ਪੰਜਾਬ ਸਰਕਾਰ ਵੰਡੇਗੀ 50,000 ਕੋਵਿਡ ਕੇਅਰ ਕਿੱਟਾਂ ਐਕਟਿਵ ਮਰੀਜ਼ਾਂ ਨੂੰ ਹਸਪਤਾਲਾਂ ਤੇ ਘਰਾਂ ’ਚ ਮੁਫਤ ਮੁਹੱਈਆ ਕਰਵਾਈਆਂ ਜਾਣਗੀਆਂ, ਕੀ ਹੈ ਇਹਨਾ ਕਿੱਟਾਂ ਵਿਚ ਵੇਖੋ

ਚੰਡੀਗੜ, 7 ਸਤੰਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਉਨਾਂ ਦੀ ਸਰਕਾਰ ਵੱਲੋਂ ਘਰੇਲੂ ਇਕਾਂਤਵਾਸ ਅਤੇ ਹਸਪਤਾਲਾਂ ਵਿੱਚਲੇ ਐਕਟਿਵ ਮਰੀਜ਼ਾਂ ਨੂੰ 50,000 ਕੋਵਿਡ ਕੇਅਰ ਕਿੱਟਾਂ ਬਿਲਕੁਲ ਮੁਫਤ ਮੁਹੱਈਆ ਕਰਵਾਏਗੀ ਤਾਂ ਜੋ ਉਨਾਂ ਦੀ ਸੁਚੱਜੀ ਸਾਂਭ-ਸੰਭਾਲ ਯਕੀਨੀ ਬਣਾਈ ਜਾ ਸਕੇ।

 ਇਨਾਂ ਕਿੱਟਾਂ, ਜਿਨਾਂ ਵਿੱਚੋਂ ਹਰੇਕ ਦੀ ਕੀਮਤ 1700 ਰੁਪਏ ਹੈ, ਵਿੱਚ ਇਕ ਔਕਸੀਮੀਟਰ, ਡਿਜੀਟਲ ਥਰਮਾਮੀਟਰ, ਫੇਸ ਮਾਸਕ ਅਤੇ ਜ਼ਰੂਰੀ ਦਵਾਈਆਂ ਸ਼ਾਮਲ ਹਨ।

ਇਹ ਕਦਮ ਸੂਬਾ ਸਰਕਾਰ ਵੱਲੋਂ ਇਹ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ ਕਿ ਸਮੂਹ ਮਰੀਜ਼ਾਂ ਨੂੰ ਉਨਾਂ ਦੇ ਘਰ ਦੀਆਂ ਬਰੂਹਾਂ ਉੱਤੇ ਹੀ ਪੂਰਨ ਮੈਡੀਕਲ ਸਹੂਲਤਾਂ ਮਿਲ ਸਕਣ ਜਿਸ ਨਾਲ ਇਸ ਮਹਾਂਮਾਰੀ ਤੋਂ ਉਹ ਛੇਤੀ ਅਤੇ ਪੂਰੀ ਤਰਾਂ ਮੁਕਤ ਹੋ ਸਕਣ।

ਇਹ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਿਸ਼ੇਸ਼ ਰੂਪ ਵਿੱਚ ਤਿਆਰ ਕੀਤੀ ਗਈ ਇਸ ਕਿੱਟ ਵਿੱਚ ਇਕ ਸਟੀਮਰ, ਇਕ ਹੈਂਡ ਸੈਨੇਟਾਈਜ਼ਰ, 60 ਗਿਲੋਏ ਦੀਆਂ ਗੋਲੀਆਂ, 30 ਵਿਟਾਮਿਨ ਸੀ ਦੀਆਂ ਗੋਲੀਆਂ ਅਤੇ 4 ਵਿਟਾਮਿਨ ਡੀ 3 ਦੀਆਂ ਗੋਲੀਆਂ ਸ਼ਾਮਿਲ ਹਨ।

 ਬੁਲਾਰੇ ਨੇ ਕਿਹਾ ਕਿ ਔਕਸੀਮੀਟਰ ਨਾਲ ਮਰੀਜ਼ਾਂ ਨੂੰ ਆਪਣੇ ਆਕਸੀਜ਼ਨ ਪੱਧਰ ਦੀ ਨਜ਼ਰਸਾਨੀ ਕਰਨ ਵਿੱਚ ਮਦਦ ਮਿਲੇਗੀ ਜਦੋਂਕਿ ਡਿਜੀਟਲ ਥਰਮਾਮੀਟਰ ਦਾ ਇਸਤੇਮਾਲ ਡਾਕਟਰ ਵੱਲੋਂ ਸਰੀਰ ਦਾ ਤਾਪਮਾਨ ਮੂੰਹ ਰਾਹੀਂ ਜਾਂਚਣ ਲਈ ਲਗਾਤਾਰ ਕੀਤਾ ਜਾਵੇਗਾ। ਸਟੀਮਰ ਦਾ ਇਸਤੇਮਾਲ ਰੋਜ਼ਾਨਾ ਦੋ ਵਾਰ 5-10 ਮਿੰਟਾਂ ਲਈ ਸੁਝਾਇਆ ਗਿਆ ਹੈ।

 ਵਿਟਾਮਿਨ ਜ਼ਿੰਕ ਜ਼ਿੰਕੋਨੀਆ 50 ਐਮ.ਜੀ. ਦੀਆਂ 30 ਗੋਲੀਆਂ, ਟਾਪਸਿਡ 40 ਐਮ.ਜੀ. ਦੀਆਂ 14 ਗੋਲੀਆਂ, ਐਮੁਨਿਟੀ ਪਲੱਸ ਲਿਕਵਿਡ 200 ਐਮ.ਐਲ. (ਕਾਹੜਾ), ਡੋਲੋ 650 ਐਮ.ਜੀ. ਦੀਆਂ 15 ਗੋਲੀਆਂ, ਮਲਟੀ ਵਿਟਾਮਿਨ ਸੁਪਰਾਡੀਨ ਦੀਆਂ 30 ਗੋਲੀਆਂ, ਕਫ ਸਿਰਪ 100 ਐਮ.ਐਲ., ਬੀਟਾਡਾਈਨ ਗਾਰਗਲਜ਼ ਜਾਂ ਸਾਲਟ ਗਾਰਗਲਜ਼, 10 ਸੀਟੀਰੀਜ਼ਾਈਨ ਓਕਾਸੈੱਟ ਦੀਆਂ ਗੋਲੀਆਂ ਅਤੇ 3 ਵੱਡੇ ਆਕਾਰ ਦੇ ਗੁਬਾਰੇ ਵੀ ਕੋਵਿਡ ਕੇਅਰ ਕਿੱਟ ਦਾ ਹਿੱਸਾ ਹੋਣਗੇ। ਮਰੀਜ਼ਾਂ ਨੂੰ ਹਰੇਕ ਸਵੇਰ ਆਪਣੇ ਖਾਣੇ ਵਿੱਚ ਤੁਲਸੀ ਦੇ 8 ਤਾਜ਼ਾ ਪੱਤੇ ਵੀ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਵੇਗੀ।

ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰੀਜ਼ਾਂ ਨੂੰ ਇਹ ਵੀ ਸਲਾਹ ਦਿੱਤੀ ਜਾਵੇਗੀ ਕਿ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਲਈ 30 ਦਿਨਾਂ ਤੱਕ ਸਵੇਰ ਵੇਲੇ ਗਿਲੋਏ ਦੀਆਂ 2 ਗੋਲੀਆਂ ਲਈਆਂ ਜਾਣ ਅਤੇ ਇਸੇ ਤਰਾਂ ਹੀ ਹਰੇਕ ਸਵੇਰ ਅਤੇ ਸ਼ਾਮ 15 ਦਿਨਾਂ ਲਈ ਵਿਟਾਮਿਨ ਸੀ ਦੀਆਂ 2 ਗੋਲੀਆਂ ਲੈਣੀਆਂ ਸੁਝਾਈਆਂ ਗਈਆਂ ਹਨ। ਵਿਟਾਮਿਨ ਡੀ 3 ਦਾ ਸੇਵਨ ਰਾਤ ਵੇਲੇ 4 ਹਫਤਿਆਂ ਤੱਕ ਦੇ ਸਮੇਂ ਲਈ ਪ੍ਰਤੀ ਹਫਤੇ ਇਕ ਗੋਲੀ ਲੈਣ ਵਜੋਂ ਸੁਝਾਇਆ ਗਿਆ ਹੈ।

 ਖਾਂਸੀ ਹੋਣ ਦੀ ਸੂਰਤ ਵਿੱਚ ਕਫ ਸਿਰਪ ਲਿਆ ਜਾਵੇ ਅਤੇ ਇਸੇ ਤਰਾਂ ਹੀ ਜੇਕਰ ਬੁਖਾਰ 100 ਡਿਗਰੀ ਸੈਲਸੀਅਸ ਤੋਂ ਵਧਦਾ ਹੈ ਤਾਂ ਡੋਲੋ ਦਵਾਈ ਲਈ ਜਾਵੇ। ਇਸ ਤੋਂ ਇਲਾਵਾ 50 ਮਾਸਕ ਵੀ ਮੁਹੱਈਆ ਕਰਵਾਏ ਗਏ ਹਨ ਜਿਨਾਂ ਵਿੱਚੋਂ ਇਕ ਦਾ ਇਸਤੇਮਾਲ ਵੱਧ ਤੋਂ ਵੱਧ 8 ਘੰਟੇ ਲਈ ਕੀਤਾ ਜਾਵੇ ਅਤੇ ਵਰਤਿਆ ਗਿਆ ਮਾਸਕ ਦੁਬਾਰਾ ਇਸਤੇਮਾਲ ਨਾ ਕੀਤਾ ਜਾਵੇ।

Coronavirus Update (Live)

Coronavirus Update

error: Content is protected !!