ਗੁਰਦਾਸਪੁਰ, 30 ਜੂਨ (ਮੰਨਨ ਸੈਣੀ )। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਮਿਸ਼ਨ ਫਤਿਹ’ ਤਹਿਤ ਕੋਰੋਨਾ ਖਿਲਾਫ ਜੰਗ ਵਿੱਚ ਸਾਡੇ ਜ਼ਿਲੇ ਦੇ ਡਾਕਟਰ ਇਕ ਅਹਿਮ ਭੂਮਿਕਾ ਨਿਭਾਉਂਦੇ ਹੋਏ ਲੋਕ ਭਲਾਈ ਦਾ ਕੰਮ ਕਰ ਰਹੇ ਹਨ। ਅਸੀਂ ਸਾਰੇ ਘਰਾਂ ਵਿੱਚ ਸੁਰੱਖਿਅਤ ਰਹੀਏੇ, ਇਸ ਲਈ ਸਿਹਤ ਵਿਭਾਗ ਦੇ ਅਧਿਕਾਰੀ ਪੂਰੀ ਤਿਆਰੀ ਨਾਲ ਹਸਪਤਾਲਾਂ ਤੋਂ ਲੈ ਕੇ ਫੀਲਡ ਵਿੱਚ ਡਿਊਟੀ ਕਰ ਰਹੇ ਹਨ। ਇਸ ਸਮੇਂ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਸਿਹਤ ਵਿਭਾਗ ਦੇ ਇਸ ਕੰਮ ਵਿੱਚ ਉਨਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਕੇ ਮਦਦ ਕੀਤੀ ਜਾਵੇ ਅਤੇ ਆਪਣੇ ਘਰਾਂ ਵਿੱਚ ਰਿਹਾ ਜਾਵੇ।ਇਸ ਮੌਕੇ ਡਾ. ਕਿਸ਼ਨ ਚੰਦ ਸਿਵਲ ਸਰਜਨ ਵੀ ਮੋਜੂਦ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ-19 (ਕੋਰੋਨਾ ਵਾਇਰਸ) ਤੋਂ ਲੋਕਾਂ ਦੀ ਸੁਰੱਖਿਆ ਲਈ ਸਿਹਤ ਵਿਭਾਗ ਵਲੋਂ ਲਗਾਤਾਰ ਤਿੰਨ ਮਹੀਨੇ ਤੋਂ ਵੱਧ ਸਮੇਂ ਤੋਂ ਦਿਨ-ਰਾਤ ਇਕ ਕਰਕੇ ਰਾਹਤ ਕਾਰਜ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਇਸ ਸਮੇਂ ਜ਼ਿਲੇ ਦੇ ਸਾਰੇ ਹੈਲਥ ਬਲਾਕਾਂ ਵਿੱਚ ਸਿਹਤ ਵਿਭਾਗ ਦੀ ਪੂਰੀ ਟੀਮ ਪੂਰੀ ਤਰਾਂ ਤਿਆਰ ਹੈ ਅਤੇ ਪ੍ਰਸ਼ਾਸਨ ਅਤੇ ਲੋਕਾਂ ਦੀ ਹਰ ਸੂਚਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਦਮ ਚੁੱਕੇ ਜਾ ਰਹੇ ਹਨ।ਸਿਹਤ ਵਿਭਾਗ ਦੇ ਸਮੂਹ ਡਾਕਟਰ ਹਸਪਤਾਲ ਅਤੇ ਫੀਲਡ ਵਿੱਚ ਤਾਇਨਾਤ ਹੋ ਕੇ ਇਸ ਵਾਇਰਸ ਦੇ ਖਿਲਾਫ ਜੰਗ ਲੜ• ਰਹੇ ਹਨ।
ਉਨਾਂ ਅੱਗੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਜਿਨਾਂ ਲੋਕਾਂ ਨੂੰ ਹੋਮ ਕੁਆਰਨਟੀਨ ਕੀਤਾ ਜਾ ਰਿਹਾ ਹੈ, ਉਥੇ ਸਲਿੱਪ ਲਗਾਈ ਜਾ ਰਹੀ ਹੈ, ਤਾਂ ਜੋ ਪਹਿਚਾਣ ਕੀਤੀ ਜਾ ਸਕੇ ਅਤੇ ਇਨਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਲੋਕਾਂ ਦੇ ਸੰਪਰਕ ਵਿੱਚ ਨਾ ਆਉਣ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ। ਉਨਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਦੇਖਭਾਲ, ਉਨਾਂ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਤਲਾਸ਼, ਕੁਆਰਨਟੀਨ ਅਤੇ ਆਈਸੋਲੇਸ਼ਨ ਲਈ ਜ਼ਰੂਰੀ ਇੰਤਜਾਮ ਅਤੇ ਸੁਵਿਧਾਵਾਂ ਦੇਣ ਲਈ ਸਿਹਤ ਵਿਭਾਗ ਦੇ ਅਮਲੇ ਵਲੋਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਕਿਸੇ ਵੀ ਕਿਸਮ ਦੇ ਖਤਰੇ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਨੂੰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਤਨਦੇਹੀ ਭਰਪੂਰ ਸੇਵਾ ਲਈ ਸਿਹਤ ਵਿਭਾਗ ਦੀ ਸਾਰੀ ਟੀਮ ਪ੍ਰਸ਼ੰਸਾ ਦੀ ਪਾਤਰ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲੇ ਦੇ ਸਾਰੇ ਡਾਕਟਰਾਂ ਦੀ ਸ਼ਲਾਘਾ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਕੋਰੋਨਾ ਖਿਲਾਫ ਜੰਗ ਅਜੇ ਜਾਰੀ ਹੈ, ਇਸ ਲਈ ‘ਮਿਸ਼ਨ ਫਤਿਹ’ ਤਹਿਤ ਉਹ ਇਸੇ ਤਿਆਰੀ ਨਾਲ ਮਰੀਜ਼ਾਂ ਦੀ ਦੇਖਭਾਲ ਅਤੇ ਇਲਾਜ ਕਰਦੇ ਰਹਿਣ। ਉਨਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਘਰ-ਘਰ ਜਾਗਰੂਕਤਾ ਫੈਲਾਈ ਜਾ ਰਹੀ ਹੈ। ਉਨਾਂ ਕਿਹਾ ਕਿ ਹਰ ਵਿਅਕਤੀ ਇਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦਿੰਦੇ ਹੋਏ ਸਮਾਜਿਕ ਦੂਰੀ ਬਰਕਰਾਰ ਰੱਖਣ ਤੋਂ ਇਲਾਵਾ ਮਾਸਕ ਦਾ ਪ੍ਰਯੋਗ ਕਰੇ ਅਤੇ 20 ਸੈਕੰਡ ਤੱਕ ਹੱਥ ਧੋਣ ਵਰਗੀਆਂ ਸਾਵਧਾਨੀਆਂ ਅਪਣਾਉਣ ਨੂੰ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਜਾਗਰੂਕਤਾ ਮੁਹਿੰਮ ‘ਮਿਸ਼ਨ ਫਤਿਹ’ ਤਹਿਤ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਜਾਰੀ ਹਨ।