CORONA ਗੁਰਦਾਸਪੁਰ

ਮੀਡੀਆ ਕਰਮੀ ਆਪਣੀਆਂ ਸੇਵਾਵਾਂ ਨਿਭਾਉਣ ਸਮੇਂ ਸਿਹਤ ਸਬੰਧੀ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਤੇ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ – ਡੀ.ਸੀ.

ਮੀਡੀਆ ਕਰਮੀ ਆਪਣੀਆਂ ਸੇਵਾਵਾਂ ਨਿਭਾਉਣ ਸਮੇਂ ਸਿਹਤ ਸਬੰਧੀ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਤੇ  ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ – ਡੀ.ਸੀ.
  • PublishedApril 11, 2020

ਕੋਵਿਡ 19 ਵਿਰੁੱਧ ਲੜਾਈ ਵਿਚ ਮੀਡੀਆ ਵਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਕੀਤੀ ਸ਼ਲਾਘਾ

ਬਟਾਲਾ, 11 ਅਪ੍ਰੈਲ – ਕੋਵਿਡ 19 ਮਹਾਂਮਾਰੀ ਵਿਰੁੱਧ ਜੰੰਗ ਵਿਚ ਮੋਹਰਲੀ ਕਤਾਰ ਵਿੱਚ ਕੰਮ ਕਰ ਰਹੇ ਪੱਤਰਕਾਰਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਮੀਡੀਆ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਅਤੇ ਸੂਬੇ ਦੇ ਵੱਡੇ ਹਿੱਤਾਂ ਲਈ ਸਿਹਤ ਅਧਿਕਾਰੀਆਂ ਵੱਲੋਂ ਸਮੇਂ ਸਮੇਂ ਤੇ ਜਾਰੀ ਕੀਤੇ ਗਏ ਸਾਰੇ ਸਿਹਤ ਪ੍ਰੋਟੋਕਾਲਾਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨ ਦੇ ਨਾਲ ਸਮਾਜਿਕ ਦੂਰੀ ਨੂੰ ਬਣਾ ਕੇ ਰੱਖਣ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੱਤਰਕਾਰਤਾ ਦੇ ਫਰਜ਼ਾਂ, ਖ਼ਾਸਕਰ ਅਜਿਹੇ ਸੰਕਟਕਾਲੀ ਤੇ ਬੇਮਿਸਾਲ ਸਮਿਆਂ ਵਿਚ ਆਪਣੀ ਜਾਨ ਦਾਅ ਤੇ ਲਗਾ ਕੇ ਫੀਲਡ ਵਿਚ ਖ਼ਬਰਾਂ ਦੀ ਕਰਵਰੇਜ ਕਰਨਾ ਇੱਕ ਵੱਡੀ ਚੁਣੌਤੀ ਹੈ। ਇਸ ਲਈ ਇੰਟਰਵਿਊ ਕਰਨ ਸਮੇਂ ਸਮਾਜਕ ਦੂਰੀ ਦੇ ਨਿਯਮਾਂ ਅਤੇ ਮਾਸਕ ਪਹਿਨਣਾ, ਦੂਰ ਤੋਂ ਰਿਕਾਰਡਿੰਗ ਕਰਨਾ ਆਦਿ ਵਰਗੀਆਂ ਹੋਰ ਸਿਹਤ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਸਾਡਾ ਮੀਡੀਆ ਭਾਈਚਾਰਾ ਹਮੇਸ਼ਾਂ ਦੀ ਤਰਾਂ ਹੀ ਕੋਵਿਡ 19 ਵਿਰੁੱਧ ਇਸ ਜੰਗ ਵਿਚ ਵੀ  ਸਭ ਤੋਂ ਅੱਗੇ ਹੈ ਅਤੇ ਜਾਣਕਾਰੀ ਦੇ ਪ੍ਰਵਾਹ ਨੂੰ ਯਕੀਨੀ ਬਣਾਉਣ ਵਿਚ ਮੀਡੀਆ ਵਲੋਂ ਨਿਭਾਇਆ ਜਾ ਰਿਹਾ ਅਹਿਮ ਯੋਗਦਾਨ ਸ਼ਲਾਘਾਯੋਗ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੰਕਰਮਣ ਤੋਂ ਬਚਣ ਲਈ ਖੰਘਣ ਜਾਂ ਛਿੱਕ ਆਉਣ ਵੇਲੇ ਨਿਯਮਤ ਹੱਥ ਧੋਣ ਅਤੇ ਚਿਹਰੇ ਨੂੰ ਢੱਕਣ ਤੋਂ ਇਲਾਵਾ ਚੰਗੀ ਤਰਾਂ ਪਕਾਏ ਗਏ ਘਰ ਦੇ ਭੋਜਨ ਖਾਣ ਨੂੰ ਹੀ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਦਿਨ ਵਿਚ ਦੋ ਵਾਰ ਆਪਣੀ ਕੰਮ ਵਾਲੀ ਥਾਂ ਦੇ ਉਪਕਰਣਾਂ ਜਿਵੇਂ ਲੈਪਟਾਪਸ, ਡੈਸਕਟਾਪਸ, ਮਸ਼ੀਨਾਂ ਆਦਿ ਨੂੰ ਸਾਫ ਅਤੇ ਰੋਗਾਣੂ-ਮੁਕਤ ਕਰਨਾ ਬਹੁਤ ਲੋੜੀਂਦਾ ਹੈ ਅਤੇ ਇਸ ਨੂੰ ਬਹੁਤ ਮਹੱਤਵਪੂਰਣ ਤੌਰ ਤੇ ਯਕੀਨੀ ਬਣਾਉਣਾ ਚਾਹੀਦਾ ਹੈ।

ਪੱਤਰਕਾਰ ਭਾਈਚਾਰੇ ਦੀ ਪੂਰਨ ਭਲਾਈ ਲਈ ਰਾਜ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨਾਂ ਮੁਸ਼ਕਲ ਸਮਿਆਂ ਵਿੱਚ ਮੀਡੀਆ ਵੱਲੋਂ ਨਿਭਾਈ ਵੱਡੀ ਭੂਮਿਕਾ ਨੇ ਹੋਰਨਾਂ ਲਈ ਵੀ ਨਵੇਂ ਮਾਪਦੰਡ ਕਾਇਮ ਕੀਤੇ ਹਨ।

Written By
The Punjab Wire