ਪੰਜਾਬ ਸਰਕਾਰ ਵਲੋਂ ਹਰੇ ਚਾਰੇ ਦੇ ਆਚਾਰ ਦੀਆਂ ਗੱਠਾਂ ਬਣਾਉਣ ਵਾਲੀ ਮਸ਼ੀਨ ’ਤੇ 40 ਫੀਸਦੀ ਸਬਸਿਡੀ ਦਿੱਤੀ ਜਾਵੇਗੀ: ਤਿ੍ਰਪਤ ਰਜਿੰਦਰ ਸਿੰਘ ਬਾਜਵਾ
ਮਸ਼ੀਨ ਖਰੀਦਣ ਵਾਲੇ ਉੱਦਮੀ ਕਿਸਾਨ ਨੂੰ 5.60 ਲੱਖ ਰੁਪਏ ਦੀ ਸਹਾਇਤਾ ਮਿਲੇਗੀ
ਚੰਡੀਗੜ੍ਹ, 13 ਅਗਸਤ: ਪੰਜਾਬ ਸਰਕਾਰ ਵਲੋਂ ਡੇਅਰੀ ਦੇ ਧੰਦੇ ਨੂੰ ਹੋਰ ਵਿਕਸਤ ਅਤੇ ਲਾਹੇਵੰਦ ਬਣਾਉਣ ਲਈ ਪੰਜਾਬ ਡੇਅਰੀ ਵਿਕਾਸ ਬੋਰਡ ਰਾਹੀਂ ਹਰੇ ਚਾਰੇ ਤੋਂ ਆਚਾਰ ਦੀਆਂ ਗੱਠਾਂ ਬਣਾਉਣ ਵਾਲੀ ਮਸੀਨ ਦੀ ਲਾਗਤ ਉੱਤੇ 40% ਦੀ ਦਰ ਨਾਲ ਸਬਸਿਡੀ ਕਿਸਾਨਾਂ ਨੂੰ ਦਿੱਤੀ ਜਾਵੇਗੀ। ਅੱਜ ਇੱਥੋਂ ਜਾਰੀ ਬਿਆਨ ਵਿਚ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ, ਮੰਤਰੀ, ਪੰਜਾਬ ਸ੍ਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ, ਨੇ ਦੱਸਿਆ ਕਿ ਹਰੇ ਚਾਰੇ ਦੀ ਪੈਦਾਵਾਰ ਅਤੇ ਸਾਂਭ ਸੰਭਾਲ ਦਾ ਮਸੀਨੀਕਰਨ ਕਰਨ ਲਈ ਸਰਕਾਰ ਵਲੋਂ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰੇ ਚਾਰੇ ਹੇਠ ਰਕਬਾ ਵਧਾ ਕੇ ਨਾ ਸਿਰਫ ਦੁੱਧ ਦੀ ਪੈਦਾਵਾਰ ਵਿੱਚ ਵਾਧਾ ਹੋਵੇਗਾ ਬਲਕਿ ਕਣਕ, ਝੋਨੇ ਹੇਠ ਰਕਬਾ ਵੀ ਘਟੇਗਾ, ਜਿਸ ਨਾਲ ਨਾ ਸਿਰਫ ਧਰਤੀ ਹੇਠਲੇ ਪਾਣੀ ਦੀ ਬਚਤ ਹੋਵੇਗੀ ਸਗੋਂ ਰਵਾਇਤੀ ਫਸਲਾਂ ਦੇ ਮੰਡੀਕਰਨ ਦੀ ਸਮੱਸਿਆ ਨਾਲ ਵੀ ਨਜਿੱਠਿਆ ਜਾ ਸਕੇਗਾ।ਉਨ੍ਹਾਂ ਦੱਸਿਆ ਕਿ ਇਸ ਸਕੀਮ ਦੇ ਲਾਗੂ ਹੋਣ ਨਾਲ ਮਸੀਨ ਖਰੀਦਣ ਵਾਲੇ ਉੱਦਮੀ ਕਿਸਾਨ ਨੂੰ 5.60 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਸਰਕਾਰ ਵਲੋਂ ਮਿਲੇਗੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਡੇਅਰੀ ਧੰਦੇ ਲਈ ਸਾਰਾ ਸਾਲ ਹਰੇ ਚਾਰੇ ਦੀ ਉਪਲੱਬਧਤਾ ਬਹੁਤ ਜਰੂਰੀ ਹੈ। ਪਰ ਇਹ ਆਮ ਦੇਖਿਆ ਗਿਆ ਹੈ ਕਿ ਪੰਜਾਬ ਵਿੱਚ ਕਈ ਮਹੀਨਿਆਂ ਵਿੱਚ ਹਰਾ ਚਾਰਾ ਵਾਧੂ ਹੋ ਜਾਂਦਾ ਹੈ ਅਤੇ ਕਈ ਮਹੀਨਿਆਂ ਵਿੱਚ ਤੋਟ ਆ ਜਾਂਦੀ ਹੈ। ਵਾਧੂ ਹਰੇ ਚਾਰੇ ਤੋਂ ਸਾਈਲੇਜ਼ ਜਾਂ ਆਚਾਰ ਬਣਾਇਆ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਹਰ ਅਗਾਂਹਵਧੂ ਡੇਅਰੀ ਫਾਰਮਰ ਆਪਣੀ ਲੋੜ ਮੁਤਾਬਕ ਚਾਰੇ ਵਾਲੀ ਮੱਕੀ ਅਤੇ ਜਵੀ ਦਾ ਆਚਾਰ ਬਣਾ ਰਿਹਾ ਹੈ। ਪਰ ਟੋਏ ਜਾਂ ਬੰਕਰ ਵਿੱਚ ਬਣੇ ਇਸ ਆਚਾਰ ਨੂੰ ਇੱਕ ਤੋਂ ਦੂਰੀ ਥਾਂ ਲਿਜਾਣਾ ਸੰਭਵ ਨਹੀਂ ਹੁੰਦਾ ਕਿਉਂਕਿ ਇਸ ਵਿੱਚ ਨਮੀ ਦੀ ਮਾਤਰਾ ਵੱਧ ਹੋਣ ਕਰਕੇ ਆਚਾਰ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ।
ਸ੍ਰੀ ਬਾਜਵਾ ਨੇ ਦੱਸਿਆ ਕਿ ਅਗਾਂਹਵਧੂ ਮੁਲਕਾਂ ਵਾਂਗ ਹੁਣ ਪੰਜਾਬ ਵਿੱਚ ਵੀ ਇਸ ਮੁਸਕਲ ਦੇ ਹੱਲ ਕੱਢ ਲਿਆ ਗਿਆ ਹੈ, ਹੁਣ ਨਵੀਨਤਮ ਮਸ਼ੀਨਾਂ ਰਾਹੀਂ ਤਿਆਰ ਕੀਤੇ ਸਾਈਲੇਜ਼ ਨੁੂੰ ਬੈਗਾਂ, ਟਿਊਬਾਂ ਅਤੇ ਗੱਠਾਂ ਵਿੱਚ ਤਿਆਰ ਕਰਕੇ ਛੋਟੇ, ਬੇਜਮੀਨੇ ਕਿਸਾਨਾਂ, ਸਹਿਰੀ ਡੇਅਰੀਆਂ ਅਤੇ ਹਰੇ ਚਾਰੇ ਦੀ ਘਾਟ ਵਾਲੇ ਸੂਬਿਆਂ ਨੂੰ ਭੇਜਿਆ ਜਾ ਸਕੇਗਾ। ਇਸ ਨਾਲ ਛੋਟੇ ਅਤੇ ਸਹਿਰੀ ਡੇਅਰੀ ਫਾਰਮਰਾਂ ਨੂੰ ਵਾਜਬ ਕੀਮਤ ਉੱਤੇ ਸਾਰਾ ਸਾਲ ਸੰਤੁਲਿਤ ਆਹਾਰ ਉਪਲਬਧ ਹੋਵੇਗਾ ਨਾਲ ਦੀ ਨਾਲ ਬੇਰੁਜਗਾਰ ਨੌਜਵਾਨ ਜੋ ਮੱਕੀ ਦੇ ਆਚਾਰ ਦੀਆਂ ਗੱਠਾਂ ਬਣਾਉਣ ਦਾ ਕੰਮ ਸ਼ੁਰੂ ਕਰਨਗੇ, ਨੂੰ ਰੁਜਗਾਰ ਹਾਸਲ ਹੋਵੇਗਾ।
ਡੇਅਰੀ ਵਿਕਾਸ ਵਿਭਾਗ ਦੇ ਡਾਇਰੈਕਟਰ ਸ੍ਰੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਸਾਈਲੇਜ ਬੇਲਰ ਮਸ਼ੀਨਾਂ ਲਈ ਅਖਬਾਰਾਂ ਵਿੱਚ ਐਕਸਪਰੈਸਨ ਆਫ ਇੰਟਰਸਟ ਦੇਣ ਉਪਰੰਤ ਕਾਰਨੈਸਟ ਐਗਰੀ ਪ੍ਰੋਡਕਟ ਪ੍ਰਾਈਵੇਟ ਲਿਮਿਟਡ (ਹੈਦਰਾਬਾਦ), ਨਵ ਭਾਰਤ ਫਾਰਮਰਜ ਪ੍ਰੋਡਿਊਸਰ ਕੰਪਨੀ ਲਿਮਿਟਡ (ਆਂਧਰਾ ਪ੍ਰਦੇਸ), ਮੈਸ. ਬਖਸੀਸ ਇੰਡਸਟਰੀਜ (ਬੱਸੀ ਪਠਾਣਾ), ਡਾਇਨਾਮਿਕ ਮਸੀਨਰੀ ਐਂਡ ਇਕਯੁਪਮੈਂਟ ਕੰਪਨੀ (ਲੁਧਿਆਣਾ), ਉਜਵਲਾ ਹਾਰਵੈਸਟਰ ਕਾਰਪੋਰੇਸਨ (ਆਂਧਰਾਪ੍ਰਦੇਸ) ਵਲੋਂ ਇਨਪੈਨਲਮੈਂਟ ਲਈ ਰੁੂਚੀ ਪ੍ਰਗਟ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਗਠਿਤ ਮਾਹਿਰਾਂ ਦੀ ਐਕਸਪਰਟ ਕਮੇਟੀ ਵਲੋਂ ਕੰਪਨੀਆਂ ਦੀ ਆਫਰਾਂ ਦਾ ਮੁਲਾਂਕਣ ਕੀਤਾ ਗਿਆ ਅਤੇ ਇਨ੍ਹਾਂ ਮਸੀਨਾਂ ਦਾ ਫੀਲਡ ਟਰਾਇਲ ਲਿਆ ਗਿਆ ਸੀ। ਜਿਸ ਉਪਰੰਤ ਤਿੰਨ ਹੀ ਕੰਪਨੀਆਂ ਮੈਸ. ਉਜਵਲਾ ਹਾਰਵੈਸਟਰ ਕਾਰਪੋਰੇਸਨ, ਡਾਇਨਾਮਿਕ ਮਸੀਨਰੀ ਅਤੇ ਇਕਯੁਪਮੈਂਟ ਅਤੇ ਮੈਸ. ਬਖਸੀਸ ਇੰਡਸਟਰੀਜ ਨੂੰ ਮਿਆਰਾਂ ਅਨੁਸਾਰ ਪਾਇਆ ਗਿਆ, ਜੋ ਕਿ 100 ਕਿਲੋ ਅਤੇ 500 ਕਿਲੋ ਦੀਆਂ ਗੱਠਾਂ ਬਣਾਉਂਦੀਆਂ ਹਨ।
ਉਨ੍ਹਾਂ ਸਮੂਹ ਦੁੱਧ ਉਤਪਾਦਕਾਂ, ਉੱਦਮੀਆਂ ਨੂੰ ਬੇਨਤੀ ਕੀਤੀ ਕਿ ਇਸ ਸਕੀਮ ਦਾ ਭਰਪੂਰ ਲਾਹਾ ਲੈਣ ਲਈ ਉਨ੍ਹਾਂ ਦੇ ਜਿਲ੍ਹਾ ਪੱਧਰੀ ਜਾਂ ਰਾਜ ਪੱਧਰੀ ਦਫਤਰ ਨਾਲ ਸੰਪਰਕ ਰੱਖਿਆ ਜਾਵੇ।ਇਸ ਸਬੰਧੀ ਵਧੇਰੇ ਜਾਣਕਾਰੀ ਲਈ ਵਿਭਾਗ ਦੀ ਹੈਲਪਲਾਈਨ 0172-5027285 ’ਤੇ ਸੰਪਰਕ ਕੀਤਾ ਜਾ ਸਕਦਾ ਹੈ।