ਮਿਸ਼ਨ ਫ਼ਤਿਹ ਦੀ ਕਾਮਯਾਬੀ ਲਈ ਸਿਹਤ ਵਿਭਾਗ ‘ਚ ਸਤੰਬਰ ਤੱਕ ਡਾਕਟਰਾਂ ਸਮੇਤ ਹੋਰ ਅਮਲੇ ਦੀਆਂ ਭਰੀਆਂ ਜਾਣਗੀਆਂ 4000 ਅਸਾਮੀਆਂ – ਬਲਬੀਰ ਸਿੰਘ ਸਿੱਧੂ
ਜੱਚਾ-ਬੱਚਾ ਹਸਪਤਾਲਾਂ ਦਾ ਨਾਮ ਮਾਈ ਦੌਲਤਾਂ ਦੇ ਨਾਮ ਉੱਪਰ ਰੱਖਣਾ ਰਾਜ ਸਰਕਾਰ ਦਾ ਬਹੁਤ ਵਧੀਆ ਫੈਸਲਾ – ਤ੍ਰਿਪਤ ਬਾਜਵਾ
ਬਟਾਲਾ, 13 ਜੁਲਾਈ । ਪੰਜਾਬ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਖ਼ਿਲਾਫ਼ ਵਿੱਢੀ ਜੰਗ ‘ਮਿਸ਼ਨ ਫ਼ਤਿਹ’ ਦੀ ਸਫ਼ਲਤਾ ਲਈ ਸਿਹਤ ਵਿਭਾਗ ਵੱਲੋਂ ਸਤੰਬਰ 2020 ਤੱਕ ਡਾਕਟਰਾਂ ਸਮੇਤ ਪੈਰਾ ਮੈਡੀਕਲ ਸਟਾਫ਼ ਤੇ ਹੋਰ ਅਮਲੇ ਦੀਆਂ 4000 ਅਸਾਮੀਆਂ ਭਰੀਆਂ ਜਾਣਗੀਆਂ। ਇਹ ਜਾਣਕਾਰੀ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਫ਼ਤਹਿਗੜ੍ਹ ਚੂੜੀਆਂ ਵਿਖੇ 354 ਲੱਖ ਰੁਪਏ ਦੀ ਲਾਗਤ ਨਾਲ ਬਣੇ 15 ਬੈਡੱਡ ਮਾਈ ਦੌਲਤਾਂ ਜੱਚਾ-ਬੱਚਾ ਹਸਪਤਾਲ ਦਾ ਉਦਘਾਟਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ। ਇਸ ਮੌਕੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਮੌਜੂਦ ਸਨ।
ਸਿਹਤ ਮੰਤਰੀ ਸ. ਸਿੱਧੂ ਨੇ ਕਿਹਾ ਕਿ ਹੁਨਰਮੰਦ ਕਰਮਚਾਰੀਆਂ ਦੀ ਕਮੀ ਨੂੰ ਪੂਰਾ ਕਰਨ ਲਈ 4000 ਅਸਾਮੀਆਂ ਦੀ ਪ੍ਰਵਾਨਗੀ ਪੰਜਾਬ ਮੰਤਰੀ ਮੰਡਲ ਵਲੋਂ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੋਰੋਨਾ ਵਾਇਰਸ ਅਤੇ ਹੋਰ ਬਿਮਾਰੀਆਂ ਨਾਲ ਲੜਨ ਲਈ ਸਾਡੇ ਡਾਕਟਰਾਂ ਨੇ ਕਰੋਨਾ ਯੋਧੇ ਬਣਕੇ ਬਹੁਤ ਵਧੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਹਨ ਅਤੇ ਹੁਣ ਸਰਕਾਰੀ ਹਸਪਤਾਲਾਂ ‘ਚ ਡਾਕਟਰਾਂ ਦੀ ਘਾਟ ਪੂਰੀ ਕਰਨ ਲਈ 30 ਸਤੰਬਰ 2020 ਤੱਕ ਡਾਕਟਰਾਂ ਦੀ ਭਰਤੀ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਰਾਹੀਂ ਮੁਕੰਮਲ ਕਰ ਲਈ ਜਾਵੇਗੀ।
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਵਾਸੀਆਂ ਨੂੰ ਭਿਆਨਕ ਮਹਾਂਮਾਰੀ ਕੋਵਿਡ-19 ਤੋਂ ਬਚਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਦੇਸ਼ ਭਰ ‘ਚ ਸਭ ਤੋਂ ਪਹਿਲਾਂ ਕਾਰਵਾਈ ਕਰਦਿਆਂ ਠੋਸ ਕਦਮ ਚੁੱਕੇ ਜਿਸਨੂੰ ਬਾਅਦ ਵਿੱਚ ਪੂਰੇ ਦੇਸ਼ ਵਿੱਚ ਲਾਗੂ ਕੀਤਾ ਗਿਆ ਅਤੇ ਹੁਣ ਮਿਸ਼ਨ ਫ਼ਤਿਹ ਤਹਿਤ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਵੱਡੀ ਪੱਧਰ ‘ਤੇ ਜੰਗ ਲੜੀ ਜਾ ਰਹੀ ਹੈ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਿਸ਼ਨ ਫ਼ਤਿਹ ਦੀ ਸਫ਼ਲਤਾ ਲਈ ਜਿੱਥੇ ਖ਼ੁਦ ਇਹਤਿਆਤ ਵਰਤਣ ਉਥੇ ਹੀ ਦੂਜਿਆਂ ਨੂੰ ਵੀ ਮਾਸਕ ਪਾਉਣ, ਹੱਥ ਧੋਣ, ਕੋਵਾ ਐਪ ਡਾਊਨਲੋਡ ਕਰਨ ਤੇ ਆਪਸੀ ਦੂਰੀ ਰੱਖਣ ਬਾਰੇ ਜਾਗਰੂਕ ਕਰਨ।
ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਫ਼ਤਹਿਗੜ੍ਹ ਚੂੜੀਆਂ ਵਿਖੇ ਬਣਿਆ ਮਾਈ ਦੌਲਤਾਂ ਜੱਚਾ-ਬੱਚਾ ਹਸਪਤਾਲ ਸ਼ਹਿਰ ਦੇ ਨਾਲ ਪੇਂਡੂ ਖੇਤਰ ਦੇ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਹਸਪਤਾਲ ਬਣਾ ਕੇ ਪੰਜਾਬ ਸਰਕਾਰ ਨੇ ਸੂਬਾ ਵਾਸੀਆਂ ਨਾਲ ਹੈਲਥ ਫਾਰ ਆਲ ਦਾ ਵਾਅਦਾ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਜੱਚਾ-ਬੱਚਾ ਹਸਪਤਾਲਾਂ ਦਾ ਨਾਮਕਰਨ ਮਾਈ ਦੌਲਤਾਂ ਦੇ ਨਾਮ ਉੱਪਰ ਕਰਨਾ ਸੂਬਾ ਸਰਕਾਰ ਬਹੁਤ ਵਧੀਆ ਫੈਸਲਾ ਹੈ। ਉਨ੍ਹਾਂ ਕਿਹਾ ਕਿ ਮਾਈ ਦੌਲਤਾਂ ਉਹ ਭਾਗਸ਼ਾਲੀ ਔਰਤ ਸਨ ਜਿਨਾਂ ਨੂੰ ਜਗਤ ਗੁਰੂ ਨਾਨਕ ਦੇਵ ਜੀ ਦੇ ਸੱਭ ਤੋਂ ਪਹਿਲਾਂ ਦਰਸ਼ਨ ਕਰਨੇ ਨਸੀਬ ਹੋਏ ਸਨ। ਉਨਾਂ ਕਿਹਾ ਕਿ ਸ੍ਰੀ ਗੁਰੂ ਨਾਨਾਕ ਦੇਵ ਜੀ ਦੀ ਆਯੂ ਦੇ ਮੁੱਢਲੇ ਕੁਝ ਮਹੀਨਿਆਂ ਵਿਚ ਮਾਈ ਦੌਲਤਾਂ ਦਾ ਬਹੁਤ ਵੱਡਾ ਯੋਗਦਾਨ ਹੈ। ਸ. ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਵਿਭਾਗ ਦੇ ਸਿਖ਼ਲਾਈ ਯਾਫ਼ਤਾ ਸਟਾਫ ਨਰਸਾਂ, ਏ.ਐਨ.ਐਮ. ਹੋਰ ਸਟਾਫ ਵਲੋਂ ਨਿਭਾਏ ਜਾ ਰਹੇ ਬਹੁਤ ਹੀ ਮਹੱਤਵਪੂਰਨ ਕਾਰਜ ਨੂੰ ਵੀ ਢੁੱਕਵੀਂ ਮਾਨਤਾ ਮਿਲੇਗੀ ਅਤੇ ਉਹ ਹੋਰ ਵੀ ਹੌਸਲੇ, ਉਤਸ਼ਾਹ ਅਤੇ ਤਨਦੇਹੀ ਨਾਲ ਕੰਮ ਕਰਨਗੇ।
ਇਸ ਮੌਕੇ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ, ਤਹਿਸੀਲਦਾਰ ਬਟਾਲਾ ਬਲਜਿੰਦਰ ਸਿੰਘ, ਸੀਨੀਅਰ ਕਾਂਗਰਸੀ ਆਗੂ ਰੋਸ਼ਨ ਜੌਸ਼ਫ, ਸੀ.ਐੱਮ.ਓ ਡਾ. ਕ੍ਰਿਸ਼ਨ ਚੰਦ, ਸਿਕੰਦਰ ਸਿੰਘ ਪੀਏ, ਬੱਬਲੂ ਵਰਮਾ ਅਤੇ ਹੋਰ ਮੋਹਤਬਰ ਵੀ ਹਾਜ਼ਰ ਸਨ।