ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਨਿਰੰਤਰ ਜਾਰੀ ਰਹੇਗੀ – ਐੱਸ.ਐੱਸ.ਪੀ. ਆਦਿੱਤਯ
ਨਸ਼ਾ ਤਸਕਰਾਂ ਵਿਰੁੱਧ ਕੀਤੀ ਕਾਰਵਾਈ ਤੋਂ ਖ਼ੁਸ਼ ਹੋ ਕੇ ਲੋਕਾਂ ਨੇ ਪੰਜਾਬ ਸਰਕਾਰ ਦੀ ਕੀਤੀ ਸ਼ਲਾਘਾ
ਦੀਨਾਨਗਰ/ਗੁਰਦਾਸਪੁਰ, 15 ਮਈ 2025 (ਦੀ ਪੰਜਾਬ ਵਾਇਰ )। ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਗੁਰਦਾਸਪੁਰ ਪੁਲੀਸ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡ ਡੀਡਾ ਸਾਂਸੀਆਂ ਦੇ ਨਸ਼ਾ ਵੇਚਣ ਵਾਲੇ ਤਸਕਰਾਂ ਉੱਪਰ ਵੱਡਾ ਬੁਲਡੋਜ਼ਰ ਐਕਸ਼ਨ ਕਰਦਿਆਂ 2 ਨਸ਼ਾ ਤਸਕਰਾਂ ਦੇ ਘਰ ਢਾਹ ਦਿੱਤੇ ਹਨ। ਪਿੰਡ ਡੀਡਾ ਸਾਂਸੀਆਂ ਦੇ ਇਨ੍ਹਾਂ ਨਸ਼ਾ ਤਸਕਰਾਂ ਉੱਪਰ ਨਸ਼ਾ ਵੇਚਣ ਦੇ ਕਈ ਕੇਸ ਦਰਜ ਸਨ ਅਤੇ ਇਨ੍ਹਾਂ ਨੇ ਆਪਣੇ ਘਰ ਨਹਿਰੀ ਵਿਭਾਗ ਦੀ ਸਰਕਾਰੀ ਜ਼ਮੀਨ ਉੱਪਰ ਕਬਜ਼ਾ ਕਰਕੇ ਬਣਾਏ ਹੋਏ ਸਨ।
ਗੁਰਦਾਸਪੁਰ ਪੁਲੀਸ ਵੱਲੋਂ ਅੱਜ ਸਵੇਰੇ 11:00 ਵਜੇ ਪਿੰਡ ਡੀਡਾ ਸਾਂਸੀਆਂ ਵਿਖੇ ਨਸ਼ਾ ਤਸਕਰਾਂ ਵੱਲੋਂ ਨਹਿਰੀ ਵਿਭਾਗ ਦੀ ਜ਼ਮੀਨ ਉੱਪਰ ਬਣਾਏ ਨਜਾਇਜ਼ ਘਰਾਂ ਨੂੰ ਬੁਲਡੋਜ਼ਰ ਨਾਲ ਢਾਹੁਣ ਦੀ ਕਾਰਵਾਈ ਸ਼ੁਰੂ ਕੀਤੀ। ਇਸ ਕਾਰਵਾਈ ਦੀ ਅਗਵਾਈ ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਆਦਿੱਤਯ, ਐੱਸ.ਡੀ.ਐੱਮ. ਦੀਨਾਨਗਰ ਸ. ਜਸਪਿੰਦਰ ਸਿੰਘ ਭੁੱਲਰ ਅਤੇ ਐੱਸ.ਪੀ. ਜੁਗਰਾਜ ਸਿੰਘ ਵੱਲੋਂ ਕੀਤੀ ਗਈ, ਜਦਕਿ ਇਸ ਮੌਕੇ ਡਿਊਟੀ ਮੈਜਿਸਟਰੇਟ ਨਾਇਬ ਤਹਿਸੀਲਦਾਰ ਦਲਵਿੰਦਰ ਸਿੰਘ ਅਤੇ ਨਹਿਰੀ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਇਸ ਬੁਲਡੋਜ਼ਰ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਆਦਿੱਤਯ ਨੇ ਦੱਸਿਆ ਕਿ ਜਲ ਸਰੋਤ ਵਿਭਾਗ ਨੇ ਪੁਲੀਸ ਨੂੰ ਲਿਖਤੀ ਰੂਪ ਵਿੱਚ ਰਿਪੋਰਟ ਦਿੱਤੀ ਸੀ ਕਿ ਪਿੰਡ ਡੀਡਾ ਸਾਂਸੀਆਂ ਵਿਖੇ ਬਲਜਿੰਦਰ ਅਤੇ ਲਖਵਿੰਦਰ ਨੇ ਨਹਿਰੀ ਵਿਭਾਗ ਦੀ ਜ਼ਮੀਨ ਉੱਪਰ ਕਬਜ਼ੇ ਕਰਕੇ ਆਪਣੇ ਘਰਾਂ ਦੀ ਨਜਾਇਜ਼ ਉਸਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਲ ਸਰੋਤ ਵਿਭਾਗ ਵੱਲੋਂ ਮਿਲੀ ਰਿਪੋਰਟ ਦੇ ਅਧਾਰ ‘ਤੇ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਇਹ ਵੀ ਪਾਇਆ ਗਿਆ ਕਿ ਇਹ ਦੋਵੇਂ ਵਿਅਕਤੀ ਨਸ਼ਾ ਤਸਕਰੀ ਵਿੱਚ ਵੀ ਸ਼ਾਮਲ ਹਨ ਅਤੇ ਗੁਰਦਾਸਪੁਰ ਪੁਲਿਸ ਵੱਲੋਂ ਪਹਿਲਾਂ ਹੀ ਬਲਜਿੰਦਰ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਅਤੇ ਐਕਸਾਈਜ਼ ਐਕਟ ਦੇ 10 ਪਰਚੇ ਜਦਕਿ ਲਖਵਿੰਦਰ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਅਤੇ ਐਕਸਾਈਜ਼ ਐਕਟ ਦੇ 12 ਪਰਚੇ ਦਰਜ ਸਨ।
ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾ ਰਹੀ ਹੈ ਅਤੇ ਨਸ਼ਿਆਂ ਦੇ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਤਹਿਤ ਅੱਜ ਪਿੰਡ ਡੀਡਾ ਸਾਂਸੀਆਂ ਵਿਖੇ ਵੀ ਨਸ਼ਾ ਤਸਕਰਾਂ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨਿਰੰਤਰ ਜਾਰੀ ਰਹੇਗੀ ਅਤੇ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਤਸਕਰਾਂ ਨੂੰ ਕਿਸੇ ਵੀ ਸੂਰਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ।
ਗੁਰਦਾਸਪੁਰ ਪੁਲੀਸ ਦੀ ਇਸ ਕਾਰਵਾਈ ਸਮੇਂ ਮੌਕੇ `ਤੇ ਪਹੁੰਚੇ ਇਲਾਕਾ ਨਿਵਾਸੀ ਕਾਫ਼ੀ ਉਤਸ਼ਾਹ ਵਿੱਚ ਦਿਖਾਈ ਦਿੱਤੇ ਅਤੇ ਉਨ੍ਹਾਂ ਨੇ ਪੁਲੀਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ। ਇਸ ਮੌਕੇ ਡੀ.ਐੱਸ.ਪੀ. ਦੀਨਾਨਗਰ ਰਜਿੰਦਰ ਮਨਹਾਸ, ਡੀ.ਐੱਸ.ਪੀ. ਗੁਰਦਾਸਪੁਰ ਸ੍ਰੀ ਸੁਖਰਾਜ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਹਾਜ਼ਰ ਸਨ।