੋਵੇਗੀ।
ਵਪਾਰੀਆਂ ਦੇ ਪ੍ਰਤੀਨਿਧਾਂ ਪਰਦੀਪ ਕੁਮਾਰ ਦੀਪਾ ਤੇ ਅਸ਼ੋਕ ਕੁਮਾਰ ਬੰਗੀ ਸਮੇਤ ਹੋਰਨਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਕਿਸੇ ਨੂੰ ਵੀ ਕਿਸੇ ਵੀ ਵਪਾਰੀ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਅਸੀਂ ਡਰਾਉਣ ਧਮਕਾਉਣ ਦਾ ਮਾਹੌਲ ਖ਼ਤਮ ਕਰ ਕੇ ਵਿਕਾਸ ਦਾ ਮਾਹੌਲ ਦੇਣ ਵਿਚ ਵਿਸ਼ਵਾਸ ਕਰਦੇ ਹਾਂ। ਇਸੇ ਮੁਤਾਬਕ ਸਾਰੇ ਵਪਾਰੀਆਂ ਨੂੰ ਆਮਦਨ ’ਤੇ ਟੈਕਸ ਵਾਸਤੇ ਸਵੈ ਘੋਸ਼ਣਾ ਪੱਤਰ ਦੇਣ ਦੀ ਆਗਿਆ ਦਿੱਤੀ ਜਾਵੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਰਾਹਤ ਸਕੀਮ ਜੋ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਸ਼ੁਰੂ ਕੀਤੀ ਸੀ, ਮੁੜ ਸ਼ੁਰੂ ਕੀਤੀ ਜਾਵੇਗੀ ਅਤੇ ਛੋਟੇ ਵਪਾਰੀ ਸਾਲਾਨਾ 1000 ਰੁਪਏ ਟੈਕਸ ਵਜੋਂ ਜਮ੍ਹਾਂ ਕਰਵਾ ਸਕਣਗੇ।
ਉਹਨਾਂ ਨੇ ਟਰਾਂਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਅਮਿਤ ਬਾਗਲਾ ਨੂੰ ਭਰੋਸਾ ਦੁਆਇਆ ਕਿ ਟਰੱਕਾਂ ਦੇ ਟਰਾਂਸਪੋਰਟ ਚਾਰਜਿਜ਼ ਕਿਲੋਮੀਟਰ ਆਧਾਰ ’ਤੇ ਤੈਅ ਕੀਤੇ ਜਾਣਗੇ ਜਿਸ ਵਾਸਤੇ ਟਰੱਕ ਅਪਰੇਟਰਾਂ, ਵਪਾਰੀਆਂ ਤੇ ਸਰਕਾਰੀ ਨੁਮਾਇੰਦਿਆਂ ਦੀ ਕਮੇਟੀ ਬਣਾਈ ਜਾਵੇਗੀ।
ਇਸ ਦੌਰਾਨ ਸਟੇਜਾਂ ’ਤੇ ਅਕਾਲੀ ਦਲ-ਭਾਜਪਾ ਗਠਜੋੜ ਦੀ ਸਾਰੀ ਲੀਡਰਸ਼ਿਪ ਹਾਜ਼ਰ ਰਹੀ। ਇਸ ਮੌਕੇ ਮੋਹਿਤ ਗੁਪਤਾ, ਰਵੀਪ੍ਰੀਤ ਸਿੱਧੂ, ਦਲਜੀਤ ਸਿੰਘ ਗੁਰੂ, ਇਕਬਾਲ ਸਿੰਘ ਬਬਲੀ ਢਿੱਲੋਂ, ਸਰੂਪ ਚੰਦ ਸਿੰਗਲਾ, ਜਗਸੀਰ ਸਿੰਘ ਕਲਿਆਣ, ਬਲਕਾਰ ਸਿੰਘ ਬਰਾੜ, ਅਮਿਤ ਕਪੂਰ, ਮੋਹਨ ਲਾਲ ਗਰਗ, ਤਰਸੇਮ ਗੋਇਲ, ਅਸ਼ੋਕ ਭਾਰਤੀ, ਨਰੇਂਦਰ ਮਿੱਤਲ, ਬਲਜੀਤ ਸਿੰਘ ਬੀੜਬਹਿਮਣ ਤੇ ਸੁਸ਼ੀਲ ਕੁਮਾਰ ਗੋਲਡੀ ਵੀ ਹਾਜ਼ਰ ਸਨ।