CORONA

ਸਿਵਲ ਹਸਪਤਾਲ ਬਟਾਲਾ ਵਿਖੇ ਅੱਜ ਤਿੰਨ ਹੋਰ ਮਰੀਜ਼ਾਂ ਨੇ ਕੋਰੋਨਾ ਦੀ ਜੰਗ ਜਿੱਤੀ

ਸਿਵਲ ਹਸਪਤਾਲ ਬਟਾਲਾ ਵਿਖੇ ਅੱਜ ਤਿੰਨ ਹੋਰ ਮਰੀਜ਼ਾਂ ਨੇ ਕੋਰੋਨਾ ਦੀ ਜੰਗ ਜਿੱਤੀ
  • PublishedMay 18, 2020

ਸਾਰੇ ਮਰੀਜ਼ ਤੰਦਰੁਸਤ ਹੋ ਕੇ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਪਰਤੇ

ਹੁਣ ਤੱਕ ਸਿਵਲ ਹਸਪਤਾਲ ਬਟਾਲਾ ਨੇ ਸਾਰੇ 45 ਮਰੀਜ਼ ਠੀਕ ਹੋਏ

ਐੱਸ.ਡੀ.ਐੱਮ. ਤੇ ਸਿਵਲ ਸਰਜਨ ਵਲੋਂ ਬਟਾਲਾ ਦੇ ਡਾਕਟਰਾਂ ਤੇ ਮੈਡੀਕਲ ਸਟਾਫ਼ ਨੂੰ ਸ਼ਾਬਾਸ਼ੀ ਤੇ ਵਧਾਈ


ਬਟਾਲਾ, 18 ਮਈ – ਸਿਵਲ ਹਸਪਤਾਲ ਬਟਾਲਾ ਦੇ ਡਾਕਟਰਾਂ ਦੀ ਮਿਹਨਤ ਰੰਗ ਲਿਆਈ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿੱਚ ਜ਼ੇਰ-ਏ-ਇਲਾਜ਼ 3 ਕੋਰੋਨਾ ਮਰੀਜ਼ ਵੀ ਅੱਜ ਪੂਰੀ ਤਰਾਂ ਠੀਕ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ ਹਨ। ਸਿਵਲ ਹਸਪਤਾਲ ਬਟਾਲਾ ਦੇ ਐੱਸ.ਐੱਮ.ਓ. ਡਾ. ਸੰਜੀਵ ਭੱਲਾ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਕੁੱਲ 45 ਕੋਰੋਨਾ ਮਰੀਜ਼ਾਂ ਦਾ ਇਲਾਜ਼ ਕੀਤਾ ਗਿਆ ਹੈ ਅਤੇ ਇਹ ਸਾਰੇ ਹੀ ਮਰੀਜ਼ ਬਿਲਕੁਲ ਠੀਕ ਹੋ ਗਏ ਹਨ।

ਹਸਪਤਾਲ ਵਿੱਚ ਰਹਿ ਗਏ ਆਖਰੀ ਤਿੰਨ ਮਰੀਜ਼ਾਂ ਨੂੰ ਅੱਜ ਉਨਾਂ ਦੇ ਘਰਾਂ ਨੂੰ ਰਵਾਨਾ ਕਰ ਦਿੱਤਾ ਗਿਆ ਹੈ ਜਦਕਿ 42 ਮਰੀਜ਼ ਠੀਕ ਹੋ ਕੇ ਪਹਿਲਾਂ ਹੀ ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਮਰੀਜ਼ਾਂ ਨੂੰ ਰਵਾਨਾ ਕਰਨ ਤੋਂ ਪਹਿਲਾਂ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ, ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ ਅਤੇ ਐੱਸ.ਐੱਮ.ਓ. ਡਾ. ਸੰਜੀਵ ਕੁਮਾਰ ਭੱਲਾ ਨੇ ਮਰੀਜ਼ਾਂ ਨੂੰ ਹਾਰ ਪਾ ਕੇ ਉਨਾਂ ਨੂੰ ਮੁਬਾਰਕਬਾਦ ਦਿੱਤੀ ਤੇ ਉਨਾਂ ਦੀ ਨਰੋਈ ਸਿਹਤ ਦੀ ਕਾਮਨਾ ਕੀਤੀ। ਇਸ ਮੌਕੇ ਡਾਕਟਰ ਸੰਜੀਵ ਭੱਲਾ ਨੇ ਉਨਾਂ ਨੂੰ ਘਰ ਵਿੱਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਸਮਝਾਇਆ।

ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਠੀਕ ਹੋਏ ਮਰੀਜ਼ਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਡਾਕਟਰਾਂ ਦੇ ਇਲਾਜ ਅਤੇ ਉਨਾਂ ਦੀ ਸਕਰਾਤਮਕ ਸੋਚ ਸਦਕਾ ਉਨਾਂ ਨੇ ਕੋਰੋਨਾ ਦੀ ਬਿਮਾਰੀ ਉੱਪਰ ਜਿੱਤ ਹਾਸਲ ਕੀਤੀ ਹੈ। ਉਨਾਂ ਇਲਾਜ ਕਰ ਰਹੇ ਡਾਕਟਰਾਂ ਅਤੇ ਸਮੂਹ ਮੈਡੀਕਲ ਸਟਾਫ਼ ਨੂੰ ਵੀ ਸ਼ਾਬਾਸ਼ ਦਿੱਤੀ, ਜਿਨਾਂ ਨੇ ਏਨੇ ਚਣੌਤੀ ਭਰੇ ਸਮੇਂ ਵਿੱਚ ਆਪਣੇ ਡਾਕਟਰੀ ਪੇਸ਼ੇ ਦਾ ਮਾਣ ਤੇ ਵਿਸਵਾਸ਼ ਹੋਰ ਵਧਾਇਆ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਜ਼ਿਲਾ ਪ੍ਰਸ਼ਾਸਨ ਹਰ ਚਣੌਤੀ ਲਈ ਤਿਆਰ ਹੈ ਅਤੇ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ ਨੇ ਵੀ ਬਟਾਲਾ ਦੀ ਸਮੂਹ ਮੈਡੀਕਲ ਟੀਮ ਵਲੋਂ ਕੋਰੋਨਾ ਸੰਕਟ ਦੌਰਾਨ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸਰਾਹਨਾ ਕੀਤੀ। ਉਨਾਂ ਕਿਹਾ ਕਿ ਡਾਕਟਰਾਂ ਅਤੇ ਸਮੂਹ ਸਟਾਫ ਦੀ ਮਿਹਨਤ ਸਦਕਾ ਇਹ ਸਾਰੇ ਮਰੀਜ਼ ਪੂਰੀ ਤਰਾਂ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਸਕੇ ਹਨ।
ਡਾ. ਸੰਜੀਵ ਕੁਮਾਰ ਭੱਲਾ ਨੇ ਕਿਹਾ ਕਿ ਉਨਾਂ ਦੀ ਟੀਮ ਅੱਗੇ ਕੋਰੋਨਾ ਮਰੀਜ਼ਾਂ ਦਾ ਇਲਾਜ ਕਰਨਾ ਇੱਕ ਵੱਡੀ ਚਣੌਤੀ ਸੀ ਪਰ ਸਾਰੀ ਟੀਮ ਨੇ ਬੜੀ ਮਿਹਨਤ ਤੇ ਹਿੰਮਤ ਨਾਲ ਕੰਮ ਕੀਤਾ ਹੈ। ਉਨਾਂ ਦੱਸਿਆ ਕਿ ਕੋਰੋਨਾ ਮਰੀਜ਼ਾਂ ਵਿੱਚ ਡੇਡ ਸਾਲ ਦੇ ਬੱਚੇ ਤੋਂ ਲੈ ਕੇ 85 ਸਾਲ ਤੱਕ ਦੇ ਬਜ਼ੁਰਗ ਵੀ ਸਨ, ਪਰ ਵਾਹਿਗੁਰੂ ਦੀ ਕਿ੍ਰਪਾ ਸਦਕਾ ਸਾਰੇ ਹੀ ਤੰਦਰੁਸਤ ਹੋਏ ਹਨ। ਡਾ. ਭੱਲਾ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਸਾਰੇ ਮਰੀਜ਼ਾਂ ਨਾਲ ਘਰਾਂ ਵਿੱਚ ਵੀ ਰਾਬਤਾ ਰੱਖਿਆ ਜਾ ਰਿਹਾ ਹੈ ਅਤੇ ਲੋੜ ਪੈਣ ’ਤੇ ਕਿਸੇ ਵੀ ਮੈਡੀਕਲ ਸਹਾਇਤਾ ਲਈ ਉਨਾਂ ਦੀਆਂ ਟੀਮਾਂ ਪੂਰੀ ਤਰਾਂ ਤਿਆਰ ਹਨ।   

Written By
The Punjab Wire