CORONA

ਸਰਬੱਤ ਦਾ ਭਲਾ ਟਰੱਸਟ ਨੇ ਹੁਣ ਸਰਕਾਰੀ ਹਸਪਤਾਲਾਂ ਤੇ ਪੁਲਿਸ ਮੁਲਾਜ਼ਮਾਂ ਨੂੰ ਲੋੜੀਂਦਾ ਸਾਮਾਨ ਦੇਣ ਦਾ ਚੁੱਕਿਆ ਬੀੜਾ

ਸਰਬੱਤ ਦਾ ਭਲਾ ਟਰੱਸਟ ਨੇ ਹੁਣ ਸਰਕਾਰੀ ਹਸਪਤਾਲਾਂ ਤੇ ਪੁਲਿਸ ਮੁਲਾਜ਼ਮਾਂ ਨੂੰ ਲੋੜੀਂਦਾ ਸਾਮਾਨ ਦੇਣ ਦਾ ਚੁੱਕਿਆ ਬੀੜਾ
  • PublishedApril 17, 2020

ਡਾ.ਓਬਰਾਏ ਨੇ ਅੰਮ੍ਰਿਤਸਰ ਪ੍ਰਸ਼ਾਸ਼ਨ ਨੂੰ 1-1 ਹਜ਼ਾਰ ਪੀ.ਪੀ.ਈ.ਕਿੱਟਾਂ ਤੇ ਅੈੱਨ-95 ਮਾਸਕ ਦਿੱਤੇ

ਜਾਨਲੇਵਾ ਕਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਯਤਨਸ਼ੀਲ ਸਰਕਾਰ ਦੀ ਡਾ.ਓਬਰਾਏ ਵੱਲੋਂ ਵੱਡੀ ਮਦਦ : ਸੋਨੀ,ਅੌਜਲਾ

ਪੱਤਰਕਾਰਾਂ ਨੂੰ ਵੀ ਵੰਡੇ ਗਏ ਤਿੰਨ ਪਰਤੀ ਮਾਸਕ

ਅੰਮ੍ਰਿਤਸਰ ,17 ਅਪ੍ਰੈਲ – ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐਸ.ਪੀ.ਸਿੰਘ ਓਬਰਾਏ ਵੱਲੋਂ ਕਰੋਨਾ ਵਾਇਰਸ ਦੀ ਲਪੇਟ ‘ਚ ਆਏ ਮਰੀਜ਼ਾਂ ਦਾ ਇਲਾਜ ਕਰਨ ਤੋਂ ਇਲਾਵਾ ਸ਼ੱਕੀ ਮਰੀਜ਼ਾਂ ਦੀ ਜਾਂਚ ਕਰ ਰਹੇ ਡਾਕਟਰਾਂ ਤੇ ਬਾਕੀ ਕਰਮਚਾਰੀਆਂ ਨੂੰ ਕਰੋਨਾ ਦੀ ਲਾਗ ਤੋਂ ਬਚਾਉਣ ਲਈ ਅੱਜ ਕੈਬਨਿਟ ਮੰਤਰੀ ਓ.ਪੀ.ਸੋਨੀ ਅਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਮੌਜੂਦਗੀ ‘ਚ ਗੁਰੂ ਨਾਨਕ ਦੇਵ ਹਸਪਤਾਲ ਅਤੇ ਸਿਵਲ ਸਰਜਨ ਦਫਤਰ ਨੂੰ 800 ਪੀ.ਪੀ.ਈ. ਕਿੱਟਾਂ,800 ਅੈੱਨ-95 ਮਾਸਕ ਦਿੱਤੇ ਗਏ ਦਿੱਤੇ ਗਏ।

ਇਸ ਦੌਰਾਨ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸੋਨੀ ਤੇ ਐੱਮ.ਪੀ.ਔਜਲਾ ਨੇ ਕਿਹਾ ਕਿ ‘ਸਰਬੱਤ ਦਾ ਭਲਾ’ ਦੇ ਸੰਕਲਪ ਦਾ ਪੱਲਾ ਫੜ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਫੁੱਲਾਂ ਦੇ ਬੀਜ ਬੀਜਣ ਵਾਲੇ ਡਾ.ਐਸ.ਪੀ.ਸਿੰਘ ਓਬਰਾਏ ਵੱਲੋਂ ਇਸ ਬਿਪਤਾ ਭਰੀ ਘੜੀ ਮੌਕੇ ਸਰਕਾਰ,ਪ੍ਰਸ਼ਾਸਨ ਤੇ ਲੋੜਵੰਦ ਲੋਕਾਂ ਦੀ ਅੱਗੇ ਹੋ ਕੇ ਕੀਤੀ ਜਾ ਰਹੀ ਵੱਡੀ ਸੇਵਾ ਰੂਪੀ ਮਦਦ ਇੱਕ ਵੱਖਰੀ ਤੇ ਨਿਵੇਕਲੀ ਮਿਸਾਲ ਪੇਸ਼ ਕਰਦੀ ਹੈ। ਉਨ੍ਹਾਂ ਦੱਸਿਆ ਕਿ ਡਾ. ਓਬਰਾਏ ਵੱਲੋਂ ਅੰਮ੍ਰਿਤਸਰ ਤੋਂ ਇਲਾਵਾ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ ਫ਼ਰੀਦਕੋਟ, ਰਾਜਿੰਦਰਾ ਹਸਪਤਾਲ ਪਟਿਆਲਾ ਅਤੇ ਪੀ.ਜੀ.ਆਈ. ਨੂੰ ਵੀ ਇੱਕ-ਇੱਕ ਹਜ਼ਾਰ ਪੀ.ਪੀ.ਈ. ਕਿੱਟਾਂ ਤੇ ਅੈੱਨ-95 ਮਾਸਕ ਅਤੇ ਹਜ਼ਾਰਾਂ ਦੀ ਗਿਣਤੀ ‘ਚ ਤਿੰਨ ਪਰਤੀ ਮਾਸਕ ਦੇਣ ਦੇ ਨਾਲ-ਨਾਲ ਪੰਜਾਬ ਦੇ ਹਰ ਜ਼ਿਲ੍ਹੇ ਦੇ ਪ੍ਰਸ਼ਾਸ਼ਨ ਨੂੰ ਵੀ ਹਸਪਤਾਲਾਂ ਲਈ ਲੋੜੀਂਦਾ ਸਾਮਾਨ ਵੀ ਲਗਾਤਾਰ ਭੇਜਿਅਾ ਜਾ ਰਿਹਾ ਹੈ,ਜੋ ਇਸ ਔਖੀ ਘੜੀ ਵੇਲੇ ਪੰਜਾਬ ਦੇ ਲੋਕਾਂ ਨੂੰ ਜਾਨਲੇਵਾ ਕਰੋਨਾ ਵਾਇਰਸ ਦੀ ਲਾਗ ਤੋਂ ਬਚਾਉਣ ਲਈ ਸੁਹਿਰਦ ਯਤਨ ਕਰ ਰਹੀ ਸਰਕਾਰ ਦੀ ਇੱਕ ਵੱਡੀ ਮਦਦ ਹੈ। ਉਨ੍ਹਾਂ ਪੰਜਾਬ ਸਰਕਾਰ ਦੀ ਤਰਫ਼ੋਂ ਡਾ.ਓਬਰਾਏ ਦਾ ਇਸ ਵੱਡੇ ਉਪਰਾਲੇ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਮਾਝਾ ਜੋਨ ਦੇ ਸਲਾਹਕਾਰ ਸੁਖਦੀਪ ਸਿੱਧੂ, ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ,ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ ਅਤੇ ਖਜਾਨਚੀ ਨਵਜੀਤ ਸਿੰਘ ਘਈ ਨੇ ਦੱਸਿਅਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਡਾ.ਐਸ.ਪੀ. ਸਿੰਘ ਓਬਰਾਏ ਦੀ ਯੋਗ ਅਗਵਾਈ ਹੇਠ ਅੱਜ ਅੰਮ੍ਰਿਤਸਰ ਤੋਂ ਇਲਾਵਾ ਪੁਲਿਸ ਜ਼ਿਲ੍ਹਾ ਬਟਾਲਾ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਮੋਗਾ, ਫਿਰੋਜ਼ਪੁਰ, ਸੰਗਰੂਰ ਅਾਦਿ ਜ਼ਿਲ੍ਹਿਆਂ ਦੇ ਹਪਸਤਾਲਾਂ ਲਈ ਸਿਵਲ, ਪੁਲਿਸ ਪ੍ਰਸ਼ਾਸਨ ਤੇ ਪੱਤਰਕਾਰਾਂ ਨੂੰ ਲੋੜੀਂਦੀਅਾਂ ਪੀ.ਪੀ.ਈ. ਕਿੱਟਾਂ, ਅੈੱਨ.-95 ਮਾਸਕ ਤੇ ਤਿੰਨ ਪਰਤੀ ਮਾਸਕ ਭੇਜੇ ਗਏ ਹਨ।

ਉਨ੍ਹਾਂ ਇਹ ਵੀ ਦੱਸਿਅਾ ਕਿ ਅੱਜ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸੁਖਚੈਨ ਸਿੰਘ ਗਿੱਲ, ਐਸ.ਐਸ.ਪੀ.ਦਿਹਾਤੀ ਵਿਕਰਮਜੀਤ ਦੁੱਗਲ ਨੂੰ ਵੀ ਪੀ.ਪੀ.ਈ. ਕਿੱਟਾਂ, ਅੈੱਨ.-95 ਮਾਸਕ ਤੇ ਤਿੰਨ ਪਰਤੀ ਮਾਸਕ ਦੇਣ ਤੋਂ ਇਲਾਵਾ ਇਸ ਮੁਸ਼ਕਿਲ ਦੌਰ ਅੰਦਰ ਪਲ-ਪਲ ਦੀ ਖ਼ਬਰ ਲੋਕਾਂ ਨੂੰ ਘਰਾਂ ਤੱਕ ਪਹੁੰਚਾਉਣ ਵਾਲੇ ਅੰਮ੍ਰਿਤਸਰ ਦੇ ਪੱਤਰਕਾਰਾਂ ਨੂੰ ਵੀ ਤਿੰਨ ਪਰਤੀ ਮਾਸਕ (ਧੋਣ ਯੋਗ) ਦਿੱਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਗੁਰੂ ਨਾਨਕ ਦੇਵ ਹਸਪਤਾਲ ਅਤੇ ਸਿਵਲ ਸਰਜਨ ਦਫ਼ਤਰ ਲਈ ਇੱਕ ਦੋ ਦਿਨਾਂ ਦੇ ਅੰਦਰ 5000 ਤਿੰਨ ਪਰਤੀ ਮਾਸਕ ਵੀ ਪਹੁੰਚਾ ਦਿੱਤੇ ਜਾਣਗੇ।

ਇਸ ਮੌਕੇ ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ, ਡਾ. ਜੁਗਲ ਕਿਸ਼ੋਰ ਸਿਵਲ ਸਰਜਨ ਅੰਮ੍ਰਿਤਸਰ, ਡਾ. ਵੀਨਾ ਚਤਰਥ, ਡਾ. ਰਮਨ ਸ਼ਰਮਾ, ਡਾ. ਸ਼ਿਵ ਚਰਨ,ਡਾ. ਲਵਲੀਨ ਓਬਰਾਏ, ਡਾ.ਨਰਿੰਦਰ ਸਿੰਘ ਡਾ.ਸਤਪਾਲ ਅਲੂਨਾ, ਡਾ. ਸੁਰਿੰਦਰ ਸਲਵਾਨ, ਡਾ.ਮਦਨ ਗੋਪਾਲ,ਆਰ.ਕੇ. ਦੇਵਗਨ ਤੋਂ ਇਲਾਵਾ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ।

Written By
The Punjab Wire