Close

Recent Posts

CORONA ਦੇਸ਼ ਪੰਜਾਬ

ਘਰੇਲੂ ਉਡਾਨਾਂ, ਰੇਲਾਂ ਅਤੇ ਬੱਸਾਂ ਰਾਹੀਂ ਪੰਜਾਬ ਆਉਣ ਵਾਲਿਆਂ ਨੂੰ ਘਰਾਂ ਵਿੱਚ 14-ਦਿਨ ਏਕਾਂਤਵਾਸ ’ਚ ਰਹਿਣਾ ਪਵੇਗਾ-ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲਾਨ

ਘਰੇਲੂ ਉਡਾਨਾਂ, ਰੇਲਾਂ ਅਤੇ ਬੱਸਾਂ ਰਾਹੀਂ ਪੰਜਾਬ ਆਉਣ ਵਾਲਿਆਂ ਨੂੰ ਘਰਾਂ ਵਿੱਚ 14-ਦਿਨ ਏਕਾਂਤਵਾਸ ’ਚ ਰਹਿਣਾ ਪਵੇਗਾ-ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲਾਨ
  • PublishedMay 23, 2020

ਸੂਬੇ ਵਿੱਚ ਰੁਕਣ ਵਾਲੇ ਮਜ਼ਦੂਰਾਂ ਦਾ ਧੰਨਵਾਦ ਜਿਨਾਂ ਸਦਕਾ 70 ਫੀਸਦੀ ਤੋਂ ਵੱਧ ਉਦਯੋਗਾਂ ਦਾ ਕੰਮ ਸ਼ੁਰੂ ਹੋਇਆ

ਸੂਬਾ ਸਰਕਾਰ ਨੇ ਚੀਨ ਤੋਂ ਬਾਹਰ ਕਾਰੋਬਾਰ ਲਿਜਾਣ ਵਾਲੇ ਮੁਲਕਾਂ ਦੇ ਦੂਤਘਰਾਂ ਨਾਲ ਸੰਪਰਕ ਸਾਧਿਆ-ਮੁੱਖ ਮੰਤਰੀ

ਚੰਡੀਗੜ, 23 ਮਈ। ਪੰਜਾਬ ਦੀ ਮੁਲਕ ਵਿੱਚੋਂ ਸਭ ਤੋਂ ਵੱਧ 90 ਫੀਸਦੀ ਰਿਕਰਵਰੀ ਦਰ ਹੋਣ ਦੇ ਬਾਵਜੂਦ ਕਿਸੇ ਤਰਾਂ ਸੰਤੁਸ਼ਟ ਹੋਣ ਨੂੰ ਰੱਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਘਰੇਲੂ ਉਡਾਨਾਂ, ਰੇਲਾਂ ਅਤੇ ਬੱਸਾਂ ਰਾਹੀਂ ਸੂਬੇ ਵਿੱਚ ਆਉਣ ਵਾਲੇ ਹਰੇਕ ਵਿਅਕਤੀ ਨੂੰ ਲਾਜ਼ਮੀ ਤੌਰ ’ਤੇ 14 ਦਿਨਾਂ ਲਈ ਘਰੇਲੂ ਏਕਾਂਤਵਾਸ ਵਿੱਚ ਰਹਿਣਾ ਪਵੇਗਾ।

ਫੇਸਬੁੱਕ ’ਤੇ ‘ਕੈਪਟਨ ਨੂੰ ਸਵਾਲ’ ਨਾਂ ਦੇ ਲਾਈਵ ਪ੍ਰੋਗਰਾਮ ਦੌਰਾਨ ਸਵਾਲਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਦਾਖਲ ਹੋਣ ਵਾਲਿਆਂ ਦੀ ਜਾਂਚ ਸੂਬੇ ਅਤੇ ਜ਼ਿਲਿਆਂ ਦੇ ਪ੍ਰਵੇਸ਼ ਲਾਂਘਿਆਂ ਦੇ ਨਾਲ-ਨਾਲ ਰੇਲਵੇ ਸਟੇਸ਼ਨ ਅਤੇ ਹਵਾਈ ਅੱਡਿਆਂ ’ਤੇ ਕੀਤੀ ਜਾਵੇਗੀ ਅਤੇ ਜਿਨਾਂ ਵਿੱਚ ਲੱਛਣ ਪਾਏ ਜਾਣਗੇ, ਉਨਾਂ ਨੂੰ ਸੰਸਥਾਗਤ ਏਕਾਂਤਵਾਸ ਵਿੱਚ ਰੱਖਿਆ ਜਾਵੇਗਾ ਜਦਕਿ ਬਾਕੀਆਂ ਨੂੰ ਦੋ ਹਫਤਿਆਂ ਲਈ ਘਰ ਵਿੱਚ ਏਕਾਂਤਵਾਸ ’ਚ ਰਹਿਣਾ ਹੋਵੇਗਾ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰੈਪਿਡ ਟੈਸਟਿੰਗ ਟੀਮਾਂ ਘਰਾਂ ਵਿੱਚ ਏਕਾਂਤਵਾਸ ਵਿੱਚ ਰੱਖੇ ਵਿਅਕਤੀਆਂ ਦੀ ਜਾਂਚ ਕਰਨੀਆਂ ਜਦਕਿ ਲੱਛਣ ਵਾਲੇ ਵਿਅਕਤੀਆਂ ਦੀ ਵਿਸਥਾਰਤ ਜਾਂਚ ਹਸਪਤਾਲਾਂ/ਅਲਹਿਦਗੀ ਕੇਂਦਰਾਂ ਵਿੱਚ ਕੀਤੀ ਜਾਵੇਗੀ। ਉਨਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨਾਂ ਦੀ ਸਰਕਾਰ ਵਿਸ਼ਵ ਜਾਂ ਮੁਲਕ ਦੇ ਕਿਸੇ ਵੀ ਹਿੱਸੇ ਵੱਲੋਂ ਟੈਸਟ ਸਬੰਧੀ ਜਾਰੀ ਕੀਤੇ ਸਰਟੀਫਿਕੇਟ ’ਤੇ ਭਰੋਸਾ ਨਹੀਂ ਕਰੇਗੀ। ਉਨਾਂ ਨੇ ਮਹਾਰਾਸ਼ਟਰ ਅਤੇ ਰਾਜਸਥਾਨ ਦੇ ਨਾਲ-ਨਾਲ ਹਾਲ ਹੀ ਵਿੱਚ ਦੁਬਾਈ ਤੋਂ ਆਉਣ ਵਾਲਿਆਂ ਬਾਰੇ ਪੰਜਾਬ ਦਾ ਪਿਛਲਾ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਇਨਾਂ ਥਾਵਾਂ ਤੋਂ ਸੂਬੇ ਵਿੱਚ ਪਰਤਣ ਵਾਲੇ ਪੰਜਾਬੀਆਂ ਕੋਲ ਨੈਗੇਟਿਵ ਟੈਸਟ ਦਰਸਾਉਂਦੇ ਮੈਡੀਕਲ ਸਰਟੀਫਿਕੇਟ ਹੋਣ ਦੇ ਬਾਵਜੂਦ ਇੱਥੇ ਪਾਜ਼ੇਟਿਵ ਟੈਸਟ ਸਾਹਮਣੇ ਆਏ।
ਇੱਥੇ ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੀਆਂ ਸੇਧਾਂ ਮੁਤਾਬਕ ਅੰਤਰਰਾਸ਼ਟਰੀ ਉਡਾਨਾਂ ਰਾਹੀਂ ਭਾਰਤ ਪਰਤਣ ਵਾਲਿਆਂ ਨੂੰ ਸੰਸਥਾਗਤ ਏਕਾਂਤਵਾਸ ਵਿੱਚੋਂ ਲੰਘਣਾ ਪਵੇਗਾ।

ਮੁੱਖ ਮੰਤਰੀ ਨੇ ਪੂਰੀ ਤਰਾਂ ਸੁਚੇਤ ਰਹਿਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਵੱਡੀ ਗਿਣਤੀ ਵਿੱਚ ਪੰਜਾਬੀ ਘਰ ਪਰਤ ਰਹੇ ਹਨ ਅਤੇ ਵੱਧ ਤੋਂ ਵੱਧ ਨਿਵੇਸ਼ਕਾਰ ਸੂਬੇ ਵਿੱਚ ਆਪਣਾ ਕਾਰੋਬਾਰ ਮੁੜ ਸ਼ੁਰੂ ਕਰਨ ਵਿੱਚ ਦਿਲਚਸਪੀ ਦਿਖਾ ਰਹੇ ਹਨ। ਉਨਾਂ ਕਿਹਾ,‘‘ਅਸੀਂ ਪੰਜਾਬ ਵਿੱਚ ਮਹਾਂਮਾਰੀ ਨੂੰ ਹੋਰ ਨਹੀਂ ਫੈਲਣ ਦੇਵਾਂਗੇ ਅਤੇ ਸੂਬਾ ਹੁਣ ਤੱਕ ਬਿਹਤਰ ਢੰਗ ਨਾਲ ਨਿਯੰਤਰਣ ਕਰਕੇ ਸਥਿਤੀ ਨੂੰ ਕਾਬੂ ਕਰਨ ਵਿੱਚ ਸਫਲ ਰਿਹਾ।

ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਬਾਹਰੀ ਮੁਲਕਾਂ ਅਤੇ ਸੂਬਿਆਂ ਤੋਂ ਵਾਪਸ ਆ ਰਹੇ ਪੰਜਾਬੀਆਂ ਦੇ ਇੱਥੇ ਪਰਤਣ ਨਾਲ ਰੋਗ ਦੇ ਫੈਲਾਅ ਦੀ ਸੰਭਾਵਨਾ ਹੈ ਪਰ ਇਸ ਦੀ ਰੋਕਥਾਮ ਲਈ ਸੂਬਾ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ ਜਿਸ ਤਹਿਤ ਵਾਪਸ ਪਰਤਣ ਵਾਲੇ ਹਰੇਕ ਵਿਅਕਤੀ ਦੀ ਟੈਸਟਿੰਗ ਅਤੇ ਏਕਾਂਤਵਾਸ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਪੰਜ ਉਡਾਨਾਂ ਅੱਜ ਪਹੁੰਚੀਆਂ ਹਨ ਅਤੇ ਵਿਦੇਸ਼ਾਂ ਤੋਂ 88 ਉਡਾਨਾਂ ’ਤੇ 20,000 ਲੋਕਾਂ ਦੀ ਵਾਪਸੀ ਦੀ ਉਮੀਦ ਹੈ ਜਦਕਿ ਹੋਰਨਾਂ ਸੂਬਿਆਂ ਤੋਂ 60,000 ਪੰਜਾਬੀਆਂ ਦੇ ਵਾਪਸ ਆਉਣ ਦੀ ਸੰਭਾਵਨਾ ਹੈ। ਉਨਾਂ ਨੇ ਸਪੱਸ਼ਟ ਰੂਪ ਵਿੱਚ ਆਖਿਆ,‘‘ਮੈਂ ਪੰਜਾਬ ਵਿੱਚ ਇਸ ਰੋਗ ਦਾ ਹੋਰ ਫੈਲਾਅ ਨਹੀਂ ਹੋਣ ਦੇਵਾਂਗਾ।’’

ਮੁੱਖ ਮੰਤਰੀ ਨੇ ਕਿਰਤੀਆਂ ਦਾ ਵੀ ਧੰਨਵਾਦ ਕੀਤਾ ਜਿਨਾਂ ਨੇ ਵਾਪਸ ਜਾਣ ਦੀ ਬਜਾਏ ਇੱਥੇ ਰੁਕ ਕੇ ਪੰਜਾਬ ਦੀ ਆਰਥਿਕ ਮਜ਼ਬੂਤੀ ਵਿੱਚ ਆਪਣਾ ਯੋਗਦਾਨ ਪਾਉਣ ਦਾ ਰਸਤਾ ਚੁਣਿਆ। ਉਨਾਂ ਕਿਹਾ,‘‘ਇਹ ਤੁਹਾਡਾ ਸੂਬਾ ਹੈ ਅਤੇ ਤੁਸੀਂ ਇਸ ਦਾ ਹਿੱਸਾ ਹੋ।’’ ਉਨਾਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਉਦਯੋਗਾਂ ਦਾ ਕੰਮਕਾਜ ਚੱਲੇ ਤਾਂ ਕਿ ਰੋਜ਼ਗਾਰ ਨੂੰ ਯਕੀਨੀ ਬਣਾਇਆ ਜਾ ਸਕੇ। ਉਨਾਂ ਨੇ ਸਾਰਿਆਂ ਨੂੰ ਕੰਮ ਵਾਲੀਆਂ ਥਾਵਾਂ ’ਤੇ ਸਮਾਜਿਕ ਦੂਰੀ ਦੇ ਨੇਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਤਾਂ ਕਿ ਹਰੇਕ ਕਦਮ ’ਤੇ ਵਾਇਰਸ ਨੂੰ ਹਰਾਇਆ ਜਾ ਸਕੇ। ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ,‘‘ਜਿਸ ਢੰਗ ਨਾਲ ਅਸੀਂ ਸਥਿਤੀ ’ਤੇ ਕਾਬੂ ਪਾ ਚੁੱਕੇ ਹਾਂ, ਸਾਨੂੰ ਦੁਬਾਰਾ ਸਖਤੀ ਨਾਲ ਲੌਕਡਾੳੂਨ ਦੀ ਲੋੜ ਨਹੀਂ ਪਵੇਗੀ।’’

ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਪਿੱਤਰੀ ਸੂਬਿਆਂ ਵਿੱਚ ਜਾਣ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਪਰਵਾਸੀ ਮਜ਼ਦੂਰਾਂ ਵਿੱਚੋਂ ਲਗਪਗ ਅੱਧੇ ਮਜ਼ਦੂਰਾਂ ਨੇ ਇੱਥੇ ਹੀ ਰੁਕਣ ਦਾ ਫੈਸਲਾ ਕੀਤਾ ਅਤੇ ਇਨਾਂ ਨੇ ਸਨਅਤਾਂ ਵਿੱਚ ਮੁੜ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨਾਂ ਨੇ ਇਹ ਵੀ ਦੱਸਿਆ ਕਿ ਸੂਬੇ ਵਿੱਚ 2.56 ਲੱਖ ਉਦਯੋਗ ਵਿੱਚੋਂ 1.5 ਲੱਖ ਉਦਯੋਗ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਦੌਰਾਨ ਉਨਾਂ ਦੀ ਸਰਕਾਰ ਵੱਖ-ਵੱਖ ਮੁਲਕਾਂ ਦੇ ਦੂਤਘਰਾਂ ਤੱਕ ਜ਼ੋਰਦਾਰ ਢੰਗ ਨਾਲ ਪਹੁੰਚ ਕਰ ਰਹੀ ਹੈ, ਜਿਹੜੇ ਮੁਲਕ ਚੀਨ ਤੋਂ ਬਾਹਰ ਆਪਣੇ ਮੈਨੂਫੈਕਚਰਿੰਗ/ਕਾਰੋਬਾਰ ਨੂੰ ਸਿਫਟ ਕਰਨ ਦੀ ਕੋਸ਼ਿਸ਼ ਵਿੱਚ ਹਨ। ਉਨਾਂ ਦੱਸਿਆ ਕਿ ਸੂਬੇ ਦੇ ਵੱਖ-ਵੱਖ ਦੂਤਘਰਾਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਉਨਾਂ ਨੂੰ ਜ਼ਮੀਨ, ਬੁਨਿਆਦੀ ਢਾਂਚਾ ਅਤੇ ਹੋਰ ਸਹੂਲਤਾਂ ਦੇ ਰੂਪ ਵਿੱਚ ਸਹਿਯੋਗ ਲਈ ਹਰ ਸੰਭਵ ਪੇਸ਼ਕਸ਼ ਕੀਤੀ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਕੋਵਿਡ ਤੋਂ ਬਾਅਦ ਸੂਬੇ ਦੇ ਅਰਥਚਾਰੇ ਨੂੰ ਮੁੜ ਪੈਰਾਂ ’ਤੇ ਖੜਾ ਕਰਨ ਦੇ ਸੰਦਰਭ ਵਿੱਚ ਉਨਾਂ ਦੀ ਸਰਕਾਰ ਨੇ ਇਸ ਸਬੰਧ ਵਿੱਚ ਵੱਖ-ਵੱਖ ਮੁਲਕਾਂ ਦੇ ਦੂਤਘਰਾਂ ਨੂੰ ਪੱਤਰ ਲਿਖੇ ਹਨ ਅਤੇ ਸਰਕਾਰ ਭਾਰਤ ਵਿੱਚ ਜਪਾਨ, ਕੋਰੀਆ ਅਤੇ ਤਾਇਵਾਨ ਦੇ ਸਫ਼ਾਰਤਖਾਨਿਆਂ ਨਾਲ ਗੱਲਬਾਤ ਵਿੱਚ ਜੁਟੀ ਹੋਈ ਹੈ।

ਪੰਜਾਬ ਵਿਚੋਂ ਆਪਣੇ ਜੱਦੀ ਸੂਬਿਆਂ ਨੂੰ ਜਾਣ ਦੇ ਚਾਹਵਾਨ ਪਰਵਾਸੀਆਂ ਲਈ ਆਵਾਜਾਈ ਦੇ  ਪ੍ਰਬੰਧਾਂ ਦੇ ਮੁੱਦੇ ‘ਤੇ ਉਨਾਂ ਕਿਹਾ ਕਿ ਸੂਬਾ ਸਰਕਾਰ ਪਰਵਾਸੀ ਕਿਰਤੀਆਂ ਦੇ ਜਾਣ ਲਈ ਵਿਸ਼ੇਸ਼ ਰੇਲ ਗੱਡੀਆਂ ਦੀ ਸਹੂਲਤ ਤੋਂ ਇਲਾਵਾ 607 ਬੱਸਾਂ ਰਾਹੀਂ ਪਰਵਾਸੀਆਂ ਨੂੰ ਉਨਾਂ ਦੇ ਜੱਦੀ ਸੂਬਿਆਂ ਉੜੀਸਾ, ਉੱਤਰ ਪ੍ਰਦੇਸ਼, ਝਾਰਖੰਡ ਅਤੇ ਬਿਹਾਰ ਭੇਜਿਆ ਗਿਆ ਹੈ। ਉਨਾਂ ਕਿਹਾ ਕਿ ਕੁੱਲ 13 ਲੱਖ ਪਰਵਾਸੀ ਕਿਰਤੀਆਂ ਵਿੱਚੋਂ ਕਰੀਬ 3.25 ਲੱਖ ਨੂੰ ਹੁਣ ਤੱਕ ਰੇਲ ਗੱਡੀਆਂ ਰਾਹੀਂ ਭੇਜਿਆ ਗਿਆ ਹੈ ਜਦੋਂਕਿ 17 ਹਜ਼ਾਰ ਬੱਸਾਂ ਰਾਹੀ ਆਪਣੇ ਸੂਬਿਆਂ ਨੂੰ ਜਾ ਚੁੱਕੇ ਹਨ।

ਸੂਬੇ ਅੰਦਰ ਕੋਵਿਡ-19 ਨੂੰ ਚੰਗੇ ਤਰੀਕੇ ਨਾਲ ਰੋਕਣ ਲਈ ਲੋਕਾਂ ਵੱਲੋਂ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਅਤੇ ਧੰਨਵਾਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਕਾਮਯਾਬੀ ਇਸ ਤੱਥ ਤੋਂ ਜ਼ਾਹਰ ਹੁੰਦੀ ਹੈ ਕਿ ਇੱਥੇ ਕੇਸਾਂ ਦੇ ਦੁੱਗਣੇ ਹੋਣ ਦੀ ਦਰ ਬਹੁਤ ਧੀਮੀ ਹੈ ਜੋ ਕਿ 14 ਦਿਨਾਂ ਦੀ ਰਾਸ਼ਟਰੀ ਔਸਤ ਦੇ ਮੁਕਾਬਲੇ ਸੂਬੇ ਅੰਦਰ 86 ਦਿਨ ਹੈ।

ਉਨਾਂ ਦੱਸਿਆ ਕਿ ਸੂਬੇ ਦੇ 2028 ਪਾਜ਼ੇਟਿਵ ਕੇਸਾਂ ਵਿੱਚੋਂ 1819 ਪੂਰੀ  ਤਰਾਂ ਠੀਕ ਹੋ ਚੁੱਕੇ ਹਨ। ਉਨਾਂ ਵਿਸ਼ਵਾਸ  ਜਤਾਇਆ ਕਿ ਜ਼ੇਰੇ ਇਲਾਜ 200 ਕਰੋਨਾ ਮਰੀਜ਼ ਵੀ ਜਲਦ ਹੀ ਠੀਕ ਹੋ ਜਾਣਗੇ। ਉਨਾਂ ਕਿਹਾ, ‘‘ਸੂਬੇ ਵਿਚ ਅਜਿਹਾ ਕੋਈ ਮਰੀਜ਼ ਨਹੀਂ ਜਿਸਨੂੰ ਆਕਸੀਜਨ ਦਾ ਸਹਾਰਾ ਦਿੱਤਾ ਗਿਆ ਹੋਵੇ ਅਤੇ ਕੇਵਲ ਇਕ ਮਰੀਜ਼ ਹੈ ਜਿਸਨੂੰ  ਵੈਂਟੀਲੇਟਰ ਦਾ ਸਹਾਰਾ ਦਿੱਤਾ ਗਿਆ ਹੈ। ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵਧੇਰੇ ਹੋਣ ਬਾਰੇ ਉਨਾਂ ਕਿਹਾ ਕਿ ਇਹ ਪੰਜਾਬੀਆਂ ਵੱਲੋਂ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਅਪਣਾਉਣਾ ਵਿੱਚ ਦਿਖਾਏ ਅਨੁਸਾਸ਼ਨ ਕਰਕੇ ਹੀ ਸੰਭਵ ਹੋ ਸਕਿਆ ਹੈ। ਉਨਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਸੂਬੇ ਅੰਦਰ 39 ਲੋਕਾਂ ਦੀ ਜਾਨ ਗਈ ਹੈ ਅਤੇ ਮੁਲਕ ਵਿੱਚ ਕਾਫੀ ਗਿਣਤੀ ਵਿਚ ਲੋਕਾਂ ਦੀ ਮੌਤ ਬਾਰੇ ਰਿਪੋਰਟਾਂ ਆਈਆਂ ਹਨ।

ਮੁੱਖ ਮੰਤਰੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਸਮਾਜਿਕ ਦੂਰੀ ਅਤੇ ਮਾਸਕ ਨੂੰ ਜ਼ਰੂਰੀ ਤੌਰ ‘ਤੇ  ਪਹਿਨਣ ਦੇ ਨਿਯਮਾਂ ਨੂੰ ਸਖਤੀ ਨਾਲ ਅਪਣਾਉਣ ਦੀ ਜ਼ਰੂਰਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ  ਵੱਲੋਂ ਇਨਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਪੁਲੀਸ ਨੂੰ ਨਿਰਦੇਸ਼ ਦਿੱਤੇ ਗਏ ਹਨ।

  ਲੋਕਾਂ ਦੀਆਂ ਜਾਨਾਂ ਅਤੇ ਸਿਹਤ ਨੂੰ ਆਪਣੀ ਸਭ ਤੋਂ ਅਹਿਮ ਪ੍ਰਮੁੱਖਤਾ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਦੇ ਖਿਲਾਫ ਚੱਲ ਰਹੀ ਜੰਗ ਅਤੇ ਵੱਡੇ ਪੈਮਾਨੇ ‘ਤੇ ਕਣਕ ਦੀ ਖਰੀਦ ਦੀਆਂ ਗਤੀਵਿਧੀਆਂ ਦੇ ਬਾਵਜੂਦ ਪੰਜਾਬ ਵਿੱਚ ਬੱਚਿਆਂ ਨੂੰ ਪੋਲੀਓ ਦੀ ਦਵਾ ਦੇਣ ਅਤੇ ਬੀ.ਸੀ.ਜੀ  ਦੇ ਟੀਕਾਕਰਨ ਦਾ 96 ਫੀਸਦ ਦਾ ਟੀਚਾ ਪੂਰਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ‘‘ਜੇਕਰ ਅਸੀਂ ਪਰਵਾਸੀ ਕਿਰਤੀਆਂ ਲਈ ਪ੍ਰਬੰਧ ਕਰ ਸਕਦੇ ਹਾਂ ਤਾਂ ਅਸੀਂ ਆਪਣੇ ਲੋਕਾਂ ਦਾ ਵੀ ਚੰਗਾ ਖਿਆਲ ਰੱਖ ਸਕਦੇ ਹਨ।

  ਮੁਸ਼ਕਿਲਾਂ ਭਰੇ ਹਾਲਾਤਾਂ ਦਰਮਿਆਨ ਸਖਤ ਮਿਹਨਤ ਕਰਕੇ ਇੱਕ ਹੋਰ ਭਰਪੂਰ ਫਸਲ ਦੇਣ ਲਈ ਕਿਸਾਨਾਂ ਦੀ ਭਰਵੀਂ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 125 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਨਿਯਮਾਂ ਅਨੁਸਾਰ ਕਿਸਾਨਾਂ ਦੀ ਫਸਲ ਦੀ ਅਦਾਇਗੀ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਜੇਕਰ  ਅਦਾਇਗੀ ਵਿਚ ਕੋਈ ਵੀ ਦੇਰੀ ਹੁੰਦੀ ਹੈ ਤਾਂ ਕਿਸਾਨ ਤੁਰੰਤ ਉਨਾਂ ਦੇ ਧਿਆਨ ਵਿੱਚ ਲਿਆਉਣ। ਉਨਾਂ ਮੰਡੀਆਂ ਵਿੱਚੋਂ ਇਕ ਵੀ ਕੇਸ ਰਿਪੋਰਟ ਹੋਣ ਤੋਂ  ਬਿਨਾਂ ਵੱਡੇ ਪੈਮਾਨੇ ‘ਤੇ ਕਣਕ ਦੀ ਹੋਈ  ਖਰੀਦ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ, ਪੁਲੀਸ ਅਤੇ ਐਨ.ਸੀ.ਸੀ ਕੈਡਿਟਾਂ ਵੱਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ।

ਫੀਸ ਵਸੂਲਣ ਸਬੰਧੀ ਕਈ ਸਕੂਲਾਂ ਵੱਲੋਂ ਨਿਰਦੇਸ਼ਾਂ ਦਾ ਪਾਲਣ ਨਾ ਕੀਤੇ ਜਾਣ ਬਾਰੇ ਮੁੱਖ ਮੰਤਰੀ ਵੱਲੋਂ ਇਹ ਮੁੱਦਾ ਉਠਾਉਣ ਵਾਲੇ ਅੰਮਿ੍ਰਤਸਰ ਵਾਸੀ ਨੂੰ ਸਕੂਲ ਸਬੰਧੀ ਪੂਰੀ ਜਾਣਕਾਰੀ ਦੇਣ ਲਈ ਅਖਿਆ ਗਿਆ ਅਤੇ ਇਸ ਸਬੰਧੀ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਗਿਆ।

ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿੰਮ ਖੋਲਣ ਸਬਧੀ ਫੈਸਲਾ 31 ਮਈ ਤੋਂ ਬਾਅਦ ਲਿਆ ਜਾਵੇਗਾ।ਇਕ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਸੂਬੇ ਦੀ ਕੋਵਿਡ ਖਿਲਾਫ ਲੜਾਈ ਨੂੰ ‘ਮਿਸ਼ਨ ਫਤਹਿ’ ਦਾ ਨਾਮ ਦਿੱਤਾ। ਉਨਾਂ ਕਿਹਾ ਕਿ ‘‘ਇਸ ਲੜਾਈ ਵਿੱਚ ਸਾਡੀ ਭਾਵਨਾ ਅਤੇ ਦਿ੍ਰੜਤਾ ਦਾ ਝਲਕਾਰਾ ਪੈਂਦਾ ਹੈ। ਖਤਰਨਾਕ ਵਾਇਰਸ ਖਿਲਾਫ ਅਸੀਂ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਅਪਣਾ ਕੇ ਫਤਹਿ ਹਾਸਲ ਕਰਾਂਗੇ।‘‘ ਉਨਾਂ ਕਿਹਾ ਕਿ ‘‘ਇਹ ਕੌਮੀ ਜੰਗ ਹੈ ਜਿਸਨੂੰ ਸਮੂਹਿਕ ਦਿ੍ਰੜਤਾ ਨਾਲ ਜਿੱਤਿਆ ਜਾ ਸਕਦਾ ਹੈ ਅਤੇ ਅਸੀਂ ਜਿੱਤਾਂਗੇ। ‘‘

Written By
The Punjab Wire