ਸਿੱਖਿਆ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ 8 ਅਧਿਆਪਕ ਨੂੰ ਸਿਟੀਜ਼ਨ ਫੋਰਮ ਨੇ ਕੀਤਾ ਸਨਮਾਨਤ
ਬਟਾਲਾ, 6 ਸਤੰਬਰ ( ਮੰਨਨ ਸੈਣੀ ) – ਸਿਟੀਜ਼ਨ ਸੋਸਲ ਵੈਲਫੇਅਰ ਫ਼ੋਰਮ (ਰਜ਼ਿ) ਬਟਾਲਾ ਵਲੋਂ ਅੱਜ ਅਧਿਆਪਕ ਦਿਵਸ ਨੂੰ ਸਮਰਪਿਤ ਅਧਿਆਪਕ ਸਨਮਾਨ ਸਮਾਰੋਹ ਕਰਾਇਆ ਗਿਆ। ਸਥਾਨਕ ਬਟਾਲਾ ਕਲੱਬ ਵਿਖੇ ਕਰਵਾਏ ਸਾਦੇ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਤਹਿਸੀਲਦਾਰ ਬਟਾਲਾ ਸ. ਬਲਜਿੰਦਰ ਸਿੰਘ ਸਿੰਘ ਸ਼ਾਮਲ ਹੋਏ ਜਦਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸਕੈਂਡਰੀ) ਹਰਦੀਪ ਸਿੰਘ ਸੈਣੀ, ਸੁਰਜੀਤ ਪਾਲ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਅੱਜ ਦੇ ਸਨਾਮਨ ਸਮਾਰੋਹ ਵਿੱਚ ਸਿਟੀਜ਼ਨ ਸੋਸਲ ਵੈਲਫੇਅਰ ਫ਼ੋਰਮ (ਰਜ਼ਿ) ਬਟਾਲਾ ਵਲੋਂ ਜ਼ਿਲ੍ਹਾ ਗੁਰਦਾਸਪੁਰ ਦੇ 8 ਸਰਕਾਰੀ ਅਧਿਆਪਕਾਂ ਨੂੰ ਸਰਵੋਤਮ ਅਧਿਆਪਕ ਵਜੋਂ ਸਨਮਾਨਤ ਕੀਤਾ। ਸਨਮਾਨ ਲੈਣ ਵਾਲਿਆਂ ਵਿੱਚ ਪਲਵਿੰਦਰ ਸਿੰਘ ਪੰਜਾਬੀ ਮਾਸਟਰ ਸਰਕਾਰੀ ਹਾਈ ਸਕੂਲ ਲੱਖਣ ਕਲਾਂ, ਮਨਪ੍ਰੀਤ ਕੌਰ ਈ.ਟੀ.ਟੀ. ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਅਰਲੀਭੰਨ, ਰਾਜਵਿੰਦਰ ਕੌਰ ਈ.ਟੀ.ਟੀ. ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਸ਼ੁਕਰਪੁਰਾ, ਰਜਵੰਤ ਕੌਰ ਪੰਜਾਬੀ ਅਧਿਆਪਕਾ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮਾੜੀ ਬੁੱਚੀਆਂ, ਜਸਪਾਲ ਸਿੰਘ ਮੈਥ ਮਾਸਟਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਧੁੱਪਸੜੀ, ਨੈਨਸੀ ਸਾਇੰਸ ਅਧਿਆਪਕਾ ਸਰਕਾਰੀ ਮਿਡਲ ਸਕੂਲ ਬੁਰਜ ਅਰਾਈਆਂ, ਹਰਜੀਤ ਸਿੰਘ ਸਮਾਜਿਕ ਸਿੱਖਿਆ ਅਧਿਆਪਕ ਸਰਕਾਰੀ ਮਿਡਲ ਸਕੂਲ ਸੁਨੱਈਆ ਅਤੇ ਮਨਜਿੰਦਰ ਕੌਰ ਵੋਕੇਸ਼ਨਲ ਟੀਚਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਹਰਪੁਰਾ ਧੰਦੋਈ ਸ਼ਾਮਲ ਸਨ।
ਅੱਜ ਦੇ ਇਸ ਸਨਮਾਨ ਸਮਾਗਮ ਵਿੱਚ ਇਸ ਵਾਰ ਦੇ ਰਾਜ ਪੁਰਸਕਾਰ ਜੇਤੂ ਅਧਿਆਪਕ ਗੁਰਮੀਤ ਸਿੰਘ ਬਾਜਵਾ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਲਾਨੌਰ, ਬਲਵਿੰਦਰ ਕੌਰ ਪ੍ਰਿੰਸੀਪਲ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਧਰਮਪੁਰਾ ਬਟਾਲਾ, ਡਾ. ਸਤਿੰਦਰ ਕੌਰ ਪੰਜਾਬੀ ਲੈਕਚਰਾਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਬਟਾਲਾ ਗਾਂਧੀ ਕੈਂਪ ਅਤੇ ਰਾਸ਼ਟਰੀ ਐਵਾਰਡ ਜੇਤੂ ਡਾ. ਪਰਮਜੀਤ ਸਿੰਘ ਕਲਸੀ ਵੀ ਹਾਜ਼ਰ ਸਨ।
ਇਸ ਸਨਮਾਨ ਸਮਾਰੋਹ ਮੌਕੇ ਬੋਲਦਿਆਂ ਤਹਿਸੀਲਦਾਰ ਬਟਾਲਾ ਸ. ਬਲਜਿੰਦਰ ਸਿੰਘ ਨੇ ਕਿਹਾ ਕਿ ਮਨੁੱਖੀ ਜੀਵਨ ਨੂੰ ਸੇਧ ਦੇਣ ਵਿੱਚ ਅਧਿਆਪਕ ਵਰਗ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਹੀ ਸਮਾਜ ਦੇ ਨਿਰਮਾਤਾ ਹਨ ਅਤੇ ਮਨੁੱਖ ਆਪਣੀ ਜ਼ਿੰਦਗੀ ਵਿੱਚ ਕਿਨੀ ਵੀ ਵੱਡੀ ਮੰਜ਼ਿਲ ਹਾਸਲ ਕਿਉਂ ਨਾ ਕਰ ਲਵੇ ਉਸ ਵਿੱਚ ਉਸਦੇ ਅਧਿਆਪਕ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਅਧਿਆਪਕ ਵਰਗ ਦਾ ਸਤਿਕਾਰ ਕਰਦੀਆਂ ਉਹ ਬੁਲੰਦੀਆਂ ਨੂੰ ਹਾਸਲ ਕਰਦੀਆਂ ਹਨ। ਉਨ੍ਹਾਂ ਸਨਮਾਨ ਹਾਸਲ ਕਰਨ ਵਾਲੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਬਦੌਲਤ ਹੀ ਸਮਾਜ ਵਿੱਚ ਗਿਆਨ ਦਾ ਚਾਨਣ ਬਿਖਰ ਰਿਹਾ ਹੈ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸਕੈਂਡਰੀ) ਹਰਦੀਪ ਸਿੰਘ ਸੈਣੀ ਨੇ ਸਨਮਾਨਤ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਅਧਿਆਪਕਾਂ ਦੀ ਬਦੌਲਤ ਹੀ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਦਿਨੋਂ-ਦਿਨ ਉੱਚਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਤਾਲਾਬੰਦੀ ਦੌਰਾਨ ਵੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਆਨ-ਲਾਈਨ ਪੜ੍ਹਾਈ ਕਰਾ ਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਸਰਕਾਰੀ ਸਕੂਲਾਂ ਵਿੱਚ 15 ਫੀਸਦੀ ਵੱਧ ਦਾਖਲੇ ਹੋਏ ਹਨ ਜਿਸਦਾ ਸਿਹਰਾ ਅਧਿਆਪਕਾਂ ਦੀ ਮਿਹਨਤ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਨਮਾਨਤ ਹੋਣ ਵਾਲੇ ਅਧਿਆਪਕ ਸਿੱਖਿਆ ਵਿਭਾਗ ਦਾ ਮਾਣ ਹਨ।
ਅਖੀਰ ਵਿੱਚ ਫੋਰਮ ਦੇ ਪ੍ਰਧਾਨ ਪ੍ਰੋ ਸੁਖਵੰਤ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਸਨਮਾਨਤ ਹਸਤੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਬਾਊ ਵਿਜੇ ਅਗਨੀਹੋਤਰੀ, ਪਿਆਰਾ ਸਿੰਘ ਟਾਂਡਾ, ਕਾਕੇ ਸ਼ਾਹ, ਨੀਲਮ ਮਹਾਜਨ, ਪ੍ਰਿੰਸੀਪਲ ਹਰਭਜਨ ਸਿੰਘ ਬਾਜਵਾ, ਕੁਲਵੰਤ ਕੌਰ ਗਿੱਲ ਸਮੇਤ ਹੋਰ ਵੀ ਮੋਹਤਬਰ ਵਿਅਕਤੀ ਹਾਜ਼ਰ ਸਨ।