ਡਿਪਟੀ ਕਮਿਸ਼ਨਰ ਇਸ਼ਫ਼ਾਕ ਨੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਨੂੰ ਦੋ ਈ-ਰਿਕਸ਼ੇ ਭੇਟ ਕੀਤੇ

ਈ-ਰਿਕਸ਼ਿਆਂ ਦੀ ਬਦੌਲਤ ਸੰਗਤਾਂ ਲਈ ਹੁਣ ਗੁਰੂ ਘਰਾਂ ਦਾ ਪੰਧ ਹੋਵੇਗਾ ਹੋਰ ਸੁਖਾਲਾ

ਸੰਗਤਾਂ ਹੁਣ ਈ-ਰਿਕਸ਼ੇ ਜਰੀਏ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਸ੍ਰੀ ਡੇਹਰਾ ਸਾਹਿਬ ਦੇ ਅਸਾਨੀ ਨਾਲ ਕਰ ਸਕਣਗੀਆਂ ਦਰਸ਼ਨ

ਬਟਾਲਾ, 22 ਜੁਲਾਈ – ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵਲੋਂ ਸੰਗਤ ਦੀ ਸਹੂਲਤ ਲਈ ਬਟਾਲਾ ਸਥਿਤ ਗੁਰਦੁਆਰਾ ਸ੍ਰੀ ਕੰਧ ਸਾਹਿਬ ਨੂੰ ਦੋ ਈ-ਰਿਕਸ਼ੇ ਭੇਟ ਕੀਤੇ ਗਏ ਹਨ। ਜਨਾਬ ਮਹੁੰਮਦ ਇਸ਼ਫਾਕ ਜਦੋਂ ਡਿਪਟੀ ਕਮਿਸ਼ਨਰ ਬਣਨ ਉਪਰੰਤ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਨਤਮਸਤਕ ਹੋਣ ਗਏ ਸਨ ਤਾਂ ਉਨ੍ਹਾਂ ਨੇ ਗੁਰਦੁਆਰਾ ਪ੍ਰਬਧਕਾਂ ਨੂੰ ਸੰਗਤ ਦੀ ਸਹੂਲਤ ਲਈ ਇਹ ਈ-ਰਿਕਸ਼ੇ ਦੇਣ ਦਾ ਵਾਅਦਾ ਕੀਤਾ ਸੀ।

ਆਪਣੇ ਇਸ ਵਾਅਦੇ ਨੂੰ ਨਿਭਾਉਂਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵਲੋਂ ਅੱਜ ਗੁਰਦੁਆਰਾ ਸ੍ਰੀ ਕੰਧ ਸਾਹਿਬ ਦੇ ਮੈਨੇਜਰ ਸ. ਗੁਰਤਿੰਦਰਪਾਲ ਸਿੰਘ ਭਾਟੀਆ ਅਤੇ ਹੋਰ ਸੇਵਾਦਾਰਾਂ ਨੂੰ 2 ਈ-ਰਿਕਸ਼ਿਆਂ ਦੀਆਂ ਚਾਬੀਆਂ ਸੌਂਪੀਆਂ ਗਈਆਂ।

ਇਹ ਸੇਵਾ ਲੈਣ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਇਨ੍ਹਾਂ ਦੋ ਈ-ਰਿਕਸ਼ਿਆਂ ਦੀ ਬਦੌਲਤ ਸੰਗਤ ਨੂੰ ਹੁਣ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਲਈ ਅਸਾਨੀ ਹੋਵੇਗੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਇਹ ਦੋਵੇਂ ਗੁਰਦੁਆਰਾ ਸਾਹਿਬ ਬਟਾਲਾ ਸ਼ਹਿਰ ਦੇ ਅੰਦਰੂਨੀ ਹਿੱਸੇ ਵਿੱਚ ਸਥਿਤ ਹਨ ਜਿਥੇ ਚਾਰ-ਪਹੀਆ ਵਾਹਨਾ ਦਾ ਜਾਣਾ ਸੰਭਵ ਨਹੀਂ ਹੈ ਅਤੇ ਸੰਗਤ ਨੂੰ ਤੁਰ ਕੇ ਦਰਸ਼ਨਾਂ ਲਈ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਭੀੜੇ ਬਜ਼ਾਰ ਵਿਚੋਂ ਬਜ਼ੁਰਗਾਂ ਅਤੇ ਬੱਚਿਆਂ ਲਈ ਪੈਦਲ ਜਾਣਾ ਹੋਰ ਵੀ ਕਠਨ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੰਗਤ ਲਈ ਈ-ਰਿਕਸ਼ਿਆਂ ਦੀ ਲੋੜ ਨੂੰ ਮਹਿਸੂਸ ਕਰਦੇ ਹੋਏ ਉਨ੍ਹਾਂ ਨੇ ਫੈਸਲਾ ਕੀਤਾ ਸੀ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਸੇਵਾ ਨੂੰ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਅੱਜ ਰੈੱਡ ਕਰਾਸ ਗੁਰਦਾਸਪੁਰ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਕੰਧ ਸਾਹਿਬ ਤੇ ਡੇਹਰਾ ਸਾਹਿਬ ਲਈ ਦੋ ਈ-ਰਿਕਸ਼ੇ ਭੇਟ ਕਰਕੇ ਉਨ੍ਹਾਂ ਨੂੰ ਦਿਲੀ ਖੁਸ਼ੀ ਮਹਿਸੂਸ ਹੋ ਰਹੀ ਹੈ।

ਇਸ ਮੌਕੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਦੇ ਮੈਨੇਜਰ ਸ. ਗੁਰਤਿੰਦਰਪਾਲ ਸਿੰਘ ਭਾਟੀਆ ਨੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇਸ ਸੇਵਾ ਸਦਕਾ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੀ ਸੰਗਤ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ। ਇਸ ਮੌਕੇ ਮੈਨੇਜਰ ਸ੍ਰੀ ਕੰਧ ਸਾਹਿਬ ਵਲੋਂ ਡਿਪਟੀ ਕਮਿਸ਼ਨਰ ਨੂੰ ਗੁਰਘਰ ਦੀ ਬਖਸ਼ਿਸ਼ ਸਿਰਪਾਓ ਪਾ ਕੇ ਸਨਮਾਨਤ ਵੀ ਕੀਤਾ ਗਿਆ।
ਇਸ ਮੌਕੇ ਸਹਾਇਕ ਕਮਿਸ਼ਨਰ (ਜਨਰਲ) ਕਮ ਐੱਸ.ਡੀ.ਐੱਮ. ਦੀਨਾਨਗਰ ਸ੍ਰੀ ਰਮਨ ਕੋਛੜ ਅਤੇ ਸੈਕਟਰੀ ਰੈੱਡ ਕਰਾਸ ਸ੍ਰੀ ਰਜੀਵ ਵੀ ਹਾਜ਼ਰ ਸਨ।

Print Friendly, PDF & Email
Thepunjabwire
 • 15
 • 70
 •  
 •  
 •  
 •  
 •  
 •  
 •  
 •  
  85
  Shares
error: Content is protected !!