ਚੰਡੀਗੜ੍ਹ, 2 ਸਤੰਬਰ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਰਾਜ ਦੇ ਮਰੀਜਾਂ ਨੂੰ ਸਾਹਮਣੇ ਆਉਣ ਅਤੇ ਖ਼ੁਦ ਨੂੰ ਕੋਵਿਡ-19 ਦਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਮਰੀਜਾਂ ਨੂੰ ਘਰਾਂ ਵਿੱਚ ਇਕਾਂਤਵਾਸ (ਆਈਸੋਲੇਸ਼ਨ) ਦੀ ਸੁਵਿਧਾ ਪ੍ਰਾਪਤ ਕਰਨ ਦੇ ਨਿਯਮਾਂ ਨੂੰ ਆਸਾਨ ਕਰ ਦਿੱਤਾ ਹੈ। ਕੋਵਿਡ-19 ਪੋਜ਼ੀਟਿਵ ਮਰੀਜ ਦਾ ਇਲਾਜ ਕਰ ਰਹੇ ਮੈਡੀਕਲ ਅਫ਼ਸਰ ਵੱਲੋਂ ਕਲੀਨੀਕਲ ਸਲਾਹ ਅਨੁਸਾਰ ਘੱਟ ਲੱਛਣਾਂ/ਪੂਰਵ-ਲੱਛਣ/ਲੱਛਣਾਂ ਤੋਂ ਬਿਨ੍ਹਾਂ ਵਾਲੇ ਕੇਸਾਂ ਨੂੰ ਘਰਾਂ ਵਿੱਚ ਆਸਾਨੀ ਨਾਲ ਇਕਾਂਤਵਾਸ (ਆਈਸੋਲੇਸ਼ਨ) ਦੀ ਸੁਵਿਧਾ ਦਿੱਤੀ ਜਾ ਸਕਦੀ ਹੈ। ਅਜਿਹੇ ਕੇਸ, ਜਿਨ੍ਹਾਂ ਕੋਲ ਘਰਾਂ ਵਿੱਚ ਖ਼ੁਦ ਨੂੰ ਅਤੇ ਪਰਿਵਾਰ ਨੂੰ ਏਕਾਂਤਵਾਸ (ਆਈਸੋਲੇਟ) ਕਰਨ ਦੀ ਸੁਵਿਧਾ ਹੈ ਅਤੇ 60 ਸਾਲ ਤੋਂ ਉਪਰ ਦੀ ਉਮਰ ਵਾਲੇ ਬਜ਼ੁਰਗ ਵਿਅਕਤੀ, ਜਿਨ੍ਹਾਂ ਨੂੰ ਹੋਰ ਬਿਮਾਰੀਆਂ ਜਿਵੇਂ ਕਿ ਹਾਈਪਰਟੈਂਸ਼ਨ, ਸ਼ੂਗਰ, ਦਿਲ ਦੀ ਬਿਮਾਰੀ, ਕਰੋਨਿਕ ਲੰਗਸ/ਲੀਵਰ/ਕਿਡਨੀ ਡਿਜ਼ੀਜ਼, ਕੇਅਰਬਰੋ-ਵਸਕੁਲਰ ਆਦਿ ਬਿਮਾਰੀਆਂ ਹਨ, ਉਨ੍ਹਾਂ ਨੂੰ ਮੈਡੀਕਲ ਅਫ਼ਸਰਾਂ ਦੀ ਸਲਾਹ ਨਾਲ ਹੀ ਘਰ ਵਿੱਚ ਆਈਸੋਲੇਟ ਕਰਨ ਦੀ ਸੁਵਿਧਾ ਦਿੱਤੀ ਜਾ ਸਕਦੀ ਹੈ ਤਾਂ ਜੋ ਮਰੀਜਾਂ ਦੀ ਸਿਹਤ ਨੂੰ ਕੋਈ ਨੁਕਸਾਨ ਨਾ ਪਹੁੰਚੇ।
ਸਿਹਤ ਮੰਤਰੀ ਨੇ ਜਾਣਕਾਰੀ ਦਿੱਤੀ ਹੈ ਕਿ ਇਕਾਂਤਵਾਸ ਲਈ ਮਰੀਜ ਵੱਲੋਂ ਇਕਰਾਰਨਾਮਾ (ਸਵੈ-ਘੋਸ਼ਣਾ ਪੱਤਰ) ਲਿਖ ਕੇ ਦਿੱਤਾ ਜਾਵੇਗਾ ਕਿ ਉਨ੍ਹਾਂ ਕੋਲ ਘਰ ਵਿੱਚ ਇਕਾਂਤਵਾਸ ਲਈ ਵੱਖਰਾ ਕਮਰਾ ਤੇ ਟਾਇਲਟ ਦੀ ਸੁਵਿਧਾ ਹੈ। ਇਸੇ ਤਰ੍ਹਾਂ ਮਰੀਜ ਨੂੰ ਕਿੱਟ ਖਰੀਦਣੀ ਜ਼ਰੂਰੀ ਹੋਵੇਗੀ, ਜਿਸ ਵਿੱਚ ਪਲਸ ਔਕਸੀਮੀਟਰ, ਥਰਮਾਮੀਟਰ, ਵਿਟਾਮਿਨ ਸੀ ਅਤੇ ਜ਼ਿੰਕ ਦੀ ਗੋਲੀ ਸ਼ਾਮਿਲ ਹੈ। ਮਰੀਜ ਦੀ ਦੇਖਭਾਲ ਕਰਨ ਵਾਲੇ ਵਿਅਕਤੀ ਦੀ 24 x 7 ਦੇ ਆਧਾਰ ਤੇ ਉਪਲਬੱਧ ਹੋਣਾ ਚਾਹੀਦਾ ਹੈ ਅਤੇ ਘਰ ਵਿੱਚ ਇਕਾਂਤਵਾਸ ਦੇ ਪੂਰੇ ਸਮੇਂ ਦੌਰਾਨ ਮਰੀਜ ਦੀ ਸੰਭਾਲ ਕਰਨ ਵਾਲੇ ਵਿਅਕਤੀ ਅਤੇ ਹਸਪਤਾਲ ਵਿੱਚ ਤਾਲਮੇਲ ਰੱਖਿਆ ਜਾਵੇਗਾ। ਮਰੀਜ ਦੇ ਮੋਬਾਈਲ ਵਿੱਚ ਕੋਵਾ ਐਪਲੀਕੇਸ਼ਨ ਡਾਊਨਲੋਡ ਕੀਤੀ ਜਾਵੇ ਅਤੇ ਹਮੇਸ਼ਾ ਐਕਟਿਵ (ਬਲੂਟੁਥ ਅਤੇ ਵਾਈ-ਫਾਈ ਦੁਆਰਾ) ਰੱਖੀ ਜਾਵੇ। ਮਰੀਜ ਦੀ ਸਹਿਮਤੀ ਜ਼ਰੂਰੀ ਹੋਵੇਗੀ ਕਿ ਉਹ ਦਿਨ ਵਿੱਚ 3 ਵਾਰ ਆਕਸੀਜ਼ਨ ਅਤੇ ਬੁਖ਼ਾਰ ਦੀ ਜਾਂਚ ਕਰੇਗਾ/ਕਰੇਗੀ ਅਤੇ ਆਪਣੀ ਸਿਹਤ ਦਾ ਪੂਰਾ ਰਿਕਾਰਡ ਰੱਖਿਆ ਜਾਵੇਗਾ ਅਤੇ ਲਗਾਤਾਰ ਸਿਹਤ ਸਥਿਤੀ ਬਾਰੇ ਜ਼ਿਲ੍ਹਾ ਨੋਡਲ ਅਫ਼ਸਰ ਨੂੰ ਜਾਣਕਾਰੀ ਦਿੱਤੀ ਜਾਵੇਗੀ, ਜੋ ਫਾਲੋ-ਅੱਪ ਲਈ ਨਿਗਰਾਨੀ ਟੀਮ ਨੂੰ ਸਹੂਲਤ ਪ੍ਰਦਾਨ ਕਰਨਗੇ। ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਘਰ ਵਿੱਚ ਇਕਾਂਤਵਾਸ (ਆਈਸੋਲੇਸ਼ਨ) 17 ਦਿਨ ਅਤੇ ਜੇਕਰ ਲੱਛਣ ਨਹੀਂ ਆਉਂਦੇ ਤਾਂ 3 ਦਿਨਾਂ ਵਿੱਚ ਖ਼ਤਮ ਕਰ ਦਿੱਤਾ ਜਾਵੇਗਾ। ਜੇਕਰ ਗੰਭੀਰ ਲੱਛਣ ਤੇ ਸਮੱਸਿਆਵਾਂ ਹੋਣ ਤਾਂ ਤੁਰੰਤ ਮੈਡੀਕਲ ਸਹਾਇਤਾ ਪ੍ਰਾਪਤ ਕੀਤੀ ਜਾਵੇ। ਜੇਕਰ ਮਰੀਜ ਨੂੰ ਸਾਹ ਲੈਣ ਵਿੱਚ ਤਕਲੀਫ਼, ਡਿਪ ਇਨ ਐਕਸੀਜ਼ਨ ਸੈਚੂਰੇਸ਼ਨ ( SpO2 < 95%), ਲਗਾਤਾਰ ਦਰਦ/ਛਾਤੀ ਤੇ ਭਾਰ, ਦਿਮਾਗੀ ਸੰਤੁਲਨ, ਗਲਤ ਬੋਲਣਾ/ਦੌਰੇ, ਕਿਸੇ ਵੀ ਅੰਗ ਜਾਂ ਚਿਹਰੇ ਤੇ ਕਮਜ਼ੋਰੀ ਜਾਂ ਸੁੰਨ ਹੋਣਾ, ਬੁੱਲਾਂ/ਚਿਹਰੇ ਦਾ ਰੰਗ ਨੀਲਾ ਪੈਣਾ ਦੇ ਲੱਛਣ ਸਾਹਮਣੇ ਆਉਂਦੇ ਹਨ ਤਾਂ ਤੁਰੰਤ ਮੈਡੀਕਲ ਸਹਾਇਤਾ ਪ੍ਰਾਪਤ ਕਰੇਗਾ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਨੇ ਮਰੀਜ ਅਤੇ ਮਰੀਜ ਦੀ ਸੰਭਾਲ ਕਰਨ ਵਾਲੇ ਵਿਅਕਤੀਆਂ ਨੂੰ ਸਰਕਾਰ ਵੱਲੋਂ ਜਾਰੀ ਕੀਤੀਆਂ ਗਏ ਸਾਰੇ ਮੈਡੀਕਲ ਪ੍ਰੋਟੋਕੋਲ, ਸੁਰੱਖਿਅਤ ਢੰਗ ਤੇ ਸਲਾਹਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਇਸਦੇ ਨਾਲ ਹੀ ਮਰੀਜ ਵੱਲੋਂ ਆਪਣੀ ਸਿਹਤ ਨੂੰ ਮੋਨੀਟਰ ਕੀਤਾ ਜਾਵੇਗਾ ਅਤੇ ਬੁਖ਼ਾਰ ਦੀ ਜਾਂਚ ਕਰਦਾ ਰਹੇਗਾ/ਰਹੇਗੀ ਅਤੇ ਜੇਕਰ ਲੱਛਣ ਸਾਹਮਣੇ ਆਉਂਦੇ ਹਨ ਤਾਂ ਤੁਰੰਤ ਪਹਿਲ ਦੇ ਆਧਾਰ ਤੇ ਰਿਪੋਰਟ ਕਰੇਗਾ। ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜਿਥੇ ਮਰੀਜ ਦੀ ਸੰਭਾਲ ਦੌਰਾਨ ਸਾਵਧਾਨੀਆਂ ਜ਼ਰੂਰੀ ਹਨ, ਉਥੇ ਮਰੀਜ ਤੇ ਪਰਿਵਾਰਿਕ ਮੈਂਬਰਾਂ ਦੀ ਸੰਭਾਲ ਬਹੁਤ ਜ਼ਰੂਰੀ ਹੈ। ਸੰਭਾਲ ਕਰਨ ਵਾਲਾ ਵਿਅਕਤੀ ਯਕੀਨੀ ਬਣਾਏ ਕਿ ਮਰੀਜ ਨੂੰ ਡਾਕਟਰੀ ਸਲਾਹ ਅਨੁਸਾਰ ਇਲਾਜ ਦਿੱਤਾ ਜਾਵੇ। ਸੰਭਾਲ ਕਰਨ ਵਾਲਾ ਅਤੇ ਉਸਦੇ ਨਜ਼ਦੀਕੀ ਸੰਪਰਕ ਖ਼ੁਦ ਦੀ ਸਿਹਤ ਨੂੰ ਮੋਨੀਟਰ ਕਰਨਗੇ ਅਤੇ ਰੋਜ਼ਾਨਾ ਆਪਣੇ ਬੁਖ਼ਾਰ ਨੂੰ ਮੋਨੀਟਰ ਕਰਨਗੇ ਅਤੇ ਜੇਕਰ ਕੋਵਿਡ-19 ਦੇ ਲੱਛਣ (ਬੁਖ਼ਾਰ/ਖਾਂਸੀ/ਸਾਹ ਲੈਣ ਵਿੱਚ ਤਕਲੀਫ ਆਦਿ) ਹਨ ਤਾਂ ਤੁਰੰਤ ਰਿਪੋਰਟ ਕੀਤੀ ਜਾਵੇ।