ਪੰਜਾਬ ਮੁੱਖ ਖ਼ਬਰ

ਸੂਬੇ ਦੇ ਪਾਣੀਆਂ ਦੀ ਰਾਖੀ ਸਬੰਧੀ ਮੋਰਚੇ ਨੂੰ ਪੰਜਾਬ ਦੇ ਹਰ ਵਰਗ ਤੋਂ ਪੂਰਨ ਸਮਰਥਨ ਮਿਲਿਆ: ਹਰਜੋਤ ਸਿੰਘ ਬੈਂਸ

ਸੂਬੇ ਦੇ ਪਾਣੀਆਂ ਦੀ ਰਾਖੀ ਸਬੰਧੀ ਮੋਰਚੇ ਨੂੰ ਪੰਜਾਬ ਦੇ ਹਰ ਵਰਗ ਤੋਂ ਪੂਰਨ ਸਮਰਥਨ ਮਿਲਿਆ: ਹਰਜੋਤ ਸਿੰਘ ਬੈਂਸ
  • PublishedMay 14, 2025

ਕੇਂਦਰ ਸਰਕਾਰ ਨੇ ਹਮੇਸ਼ਾ ਪੰਜਾਬ ਦੇ ਹੱਕਾਂ ‘ਤੇ ਡਾਕਾ ਮਾਰਿਆ: ਲਾਲ ਚੰਦ ਕਟਾਰੂਚੱਕ

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਲਾਲ ਚੰਦ ਕਟਾਰੂਚੱਕ, ਕੁਲਦੀਪ ਸਿੰਘ ਧਾਲੀਵਾਲ, ਬਰਿੰਦਰ ਕੁਮਾਰ ਗੋਇਲ ਅਤੇ ਹਰਭਜਨ ਸਿੰਘ ਈਟੀਓ ਅਤੇ ਲਾਲਜੀਤ ਸਿੰਘ ਭੁੱਲਰ ਨੇ ਨੰਗਲ ਅਤੇ ਕੀਰਤਪੁਰ ਸਾਹਿਬ ਵਿਖੇ ਧਰਨੇ ‘ਚ ਹਿੱਸਾ ਲਿਆ

ਚੰਡੀਗੜ੍ਹ,ਨੰਗਲ, ਕੀਰਤਪੁਰ ਸਾਹਿਬ/14 ਮਈ 2025 (ਦੀ ਪੰਜਾਬ ਵਾਇਰ)। ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਚੱਲ ਰਹੇ ਮੋਰਚੇ ਨੂੰ ਅੱਜ ਕੀਰਤਪੁਰ ਸਾਹਿਬ ਵਿਖੇ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਸਕੂਲ ਤੇ ਉਚੇਰੀ ਸਿੱਖਿਆ, ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਆਪਣੇ ਕੈਬਨਿਟ ਸਾਥੀ ਲਾਲ ਚੰਦ ਕਟਾਰੂਚੱਕ ਨਾਲ ਕੀਰਤਪੁਰ ਸਾਹਿਬ ਦੇ ਲੋਹੰਡ ਖੱਡ ਵਿਖੇ ਲੱਗੇ ਧਰਨੇ ਵਿੱਚ ਹਿੱਸਾ ਲਿਆ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੇ ਲੋਕ ਪੰਜਾਬ ਦੇ ਕੀਮਤੀ ਜਲ ਸਰੋਤਾਂ ਦੀ ਰਾਖੀ ਲਈ ਕੀਰਤਪੁਰ ਸਾਹਿਬ ਵਿਖੇ 24 ਘੰਟੇ ਨਿਰੰਤਰ ਨਜ਼ਰ ਰੱਖ ਰਹੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਹਾਲ ਹੀ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਵਰਗੀ ਸਥਿਤੀ ਦੌਰਾਨ ਪੰਜਾਬ ਦੇ ਜਾਗਰੂਕ ਲੋਕ ਦਿਨ-ਰਾਤ ਧਰਨੇ ‘ਤੇ ਬੈਠੇ ਰਹੇ, ਜਦੋਂ ਕਿ ਹਾਲਾਤਾਂ ਦਾ ਫਾਇਦਾ ਉਠਾਉਂਦੇ ਹੋਏ ਬੀਬੀਐਮਬੀ ਦੇ ਚੇਅਰਮੈਨ ਹਮੇਸ਼ਾ ਪੰਜਾਬ ਦੇ ਪਾਣੀਆਂ ਨੂੰ ਖੋਹਣ ਦੇ ਮੌਕੇ ਦੀ ਤਲਾਸ਼ ਵਿੱਚ ਰਹੇ ਤਾਂ ਜੋ ਉਹ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਦਾ ਪਾਣੀ ਦੂਜੇ ਰਾਜਾਂ ਨੂੰ ਦੇ ਸਕਣ।

ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਚਾਰ ਵਾਰ ਨੰਗਲ ਡੈਮ ਦਾ ਦੌਰਾ ਕਰ ਚੁੱਕੇ ਹਨ ਜੋ ਕਿ ਇਸ ਗੱਲ ਦਾ ਸਬੂਤ ਹੈ ਕਿ ਸੂਬਾ ਸਰਕਾਰ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਲੋਕ-ਪੱਖੀ ਸਟੈਂਡ ਨੂੰ ਸਿਆਸੀ ਸਟੰਟ ਦੱਸ ਰਹੀ ਵਿਰੋਧੀ ਧਿਰ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਕੀ ਕੀਤਾ ਹੈ।

ਇਸ ਮੌਕੇ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਹੋਰ ਸਰਕਾਰਾਂ ਬੀਬੀਐਮਬੀ ਨੂੰ ਪੰਜਾਬ ਵਿਰੁੱਧ ਵਰਤਣ ਲਈ ਗੈਰ-ਸੰਵਿਧਾਨਕ ਤਰੀਕੇ ਅਪਣਾ ਰਹੀਆਂ ਹਨ।

ਇਸ ਦੌਰਾਨ, ਐਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ, ਟਰਾਂਸਪੋਰਟ ਅਤੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਵੀ ਨੰਗਲ ਡੈਮ ਵਿਖੇ ਧਰਨੇ ਵਿੱਚ ਹਿੱਸਾ ਲਿਆ ਅਤੇ ਕਿਹਾ ਕਿ ਪੰਜਾਬ ਨੇ ਮਨੁੱਖਤਾ ਦੇ ਆਧਾਰ ‘ਤੇ ਹਰਿਆਣਾ ਨੂੰ ਪਾਣੀ ਦਿੱਤਾ ਹੈ ਪਰ ਜਦੋਂ ਹੁਣ ਸਾਡੇ ਕੋਲ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪਾਣੀ ਪੂਰਾ ਨਹੀਂ ਪੈ ਰਿਹਾ ਤਾਂ ਅਸੀਂ ਦੂਜੇ ਸੂਬਿਆਂ ਨੂੰ ਪਾਣੀ ਕਿਵੇਂ ਦੇ ਸਕਦੇ ਹਾਂ।

ਬੀਬੀਐਮਬੀ ‘ਤੇ ਵਰ੍ਹਦਿਆਂ ਪੰਜਾਬ ਦੇ ਮੰਤਰੀਆਂ ਨੇ ਕਿਹਾ ਕਿ ਬੀਬੀਐਮਬੀ ਵਿੱਚ ਸੂਬੇ ਦਾ 60 ਫੀਸਦ ਹਿੱਸਾ ਹੈ ਜਿਸਦੇ ਅਧਿਕਾਰੀ/ਕਰਮਚਾਰੀ ਪੰਜਾਬ ਤੋਂ ਤਨਖਾਹਾਂ ਲੈ ਕੇ ਪੰਜਾਬ ਵਿਰੁੱਧ ਹੀ ਮਨਮਾਨੇ ਫੈਸਲੇ ਲੈ ਰਹੇ ਹਨ ਜਿਸ ਨਾਲ ਸੂਬੇ ਦੇ ਹੱਕ ਖੋਹੇ ਜਾ ਰਹੇ ਹਨ। ਮੰਤਰੀਆਂ ਨੇ ਇਹ ਬਿਲਕੁਲ ਸਪੱਸ਼ਟ ਕੀਤਾ ਕਿ ਪਾਣੀ ਪੰਜਾਬ ਦੀ ਜਿੰਦ-ਜਾਨ ਹੈ ਅਤੇ ਸੂਬੇ ਕੋਲ ਦੂਜੇ ਰਾਜਾਂ ਲਈ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ।

ਇਸ ਮੌਕੇ ਮੌਜੂਦ ਹੋਰਨਾਂ ਵਿੱਚ ਵਿਧਾਇਕ ਇੰਦਰਬੀਰ ਸਿੰਘ ਨਿੱਝਰ, ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਵਿਧਾਇਕ ਬਲਵੀਰ ਸਿੰਘ ਪੰਨੂ, ਜਲ ਬੋਰਡ ਪੰਜਾਬ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ ਅਤੇ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਦੇ ਚੇਅਰਮੈਨ ਡਾ. ਸੰਜੀਵ ਗੌਤਮ ਸ਼ਾਮਿਲ ਸਨ।

Written By
The Punjab Wire